ਟਰੂਡੋ ਸਰਕਾਰ ਦਾ ਅਹਿਮ ਫ਼ੈਸਲਾ, ਵਧਾਈ ਕਾਮਿਆਂ ਦੀ ਤਨਖਾਹ
Sunday, Mar 02, 2025 - 05:56 PM (IST)

ਟੋਰਾਂਟੋ: ਕੈਨੇਡਾ ਵਿਚ ਰਹਿਣ-ਸਹਿਣ ਦੇ ਖਰਚੇ ਨਾਲ ਜੂਝ ਰਹੇ ਪ੍ਰਵਾਸੀਆਂ ਨੂੰ ਫੈਡਰਲ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਇਸ ਦੇ ਤਹਿਤ ਫੈਡਰਲ ਸਰਕਾਰ ਵੱਲੋਂ ਪ੍ਰਤੀ ਘੰਟਾ ਉਜਰਤ ਵਧਾ ਕੇ 17.75 ਡਾਲਰ ਕਰਨ ਦਾ ਐਲਾਨ ਕੀਤਾ ਗਿਆ ਹੈ। ਮਿਹਨਤਾਨੇ ਵਿਚ ਹੋਏ ਵਾਧੇ ਨਾਲ ਪਾਰਟ ਟਾਈਮ ਕੰਮ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਤੌਰ ’ਤੇ ਕੈਨੇਡਾ ਵਿਚ ਮੌਜੂਦ ਕਾਮਿਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਅਕਸਰ ਹੀ ਘੱਟੋ ਘੱਟੋ ਉਜਰਤ ਦਰ ’ਤੇ ਕੰਮ ਕਰਨਾ ਪੈਂਦਾ ਹੈ। ਨਵੀਆਂ ਉਜਰਤ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਇਸ ਐਲਾਨ ਦਾ ਭਾਰਤੀਆਂ ਨੂੰ ਵੀ ਵੱਡਾ ਫ਼ਾਇਦਾ ਹੋਵੇਗਾ। ਫੈਡਰਲ ਸਰਕਾਰ ਵੱਲੋਂ ਇਸ ਗੱਲ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਜੇ ਸੂਬਾ ਸਰਕਾਰ ਵੱਲੋਂ ਤੈਅ ਘੱਟੋ ਘੱਟ ਮਿਹਨਤਾਨਾ, ਫੈਡਰਲ ਸਰਕਾਰ ਦੀ ਉਜਰਤ ਦਰ ਤੋਂ ਵੱਧ ਬਣਦਾ ਹੈ ਤਾਂ ਇੰਪਲੌਇਰਜ਼ ਉਚਾ ਮਿਹਨਤਾਨਾ ਅਦਾ ਕਰਨ ਦੇ ਪਾਬੰਦ ਹੋਣਗੇ।
ਟਰੂਡੋ ਵੱਲੋਂ ਘੱਟੋ ਘੱਟ ਉਜਰਤ ਦਰਾਂ ਵਿਚ ਵਾਧਾ
ਕੈਨੇਡਾ ਦੇ ਰੁਜ਼ਗਾਰ ਅਤੇ ਕਿਰਤੀ ਵਿਕਾਸ ਮੰਤਰੀ ਸਟੀਵਨ ਮੈਕਿਨਨ ਨੇ ਕਿਹਾ ਕਿ ਉਜਰਤਾਂ ਵਿਚ 2.4 ਫ਼ੀਸਦੀ ਵਾਧੇ ਨਾਲ ਕਾਮਿਆਂ ਨੂੰ ਖਰਚਾ ਚਲਾਉਣ ਵਿਚ ਮਦਦ ਮਿਲੇਗੀ ਅਤੇ ਦੇਸ਼ ਦਾ ਅਰਥਚਾਰਾ ਵਧੇਰੇ ਸੁਚੱਜੇ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇਗਾ। ਕੈਨੇਡਾ ਸਰਕਾਰ ਵੱਲੋਂ 2021 ਵਿਚ ਫੈਡਰਲ ਪੱਧਰ ’ਤੇ ਘੱਟੋ ਘੱਟ ਉਜਰਤ ਦਰ ਲਿਆਂਦੀ ਗਈ ਜੋ 15 ਡਾਲਰ ਪ੍ਰਤੀ ਘੰਟਾ ਤੋਂ ਸ਼ੁਰੂ ਹੋ ਕੇ 17.75 ਡਾਲਰ ਤੱਕ ਪੁੱਜ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਚਾਰ ਰਾਜਾਂ ਵੱਲੋਂ ਪਿਛਲੇ ਸਾਲ ਅਕਤੂਬਰ ਤੋਂ ਘੱਟੋ ਘੱਟ ਉਜਰਤਾਂ ਵਿਚ ਵਾਧਾ ਕੀਤਾ ਗਿਆ। ਓਂਟਾਰੀਓ ਵਿਚ ਕਿਰਤੀਆਂ ਨੂੰ 17.20 ਡਾਲਰ ਪ੍ਰਤੀ ਘੰਟਾ ਦੀ ਘੱਟੋ ਘੱਟ ਉਜਰਤ ਮਿਲ ਰਹੀ ਹੈ ਅਤੇ ਹਫ਼ਤੇ ਵਿਚ 40 ਘੰਟੇ ਕੰਮ ਕਰਨ ਵਾਲਿਆਂ ਨੂੰ ਸਾਲਾਨਾ 1,355 ਡਾਲਰ ਦਾ ਫ਼ਾਇਦਾ ਹੋਣ ਦੇ ਆਸਾਰ ਹਨ। ਦੂਜੇ ਪਾਸੇ ਮੈਨੀਟੋਬਾ ਵਿਚ ਕਿਰਤੀਆਂ ਦਾ ਘੱਟੋ ਘੱਟ ਪ੍ਰਤੀ ਘੰਟਾ ਮਿਹਨਤਾਨਾ 15.80 ਡਾਲਰ ਕਰ ਦਿਤਾ ਗਿਆ। ਇਸੇ ਤਰ੍ਹਾਂ ਪ੍ਰਿੰਸ ਐਡਵਰਡ ਆਇਲੈਂਡ ਵਿਚ ਕਿਰਤੀਆਂ ਨੂੰ 16 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲ ਰਹੀ ਹੈ। ਫੈਡਰਲ ਸਰਕਾਰ ਵੱਲੋਂ 1 ਅਪ੍ਰੈਲ ਤੋਂ ਲਾਗੂ ਕੀਤੀ ਜਾ ਰਹੀ ਉਜਰਤ ਦਰ ਚਾਰੇ ਰਾਜਾਂ ਤੋਂ ਵੱਧ ਬਣਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-H-1B ਵੀਜ਼ਾ: ਅਮਰੀਕੀਆਂ ਨਾਲੋਂ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦੇਣ ਵਾਲੇ ਮਾਲਕਾਂ ਨੂੰ ਚਿਤਾਵਨੀ
ਵਿਦਿਆਰਥੀਆਂ ਤੇ ਕਾਮਿਆਂ ਨੂੰ ਰਾਹਤ
ਮੀਡੀਆ ਰਿਪੋਰਟ ਮੁਤਾਬਕ 2023 ਦੌਰਾਨ ਓਂਟਾਰੀਓ ਵਿਚ 9 ਲੱਖ 35 ਹਜ਼ਾਰ ਕਿਰਤੀ 17.20 ਡਾਲਰ ਪ੍ਰਤੀ ਘੰਟਾ ਜਾਂ ਇਸ ਤੋਂ ਘੱਟ ਉਜਰਤ ਦਰ ’ਤੇ ਕੰਮ ਕਰ ਰਹੇ ਸਨ। ਵਿਦਿਆਰਥੀਆਂ ਦੀ ਘੱਟੋ ਘੱਟ ਉਜਰਤ ਦਰ 16.20 ਡਾਲਰ ਤੈਅ ਕੀਤੀ ਗਈ ਜੋ ਪਹਿਲਾਂ 15.60 ਡਾਲਰ ਪ੍ਰਤੀ ਘੰਟਾ ਚੱਲ ਰਹੀ ਸੀ। ਕੈਨੇਡਾ ਵਿਚ ਬੀ.ਸੀ. ਤੋਂ ਬਾਅਦ ਓਂਟਾਰੀਓ ਵਿਚ ਕਿਰਤੀਆਂ ਨੂੰ ਸਭ ਤੋਂ ਵੱਧ ਮਿਹਨਤਾਨਾ ਮਿਲ ਰਿਹਾ ਹੈ। ਸੂਬੇ ਦੇ ਰਿਟੇਲ ਸੈਕਟਰ ਵਿਚ 35 ਫ਼ੀਸਦੀ ਕਿਰਤੀ ਘੱਟੋ ਘੱਟ ਉਜਰਤ ਦਰ ਜਾਂ ਇਸ ਤੋਂ ਵੀ ਘੱਟ ਮਿਹਨਤਾਨੇ ’ਤੇ ਕੰਮ ਕਰ ਰਹੇ ਹਨ ਜਦਕਿ ਅਕੌਮੋਡੇਸ਼ਨ ਅਤੇ ਫੂਡ ਸਰਵਿਸਿਜ਼ ਸੈਕਟਰ ਵਿਚ ਕਿਰਤੀਆਂ ਦਾ ਅੰਕੜਾ 24 ਫ਼ੀਸਦੀ ਬਣਦਾ ਹੈ। ਪ੍ਰਿੰਸ ਐਡਵਰਡ ਆਇਲੈਂਡ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬੇ ਦੇ ਕਿਰਤੀਆਂ ਨੂੰ 2024 ਦੇ ਆਰੰਭ ਵਿਚ 40 ਸੈਂਟ ਦਾ ਵਾਧਾ ਮਿਲਿਆ ਅਤੇ ਅਕਤੂਬਰ ਵਿਚ 60 ਸੈਂਟ ਦਾ ਨਵਾਂ ਵਾਧਾ ਮਿਲ ਗਿਆ। ਇਸੇ ਦੌਰਾਨ ਮੈਨੀਟੋਬਾ ਚੈਂਬਰ ਆਫ ਕਾਮਰਸ ਦੇ ਚਕ ਡੇਵਿਡਸਨ ਨੇ ਦੱਸਿਆ ਕਿ ਕਿਰਤੀਆਂ ਦਾ ਮਿਹਨਤਾਨਾ ਮਹਿੰਗਾਈ ਦੇ ਹਿਸਾਬ ਨਾਲ ਵਧ ਰਿਹਾ ਹੈ। ਮੈਨੀਟੋਬਾ ਦੇ ਹਰ ਚਾਰ ਕਿਰਤੀਆਂ ਵਿਚੋਂ ਇਕ ਜਾਂ ਤਕਰੀਬਨ 1 ਲੱਖ 71 ਹਜ਼ਾਰ ਕਿਰਤੀ ਘੱਟੋ ਘੱਟ ਉਜਰਤ ਦਰ ਜਾਂ 19.21 ਡਾਲਰ ਦੀ ਲਿਵਿੰਗ ਵੇਜ ਦਰਮਿਆਨ ਕੰਮ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।