ਅਮਰੀਕਾ ਦਾ ਪ੍ਰਵਾਸੀਆਂ ਨੂੰ ਇਕ ਹੋਰ ਕਰਾਰਾ ਝਟਕਾ ! ਨਵਾਂ ਨਿਯਮ ਹੋਇਆ ਲਾਗੂ, ਜੇਬ 'ਤੇ ਪਵੇਗਾ ਸਿੱਧਾ ਅਸਰ
Saturday, Jan 24, 2026 - 12:42 PM (IST)
ਵਾਸ਼ਿੰਗਟਨ (ਏਜੰਸੀ) : ਅਮਰੀਕਾ ਵਿੱਚ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ, ਖਾਸ ਕਰਕੇ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਉਣ ਵਾਲਾ ਸਮਾਂ ਚੁਣੌਤੀਪੂਰਨ ਹੋ ਸਕਦਾ ਹੈ। ਅਮਰੀਕੀ ਪ੍ਰਸ਼ਾਸਨ ਨੇ 'ਰੀਅਲ ਆਈਡੀ' (Real ID) ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ, ਜਿਸ ਨਾਲ ਹਵਾਈ ਅੱਡਿਆਂ 'ਤੇ ਪਛਾਣ ਦੀ ਪੁਸ਼ਟੀ ਕਰਨ ਦੇ ਨਿਯਮ ਹੋਰ ਸਖ਼ਤ ਹੋ ਜਾਣਗੇ।
ਬਿਨਾਂ ਸਹੀ ID ਦੇ ਦੇਣਾ ਪਵੇਗਾ $45 ਦਾ ਜੁਰਮਾਨਾ
ਟਰਾਂਸਪੋਰਟੇਸ਼ਨ ਸਕਿਓਰਿਟੀ ਐਡਮਿਨਿਸਟ੍ਰੇਸ਼ਨ (TSA) ਨੇ ਇੱਕ ਨਵਾਂ "Confirm ID" ਪ੍ਰੋਗਰਾਮ ਉਲੀਕਿਆ ਹੈ। ਇਸ ਤਹਿਤ ਜੇਕਰ ਕਿਸੇ ਯਾਤਰੀ ਕੋਲ 'ਰੀਅਲ ਆਈਡੀ' ਦੇ ਮਾਪਦੰਡਾਂ ਮੁਤਾਬਕ ਦਸਤਾਵੇਜ਼ ਨਹੀਂ ਹਨ, ਤਾਂ ਉਸ ਨੂੰ ਵਾਧੂ ਪਛਾਣ ਪੜਤਾਲ ਲਈ 45 ਡਾਲਰ (ਲਗਭਗ 3,700 ਰੁਪਏ) ਦੀ ਫੀਸ ਦੇਣੀ ਪਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੀਸ ਵਾਧੂ ਸਕ੍ਰੀਨਿੰਗ ਦੇ ਖਰਚੇ ਨੂੰ ਪੂਰਾ ਕਰਨ ਲਈ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਵੱਡੀ ਖ਼ਬਰ: ਭਾਰਤੀ ਵਿਅਕਤੀ ਨੇ ਪਤਨੀ ਸਣੇ 4 ਰਿਸ਼ਤੇਦਾਰਾਂ ਨੂੰ ਗੋਲੀਆਂ ਨਾਲ ਭੁੰਨਿਆ!
ਵਿਦਿਆਰਥੀਆਂ ਅਤੇ ਪ੍ਰਵਾਸੀਆਂ 'ਤੇ ਪਵੇਗਾ ਵੱਡਾ ਅਸਰ
ਅਮਰੀਕੀ ਸੰਸਦ ਮੈਂਬਰਾਂ ਨੇ ਚਿੰਤਾ ਜਤਾਈ ਹੈ ਕਿ ਇਹ ਨਵੇਂ ਨਿਯਮ ਸਭ ਤੋਂ ਵੱਧ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹਾਲ ਹੀ ਵਿੱਚ ਅਮਰੀਕਾ ਆਏ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰਨਗੇ, ਜੋ ਅਜੇ ਵੀਜ਼ਾ ਤਬਦੀਲੀ ਜਾਂ ਦਸਤਾਵੇਜ਼ੀ ਪ੍ਰਕਿਰਿਆਵਾਂ ਵਿੱਚ ਉਲਝੇ ਹੋਏ ਹਨ। ਦਸਤਾਵੇਜ਼ ਬਣਨ ਵਿੱਚ ਹੋਣ ਵਾਲੀ ਦੇਰੀ ਕਾਰਨ ਇਨ੍ਹਾਂ ਯਾਤਰੀਆਂ ਨੂੰ ਹਵਾਈ ਅੱਡਿਆਂ 'ਤੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਿਉਂ ਲਾਗੂ ਕੀਤੇ ਜਾ ਰਹੇ ਹਨ ਸਖ਼ਤ ਨਿਯਮ?
TSA ਦੀ ਕਾਰਜਕਾਰੀ ਪ੍ਰਸ਼ਾਸਕ ਹਾ ਨਗੁਏਨ ਮੈਕਨੀਲ ਨੇ ਕਿਹਾ ਕਿ ਹਵਾਈ ਸੁਰੱਖਿਆ ਲਈ 'ਰੀਅਲ ਆਈਡੀ' ਲਾਗੂ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਲਗਭਗ 6 ਫੀਸਦੀ ਯਾਤਰੀ ਅਜੇ ਵੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ, ਜਿਸ ਕਾਰਨ ਏਅਰਪੋਰਟ ਸਟਾਫ਼ 'ਤੇ ਬੋਝ ਵਧਦਾ ਹੈ।
ਹਵਾਈ ਅੱਡਿਆਂ 'ਤੇ ਲੱਗ ਸਕਦੀਆਂ ਹਨ ਲੰਬੀਆਂ ਲਾਈਨਾਂ
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਖ਼ਤ ਸਕ੍ਰੀਨਿੰਗ ਅਤੇ ਨਵੀਂ ਫੀਸ ਕਾਰਨ ਹਵਾਈ ਅੱਡਿਆਂ 'ਤੇ ਉਡੀਕ ਦਾ ਸਮਾਂ ਵਧ ਸਕਦਾ ਹੈ, ਜਿਸ ਨਾਲ ਮੁਸਾਫ਼ਰਾਂ ਦੀਆਂ ਫਲਾਈਟਾਂ ਮਿਸ ਹੋਣ ਦਾ ਖ਼ਤਰਾ ਵੀ ਰਹੇਗਾ। ਖ਼ਾਸ ਕਰਕੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ, ਜਦੋਂ ਲੱਖਾਂ ਲੋਕ ਸਫ਼ਰ ਕਰਦੇ ਹਨ, ਇਹ ਨਿਯਮ ਵੱਡੀ ਉਲਝਣ ਪੈਦਾ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
