ਟਰੱਕ ਡਰਾਈਵਰਾਂ ਲਈ ਖੁਸ਼ਖ਼ਬਰੀ! ਕੈਨੇਡਾ ਸਰਕਾਰ ਨੇ ਨਵਾਂ ਨਿਯਮ ਕੀਤਾ ਲਾਗੂ
Thursday, May 28, 2026 - 01:35 PM (IST)
ਟੋਰਾਂਟੋ- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (B.C.) ਵਿੱਚ ਸੜਕ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਸੂਬਾ ਸਰਕਾਰ ਵੱਲੋਂ ਵਪਾਰਕ ਟਰੱਕਾਂ ਵਿੱਚ ਡੈਸ਼ ਕੈਮਰੇ (Dash Cameras) ਲਗਾਉਣਾ ਲਾਜ਼ਮੀ ਕਰਨ ਲਈ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ ਹੈ। ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਸਰਵਸੰਮਤੀ ਨਾਲ ਸਮਰਥਨ ਮਿਲਿਆ ਹੈ। ਇਸ ਬਿੱਲ ਦਾ ਪੰਜਾਬੀ ਟਰੱਕ ਡਰਾਈਵਰਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਇਹ ਕੈਮਰੇ ਡਰਾਈਵਰਾਂ ਨੂੰ ਬੇਕਸੂਰ ਸਾਬਤ ਕਰਨ ਵਿੱਚ ਮਦਦਗਾਰ ਹੋਣਗੇ। ਇੱਥੇ ਦੱਸ ਦਈਏ ਕਿ ਵੱਡੀ ਗਿਣਤੀ ਵਿਚ ਪੰਜਾਬੀ ਮੂਲ ਦੇ ਲੋਕ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਟਰੱਕ ਚਲਾਉਣ ਦਾ ਕੰਮ ਕਰਦੇ ਹਨ। ਨਵੇਂ ਨਿਯਮ ਨਾਲ ਟਰੱਕ ਡਰਾਈਵਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।
ਨਵੇਂ ਕਾਨੂੰਨ ਦੇ ਤਹਿਤ ਟਰੱਕਾਂ ਵਿੱਚ ਲੱਗਣ ਵਾਲੇ ਕੈਮਰਿਆਂ ਲਈ ਕੁਝ ਖ਼ਾਸ ਨਿਯਮ ਤੈਅ ਕੀਤੇ ਗਏ ਹਨ:
-ਕੈਮਰੇ ਸਿਰਫ਼ ਸਾਹਮਣੇ ਵਾਲੇ ਪਾਸੇ ਦੇ ਹੋਣੇ ਚਾਹੀਦੇ ਹਨ।
-ਵੀਡੀਓ ਕੁਆਲਿਟੀ ਹਾਈ ਡੈਫੀਨੇਸ਼ਨ (HD) ਹੋਣੀ ਲਾਜ਼ਮੀ ਹੈ।
-ਕੈਮਰਿਆਂ ਵਿੱਚ ਨਾਈਟ ਵਿਜ਼ਨ ਦੀ ਸਹੂਲਤ ਹੋਣੀ ਚਾਹੀਦੀ ਹੈ।
-ਕੈਮਰੇ ਵਿੱਚ ਘੱਟੋ-ਘੱਟ 72 ਘੰਟਿਆਂ ਦੀ ਫੁਟੇਜ ਸੁਰੱਖਿਅਤ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪਿਊਸ਼ ਗੋਇਲ ਨੇ 'ਕਨਿਸ਼ਕ' ਕਾਂਡ ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ; ਪਰਿਵਾਰਾਂ ਨਾਲ ਵੰਡਾਇਆ ਦੁੱਖ
ਇਸ ਬਿੱਲ ਨੂੰ ਪੇਸ਼ ਕਰਨ ਵਾਲੇ ਐਮ.ਐਲ.ਏ. ਵਾਰਡ ਸਟੈਮਰ ਨੇ ਕਿਹਾ ਕਿ ਹਾਦਸਿਆਂ ਤੋਂ ਬਾਅਦ ਪੁਲਿਸ (RCMP) ਸਭ ਤੋਂ ਪਹਿਲਾਂ ਡੈਸ਼ ਕੈਮਰਾ ਫੁਟੇਜ ਦੀ ਮੰਗ ਕਰਦੀ ਹੈ। ਇਹ ਕੈਮਰੇ ਇਹ ਨਿਰਧਾਰਤ ਕਰਨ ਵਿੱਚ ਮਦਦ ਕਰਨਗੇ ਕਿ ਹਾਦਸੇ ਵਿੱਚ ਕਿਸ ਦੀ ਗ਼ਲਤੀ ਸੀ। ਬ੍ਰਿਟਿਸ਼ ਕੋਲੰਬੀਆ ਟਰੱਕਿੰਗ ਐਸੋਸੀਏਸ਼ਨ (BCTA) ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅੰਕੜੇ ਦੱਸਦੇ ਹਨ ਕਿ 75 ਫੀਸਦੀ ਹਾਦਸਿਆਂ ਵਿੱਚ ਭਾਰੀ ਵਪਾਰਕ ਵਾਹਨਾਂ ਦੀ ਕੋਈ ਗ਼ਲਤੀ ਨਹੀਂ ਹੁੰਦੀ। ਇਹ ਕੈਮਰੇ ਡਰਾਈਵਰਾਂ ਨੂੰ ਬੇਕਸੂਰ ਸਾਬਤ ਕਰਨ ਵਿੱਚ ਵੀ ਮਦਦਗਾਰ ਹੋਣਗੇ।
ਹਾਲਾਂਕਿ ਇਸ ਕਦਮ ਦਾ ਸਵਾਗਤ ਹੋ ਰਿਹਾ ਹੈ, ਪਰ ਕੁਝ ਟਰੱਕਿੰਗ ਕੰਪਨੀਆਂ ਨੇ ਚਿੰਤਾਵਾਂ ਵੀ ਜ਼ਾਹਿਰ ਕੀਤੀਆਂ ਹਨ। ਡੈਲਟਾ ਸਥਿਤ ਕਿੰਬਰਲੀ ਟ੍ਰਾਂਸਪੋਰਟ ਦੇ ਪ੍ਰਧਾਨ ਟੌਮ ਜੌਹਨਸਨ ਨੇ ਸਵਾਲ ਉਠਾਇਆ ਹੈ ਕਿ ਜੇਕਰ ਹਾਦਸੇ ਵੇਲੇ ਕੈਮਰਾ ਤਕਨੀਕੀ ਖ਼ਰਾਬੀ ਕਾਰਨ ਕੰਮ ਨਾ ਕਰ ਰਿਹਾ ਹੋਵੇ, ਤਾਂ ਬੀਮਾ ਤੇ ਕੀ ਅਸਰ ਪਵੇਗਾ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਨੂੰ ਲਾਜ਼ਮੀ ਕਰਨ ਦੀ ਬਜਾਏ, ਕੈਮਰੇ ਲਗਾਉਣ ਵਾਲੀਆਂ ਕੰਪਨੀਆਂ ਨੂੰ ਬੀਮੇ ਦੀਆਂ ਕਿਸ਼ਤਾਂ ਵਿੱਚ ਛੋਟ ਦੇ ਕੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਟਰੱਕਿੰਗ ਐਸੋਸੀਏਸ਼ਨ ਦਾ ਇਹ ਵੀ ਕਹਿਣਾ ਹੈ ਕਿ ਇਹ ਨਿਯਮ ਪੂਰੇ ਕੈਨੇਡਾ ਵਿੱਚ ਇੱਕੋ ਜਿਹੇ ਹੋਣੇ ਚਾਹੀਦੇ ਹਨ ਤਾਂ ਜੋ ਦੂਜੇ ਸੂਬਿਆਂ ਵਿੱਚ ਜਾਣ ਵਾਲੇ ਟਰੱਕਾਂ ਲਈ ਕੋਈ ਮੁਸ਼ਕਲ ਪੈਦਾ ਨਾ ਹੋਵੇ। ਦੱਸਣਯੋਗ ਹੈ ਕਿ ਬੀ.ਸੀ. ਵਿੱਚ ਚੱਲ ਰਹੇ ਲਗਭਗ 65,000 ਭਾਰੀ ਵਪਾਰਕ ਵਾਹਨਾਂ ਵਿੱਚੋਂ 70 ਫੀਸਦੀ ਵਿੱਚ ਪਹਿਲਾਂ ਹੀ ਡੈਸ਼ ਕੈਮਰੇ ਲੱਗੇ ਹੋਏ ਹਨ। ਫਿਲਹਾਲ ਇਹ ਨਿਯਮ ਕਦੋਂ ਤੋਂ ਲਾਗੂ ਹੋਣਗੇ, ਇਸ ਦੀ ਤਾਰੀਖ਼ ਤੈਅ ਹੋਣੀ ਬਾਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
