ਅਮਰੀਕਾ 'ਚ ਦਰਦਨਾਕ ਹਾਦਸਾ: ਚੱਟਾਨ ਤੋਂ ਫਿਸਲ ਕੇ ਸਮੁੰਦਰ 'ਚ ਡਿੱਗੀ ਕਾਰ, ਭਾਰਤੀ ਵਿਦਿਆਰਥਣ ਦੀ ਮੌਤ

Monday, Aug 24, 2026 - 03:51 AM (IST)

ਅਮਰੀਕਾ 'ਚ ਦਰਦਨਾਕ ਹਾਦਸਾ: ਚੱਟਾਨ ਤੋਂ ਫਿਸਲ ਕੇ ਸਮੁੰਦਰ 'ਚ ਡਿੱਗੀ ਕਾਰ, ਭਾਰਤੀ ਵਿਦਿਆਰਥਣ ਦੀ ਮੌਤ

ਸਾਂਤਾ ਕਰੂਜ਼ (ਅਮਰੀਕਾ) : ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਸਾਂਤਾ ਕਰੂਜ਼ (UC Santa Cruz) ਦੀ ਭਾਰਤੀ ਮੂਲ ਦੀ 19 ਸਾਲਾ ਵਿਦਿਆਰਥਣ ਐਲੀ ਰੇਨੀ ਸਿੰਘ ਦੀ ਕਾਰ ਚੱਟਾਨ ਤੋਂ ਫਿਸਲ ਕੇ ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਐਲੀ ਆਪਣੀ ਪੜ੍ਹਾਈ ਦੇ ਤੀਜੇ ਸਾਲ ਦੀ ਸ਼ੁਰੂਆਤ ਕਰਨ ਲਈ ਯੂਨੀਵਰਸਿਟੀ ਪਰਤਣ ਦੀ ਤਿਆਰੀ ਕਰ ਰਹੀ ਸੀ। 

ਅੱਧੀ ਰਾਤ ਨੂੰ ਵਾਪਰਿਆ ਹਾਦਸਾ 

ਪਰਿਵਾਰਕ ਮੈਂਬਰਾਂ ਅਤੇ ਰਿਪੋਰਟਾਂ ਅਨੁਸਾਰ, ਇਹ ਹਾਦਸਾ 23 ਅਗਸਤ ਨੂੰ ਸਥਾਨਕ ਸਮੇਂ ਮੁਤਾਬਕ ਰਾਤ ਦੇ ਕਰੀਬ 12:50 ਵਜੇ ਵਾਪਰਿਆ। ਐਲੀ ਰੇਨੀ ਸਿੰਘ ਆਪਣੇ ਇੱਕ ਪੁਰਸ਼ ਸਾਥੀ ਨਾਲ ਕਾਰ ਵਿੱਚ ਸਵਾਰ ਸੀ, ਜੋ ਕਾਰ ਚਲਾ ਰਿਹਾ ਸੀ। ਸਾਂਤਾ ਕਰੂਜ਼ ਦੇ ਮਸ਼ਹੂਰ ਤੱਟਵਰਤੀ ਇਲਾਕੇ 'ਵੈਸਟ ਕਲਿਫ਼ ਡਰਾਈਵ' 'ਤੇ ਸਟੀਮਰ ਲੇਨ ਦੇ ਨੇੜੇ ਅਚਾਨਕ ਕਾਰ ਚੱਟਾਨ ਤੋਂ ਫਿਸਲ ਗਈ ਅਤੇ ਸਿੱਧੀ ਹੇਠਾਂ ਪ੍ਰਸ਼ਾਂਤ ਮਹਾਸਾਗਰ ਵਿੱਚ ਜਾ ਡਿੱਗੀ।

ਇਹ ਵੀ ਪੜ੍ਹੋ : ਗਿਨੀ 'ਚ ਕੂੜੇ ਦਾ ਪਹਾੜ ਡਿੱਗਣ ਨਾਲ ਵੱਡਾ ਹਾਦਸਾ: 30 ਦੀ ਮੌਤ, ਮਲਬੇ 'ਚ ਦੱਬੇ ਕਈ ਲੋਕਾਂ ਦੀ ਭਾਲ ਜਾਰੀ  

ਬਚਾਅ ਕਾਰਜਾਂ 'ਚ ਆਈਆਂ ਭਾਰੀ ਮੁਸ਼ਕਲਾਂ

ਕਾਰ ਦੇ ਸਮੁੰਦਰ ਵਿੱਚ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਰਾਹਤ ਅਤੇ ਬਚਾਅ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ। ਇਸ ਬਚਾਅ ਅਭਿਆਨ ਵਿੱਚ ਸਾਂਤਾ ਕਰੂਜ਼ ਫਾਇਰ ਡਿਪਾਰਟਮੈਂਟ ਦੀਆਂ ਸਾਰੀਆਂ ਪੰਜ ਯੂਨਿਟਾਂ, ਸੈਂਟਰਲ ਫਾਇਰ ਡਿਸਟ੍ਰਿਕਟ ਦੀਆਂ ਤਿੰਨ ਯੂਨਿਟਾਂ, ਸਕੌਟਸ ਵੈਲੀ ਫਾਇਰ ਦੇ ਇੱਕ ਬਟਾਲੀਅਨ ਚੀਫ਼ ਅਤੇ ਸਾਂਤਾ ਕਰੂਜ਼ ਪੁਲਿਸ ਨੇ ਹਿੱਸਾ ਲਿਆ। ਉੱਚੀਆਂ ਚੱਟਾਨਾਂ, ਸਮੁੰਦਰ ਦੀਆਂ ਤੇਜ਼ ਲਹਿਰਾਂ ਅਤੇ ਖ਼ਤਰਨਾਕ ਸਥਿਤੀ ਕਾਰਨ ਬਚਾਅ ਕਰਮਚਾਰੀਆਂ (ਰੈਸਕਿਊ ਸਵਿਮਰਜ਼) ਨੂੰ ਕਾਰ ਤੱਕ ਪਹੁੰਚਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਦਸੇ ਤੋਂ ਬਾਅਦ ਲਾਲ ਰੰਗ ਦੀ ਕਾਰ ਨੂੰ ਕਰੇਨ ਦੀ ਮਦਦ ਨਾਲ ਸਮੁੰਦਰ ਵਿੱਚੋਂ ਬਾਹਰ ਕੱਢਿਆ ਗਿਆ। ਕਾਰ ਚਲਾ ਰਿਹਾ ਨੌਜਵਾਨ ਕਿਸੇ ਤਰ੍ਹਾਂ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ : ਰਾਸ਼ਟਰਗਾਨ ਦੌਰਾਨ ਪ੍ਰੋਗਰਾਮ ਤੋਂ ਰਵਾਨਾ ਹੋਏ ਉੱਤਰ ਪ੍ਰਦੇਸ਼ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ, ਵੀਡੀਓ ਵਾਇਰਲ 

ਪਰਿਵਾਰ ਅਤੇ ਯੂਨੀਵਰਸਿਟੀ 'ਚ ਸੋਗ ਦੀ ਲਹਿਰ 

ਐਲੀ ਰੇਨੀ ਸਿੰਘ ਦੀ ਬੇਵਕਤੀ ਮੌਤ ਨਾਲ ਉਸਦੇ ਪਰਿਵਾਰ ਅਤੇ ਦੋਸਤਾਂ ਵਿੱਚ ਗਹਿਰਾ ਸੋਗ ਛਾ ਗਿਆ ਹੈ। ਉਸਦੀ ਮਾਸੀ ਮੋਨਿਕਾ ਸਿੰਘ-ਸਟ੍ਰੋਹਮਾਇਰ ਨੇ ਫੇਸਬੁੱਕ 'ਤੇ ਇਸ ਦੁਖਦ ਖ਼ਬਰ ਨੂੰ ਸਾਂਝਾ ਕੀਤਾ। ਦੂਜੇ ਪਾਸੇ, ਯੂਨੀਵਰਸਿਟੀ ਪ੍ਰਸ਼ਾਸਨ ਨੇ ਵੀ ਇਸ ਮੰਦਭਾਗੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਯੂਨੀਵਰਸਿਟੀ ਦੇ ਬੁਲਾਰੇ ਸਕੌਟ ਹਰਨਾਂਡੇਜ਼-ਜੇਸਨ ਨੇ ਪੀੜਤ ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਹਾਦਸੇ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਵੈਸਟ ਕਲਿਫ਼ ਡਰਾਈਵ ਸਾਂਤਾ ਕਰੂਜ਼ ਦੇ ਸਭ ਤੋਂ ਪ੍ਰਸਿੱਧ ਤੱਟਵਰਤੀ ਇਲਾਕਿਆਂ ਵਿੱਚੋਂ ਇੱਕ ਹੈ, ਜੋ ਆਪਣੇ ਖੂਬਸੂਰਤ ਨਜ਼ਾਰਿਆਂ ਲਈ ਸੈਲਾਨੀਆਂ ਅਤੇ ਸਰਫਰਾਂ ਵਿੱਚ ਕਾਫ਼ੀ ਪ੍ਰਸਿੱਧ ਹੈ, ਪਰ ਇੱਥੋਂ ਦੀਆਂ ਚੱਟਾਨਾਂ ਅਤੇ ਸਮੁੰਦਰ ਕਾਫ਼ੀ ਖ਼ਤਰਨਾਕ ਮੰਨੇ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News