ਅਮਰੀਕਾ 'ਤੇ ਉਲਟਾ ਪੈ ਗਿਆ Deport ਐਕਸ਼ਨ ! ਮੂਧੇ ਮੂੰਹ ਡਿੱਗੀ ਆਬਾਦੀ ਤੇ ਵਿਕਾਸ ਦਰ
Wednesday, Jan 28, 2026 - 02:53 PM (IST)
ਓਰਲੈਂਡੋ (ਏਜੰਸੀ) : ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਵਾਸੀਆਂ ਖ਼ਿਲਾਫ਼ ਵਿੱਢੀ ਗਈ ਸਖ਼ਤ ਮੁਹਿੰਮ ਦਾ ਅਸਰ ਹੁਣ ਅਮਰੀਕਾ ਦੇ ਅੰਕੜਿਆਂ ਵਿੱਚ ਸਾਫ਼ ਦਿਖਾਈ ਦੇਣ ਲੱਗਾ ਹੈ। 'ਯੂ.ਐੱਸ. ਸੈਂਸਸ ਬਿਊਰੋ' (US Census Bureau) ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ, ਸਾਲ 2025 ਵਿੱਚ ਅਮਰੀਕਾ ਦੀ ਜਨਸੰਖਿਆ ਵਾਧਾ ਦਰ ਘਟ ਕੇ ਸਿਰਫ਼ 0.5% ਰਹਿ ਗਈ ਹੈ, ਜੋ ਕਿ 2024 ਵਿੱਚ ਲਗਭਗ 1% ਸੀ।
ਇਹ ਵੀ ਪੜ੍ਹੋ: ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR
ਪ੍ਰਵਾਸੀਆਂ ਦੀ ਆਮਦ ਵਿੱਚ ਭਾਰੀ ਕਮੀ
ਰਿਪੋਰਟ ਅਨੁਸਾਰ, ਅਮਰੀਕਾ ਦੀ ਕੁੱਲ ਆਬਾਦੀ ਹੁਣ 34.2 ਕਰੋੜ (342 ਮਿਲੀਅਨ) ਦੇ ਕਰੀਬ ਪਹੁੰਚ ਗਈ ਹੈ। ਪਰ ਪ੍ਰਵਾਸੀਆਂ ਦੀ ਗਿਣਤੀ ਵਿੱਚ ਜੋ ਉਛਾਲ ਪਿਛਲੇ ਸਾਲ ਦੇਖਿਆ ਗਿਆ ਸੀ, ਉਹ ਹੁਣ ਮੱਠਾ ਪੈ ਗਿਆ ਹੈ। 2024 ਵਿੱਚ 28 ਲੱਖ ਨਵੇਂ ਪ੍ਰਵਾਸੀ ਅਮਰੀਕਾ ਆਏ ਸਨ ਅਤੇ 2025 ਵਿੱਚ ਇਹ ਗਿਣਤੀ ਘਟ ਕੇ ਸਿਰਫ਼ 13 ਲੱਖ ਰਹਿ ਗਈ ਹੈ। ਪ੍ਰਵਾਸੀਆਂ ਦੀ ਆਮਦ ਵਿੱਚ ਇਸ 50% ਤੋਂ ਵੱਧ ਦੀ ਗਿਰਾਵਟ ਦਾ ਸਿੱਧਾ ਕਾਰਨ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਨੀਤੀਆਂ ਅਤੇ ਸਰਹੱਦਾਂ 'ਤੇ ਕੀਤੀ ਗਈ ਸਖ਼ਤੀ ਨੂੰ ਮੰਨਿਆ ਜਾ ਰਿਹਾ ਹੈ।
ਇਤਿਹਾਸਕ ਗਿਰਾਵਟ ਵੱਲ ਵਧਿਆ ਅਮਰੀਕਾ
ਅੰਕੜੇ ਦੱਸਦੇ ਹਨ ਕਿ ਪਿਛਲੇ 125 ਸਾਲਾਂ ਵਿੱਚ ਸਭ ਤੋਂ ਘੱਟ ਵਾਧਾ ਦਰ 2021 (ਕੋਰੋਨਾ ਕਾਲ) ਵਿੱਚ 0.16% ਦਰਜ ਕੀਤੀ ਗਈ ਸੀ। ਉਸ ਤੋਂ ਪਹਿਲਾਂ 1919 ਵਿੱਚ ਸਪੈਨਿਸ਼ ਫਲੂ ਵੇਲੇ ਇਹ ਦਰ 0.5% ਤੋਂ ਹੇਠਾਂ ਸੀ। ਹੁਣ 2025 ਦੇ ਅੰਕੜੇ ਦਰਸਾਉਂਦੇ ਹਨ ਕਿ ਅਮਰੀਕਾ ਇੱਕ ਵਾਰ ਫਿਰ ਉਸੇ ਨਿਊਨਤਮ ਪੱਧਰ ਦੇ ਕਰੀਬ ਪਹੁੰਚ ਰਿਹਾ ਹੈ।
ਇਹ ਵੀ ਪੜ੍ਹੋ: ਈਰਾਨ ਵੱਲ ਵਧਿਆ ਅਮਰੀਕਾ ਦਾ ਇਕ ਹੋਰ ਜੰਗੀ ਬੇੜਾ ! ਕਿਸੇ ਵੇਲੇ ਵੀ ਹੋ ਸਕਦੈ ਹਮਲਾ
ਕਿਉਂ ਘਟੀ ਰਫ਼ਤਾਰ?
ਸੈਂਸਸ ਬਿਊਰੋ ਦੇ ਵਿਗਿਆਨੀ ਐਰਿਕ ਜੇਨਸਨ ਮੁਤਾਬਕ, ਹੁਣ ਅਮਰੀਕਾ ਆਉਣ ਵਾਲੇ ਲੋਕਾਂ ਦੀ ਗਿਣਤੀ ਘਟ ਰਹੀ ਹੈ ਅਤੇ ਦੇਸ਼ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਹਾਲਾਂਕਿ ਇਹ ਅੰਕੜੇ ਜੁਲਾਈ 2024 ਤੋਂ ਜੁਲਾਈ 2025 ਤੱਕ ਦੇ ਹਨ (ਜਿਸ ਵਿੱਚ ਬਾਈਡਨ ਦੇ ਆਖਰੀ ਦਿਨ ਅਤੇ ਟਰੰਪ ਦੇ ਸ਼ੁਰੂਆਤੀ ਮਹੀਨੇ ਸ਼ਾਮਲ ਹਨ), ਪਰ ਸ਼ਿਕਾਗੋ, ਲਾਸ ਏਂਜਲਸ ਅਤੇ ਮਿਨੀਆਪੋਲਿਸ ਵਰਗੇ ਸ਼ਹਿਰਾਂ ਵਿੱਚ ਚਲਾਈਆਂ ਗਈਆਂ ਤਾਜ਼ਾ 'ਛਾਪੇਮਾਰੀ ਮੁਹਿੰਮਾਂ' ਦਾ ਪੂਰਾ ਅਸਰ ਅਗਲੇ ਅੰਕੜਿਆਂ ਵਿੱਚ ਹੋਰ ਵੀ ਭਿਆਨਕ ਹੋ ਸਕਦਾ ਹੈ।
ਸੈਂਸਸ ਬਿਊਰੋ 'ਚ ਵੀ ਛਾਂਟੀ
ਇੱਕ ਪਾਸੇ ਆਬਾਦੀ ਦੀ ਰਫ਼ਤਾਰ ਘਟੀ ਹੈ, ਦੂਜੇ ਪਾਸੇ ਟਰੰਪ ਸਰਕਾਰ ਦੇ 'ਖ਼ਰਚਾ ਘਟਾਓ' ਮੁਹਿੰਮ ਤਹਿਤ ਸੈਂਸਸ ਬਿਊਰੋ ਦੇ 15% ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਮਾਹਿਰਾਂ ਨੇ ਅੰਕੜਿਆਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਦਾ ਖ਼ਦਸ਼ਾ ਵੀ ਪ੍ਰਗਟਾਇਆ ਹੈ, ਪਰ ਫਿਲਹਾਲ ਇਨ੍ਹਾਂ ਅੰਕੜਿਆਂ ਨੂੰ ਸਹੀ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
