ਛੋਟੀ ਉਮਰ 'ਚ ਪਹਿਲਾ ਅੰਦੋਲਨ, ਇਕੱਲੇ ਮਾਂ ਨੇ ਪਾਲਿਆ, ਜਾਣੋ ਆਸਟ੍ਰੇਲੀਆ ਦੇ ਨਵੇਂ PM ਦੀ ਦਿਲਚਸਪ ਕਹਾਣੀ

Sunday, May 22, 2022 - 12:01 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਵਿੱਚ ਸੱਤਾ ਤਬਦੀਲੀ ਹੋਈ ਹੈ। ਸਕੌਟ ਮੌਰੀਸਨ ਦੀ ਲਿਬਰਲ ਪਾਰਟੀ ਆਮ ਚੋਣਾਂ ਹਾਰ ਗਈ ਹੈ ਅਤੇ ਮੁੱਖ ਵਿਰੋਧੀ ਲੇਬਰ ਪਾਰਟੀ ਨੂੰ ਬੜਤ ਹਾਸਲ ਹੋਈ ਹੈ। ਹੁਣ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਾਨੀਜ਼ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਆਸਟ੍ਰੇਲੀਆ ਦੀ ਸੱਤਾ 'ਚ ਕਰੀਬ ਇਕ ਦਹਾਕੇ ਤੱਕ ਕਾਬਿਜ਼ ਰਹਿਣ ਤੋਂ ਬਾਅਦ ਹੁਣ ਲਿਬਰਲ ਪਾਰਟੀ ਵਿਰੋਧੀ ਧਿਰ 'ਚ ਬੈਠੇਗੀ। ਐਂਥਨੀ ਐਲਬਨੀਜ਼, ਜਿਸ ਨੂੰ 'ਅਲਬੋ' ਵੀ ਕਿਹਾ ਜਾਂਦਾ ਹੈ, ਮਜ਼ਦੂਰ ਵਰਗ ਦੀ ਪਿੱਠਭੂਮੀ ਤੋਂ ਆਉਣ ਵਾਲੇ ਇੱਕ ਵਿਹਾਰਕ ਆਗੂ ਹਨ, ਜਿਸ ਨੇ ਦੇਸ਼ ਵਿੱਚ ਵੰਡ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ ਹੈ।

PunjabKesari

ਉੱਧਰ ਸਕੌਟ ਮੌਰੀਸਨ ਨੇ ਸ਼ਨੀਵਾਰ ਨੂੰ ਚੋਣ ਵਿੱਚ ਆਪਣੀ ਹਾਰ ਸਵੀਕਾਰ ਕਰ ਲਈ। ਲੇਬਰ ਪਾਰਟੀ ਦੇ ਨੇਤਾ ਅਲਬਾਨੀਜ਼ ਨੇ ਕਿਹਾ ਕਿ ਮੈਂ ਦੇਸ਼ ਨੂੰ ਇਕਜੁੱਟ ਕਰਨਾ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਲੋਕ ਇਕੱਠੇ ਹੋਣਾ ਚਾਹੁੰਦੇ ਹਨ, ਸਾਡੇ ਸਾਂਝੇ ਹਿੱਤਾਂ ਦੀ ਭਾਲ ਕਰਨਾ ਚਾਹੁੰਦੇ ਹਨ, ਸਾਂਝੇ ਉਦੇਸ਼ ਦੀ ਭਾਵਨਾ ਨੂੰ ਦੇਖਦੇ ਹਨ। ਮੈਨੂੰ ਲੱਗਦਾ ਹੈ ਕਿ ਲੋਕਾਂ ਵਿੱਚ ਬਹੁਤ ਜ਼ਿਆਦਾ ਵੰਡ ਹੈ। ਜਨਤਾ ਇੱਕ ਰਾਸ਼ਟਰ ਦੇ ਰੂਪ ਵਿੱਚ ਇਕੱਠੇ ਹੋਣਾ ਚਾਹੁੰਦੀ ਹੈ ਅਤੇ ਮੈਂ ਇਸਦੀ ਅਗਵਾਈ ਕਰਨ ਦਾ ਇਰਾਦਾ ਰੱਖਦਾ ਹਾਂ।

26 ਸਾਲਾਂ ਤੋਂ ਆਸਟ੍ਰੇਲੀਅਨ ਸੰਸਦ ਦੇ ਮੈਂਬਰ
ਐਂਥਨੀ ਅਲਬਾਨੀਜ਼ 26 ਸਾਲਾਂ ਤੋਂ ਆਸਟ੍ਰੇਲੀਆ ਦੀ ਸੰਸਦ ਦੇ ਮੈਂਬਰ ਹਨ। 2 ਮਾਰਚ 1963 ਨੂੰ ਸਿਡਨੀ 'ਚ ਜਨਮੇ 59 ਸਾਲਾ ਐਲਬੋ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਹੋਣਗੇ। ਇਕੱਲੀ ਮਾਂ ਦਾ ਪੁੱਤਰ ਅਲਬਾਨੀਜ਼ 1996 ਵਿਚ ਪਹਿਲੀ ਵਾਰ ਸੰਸਦ ਮੈਂਬਰ ਬਣਿਆ, ਜਦੋਂ ਜਾਨ ਹਾਵਰਡ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਅਰਥ ਸ਼ਾਸਤਰ ਦੇ ਵਿਦਿਆਰਥੀ ਅਲਬਾਨੀਜ਼, ਕੇਵਿਨ ਰੁਡ ਅਤੇ ਜੂਲੀਆ ਗਿਲਾਰਡ ਸਰਕਾਰਾਂ ਵਿੱਚ ਮੰਤਰੀ ਵਜੋਂ ਕੰਮ ਕਰ ਚੁੱਕੇ ਹਨ। ਉਹ 2013 ਵਿੱਚ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਵੀ ਬਣੇ ਅਤੇ 2019 ਤੋਂ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾ ਰਹੇ ਹਨ।

PunjabKesari

ਜਾਣੋ ਐਂਥਨੀ ਦੇ ਮਾਤਾ-ਪਿਤਾ ਬਾਰੇ
ਐਂਥਨੀ ਦੇ ਪਿਤਾ ਦਾ ਨਾਂ ਕਾਰਲੋ ਅਲਬਾਨੀਜ਼ ਅਤੇ ਮਾਂ ਦਾ ਨਾਂ ਮੈਰੀਐਨ ਐਲੇਰੀ ਹੈ। ਕਾਰਲੋ ਇਟਲੀ ਤੋਂ ਸੀ, ਜਦੋਂ ਕਿ ਮੈਰੀਐਨ ਆਸਟ੍ਰੇਲੀਆ ਤੋਂ ਸੀ। ਇਕ ਰਿਪੋਰਟ ਮੁਤਾਬਕ ਕਾਰਲੋ ਅਤੇ ਮੈਰੀਐਨ ਦੀ ਮੁਲਾਕਾਤ 1962 'ਚ ਹੋਈ ਸੀ ਪਰ ਐਂਥਨੀ ਦੇ ਜਨਮ ਤੋਂ ਬਾਅਦ ਦੋਵੇਂ ਵੱਖ ਹੋ ਗਏ ਸਨ। ਐਂਥਨੀ ਅਲਬਾਨੀਜ਼ ਨੂੰ ਉਸਦੀ ਮਾਂ ਨੇ ਇਕੱਲੇ ਪਾਲਿਆ ਸੀ। ਇੱਕ ਇੰਟਰਵਿਊ ਵਿੱਚ ਐਲਬੋ ਨੇ ਦੱਸਿਆ ਸੀ ਕਿ ਉਸਦੇ ਪਿਤਾ ਦੀ 2009 ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਕਦੇ ਵੀ ਆਪਣੇ ਪਿਤਾ ਨੂੰ ਮਿਲ ਨਹੀਂ ਸਕੇ ਸੀ।

ਇਕੱਲੇ ਮਾਂ ਨੇ ਕੀਤਾ ਪਾਲਣ-ਪੋਸ਼ਣ
ਅਲਬਾਨੀਜ਼ ਦੇ ਨਾਨਾ ਜਾਰਜ ਐਲੇਰੀ ਇੱਕ ਵਪਾਰੀ ਸਨ। ਉਸਨੇ ਆਪਣਾ ਬਚਪਨ ਆਪਣੇ ਨਾਨਾ-ਨਾਨੀ ਨਾਲ ਬਿਤਾਇਆ। ਸਾਲ 1970 ਵਿੱਚ ਅਲਬਾਨੀਜ਼ ਦੇ ਨਾਨੇ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਮਾਂ ਮੈਰੀਐਨ ਨੇ ਜੇਮਸ ਵਿਲੀਅਮਸਨ ਨਾਲ ਦੂਜਾ ਵਿਆਹ ਕੀਤਾ। ਜੇਮਸ ਨਸ਼ੇ ਦਾ ਆਦੀ ਸੀ ਅਤੇ ਮੈਰੀਐਨ ਦੀ ਕੁੱਟਮਾਰ ਕਰਦਾ ਸੀ। ਵਿਆਹ ਦੇ 10 ਹਫ਼ਤਿਆਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ। ਵਿੱਤੀ ਮੁਸ਼ਕਲਾਂ ਦੇ ਵਿਚਕਾਰ ਅਲਬਾਨੀਜ਼ ਦੀ ਮਾਂ ਮੈਰੀਐਨ ਐਲੇਰੀ ਨੇ ਘਰ ਚਲਾਉਣ ਲਈ ਇੱਕ ਸਫਾਈ ਕਰਮਚਾਰੀ ਵਜੋਂ ਕੰਮ ਕੀਤਾ। ਫਿਰ ਉਸ ਨੂੰ ਗਠੀਏ ਦੀ ਬੀਮਾਰੀ ਹੋ ਗਈ, ਜਿਸ ਕਾਰਨ ਉਹ ਤੁਰ ਨਹੀਂ ਸਕਦੀ ਸੀ। ਮੈਰੀਐਨ ਐਲਰੀ ਨੇ ਸਰਕਾਰ ਤੋਂ ਆਪਣੀ ਅਪਾਹਜ ਪੈਨਸ਼ਨ ਅਤੇ ਨਾਨੀ ਦੀ ਬੁਢਾਪਾ ਪੈਨਸ਼ਨ ਨਾਲ ਘਰ ਚਲਾਇਆ। 

PunjabKesari

ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਨਾਲ ਜੁੜੇ ਸੀ ਐਂਥਨੀ
ਐਂਥਨੀ ਅਲਬਾਨੀਜ਼ ਨੇ ਆਪਣੀ ਸ਼ੁਰੂਆਤੀ ਸਿੱਖਿਆ ਸੇਂਟ ਜੋਸੇਫ ਪ੍ਰਾਇਮਰੀ ਸਕੂਲ ਅਤੇ ਸੇਂਟ ਮੈਰੀਜ਼ ਕੈਥੇਡ੍ਰਲ ਕਾਲਜ ਤੋਂ ਲਈ। ਇਸ ਤੋਂ ਬਾਅਦ ਉਸਨੇ ਕਾਮਨਵੈਲਥ ਬੈਂਕ ਵਿੱਚ 2 ਸਾਲ ਕੰਮ ਕੀਤਾ। ਫਿਰ ਉਸਨੇ ਸਿਡਨੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਉੱਚ ਸਿੱਖਿਆ ਕੀਤੀ। ਉਸਨੇ ਸਥਾਨਕ ਸਰਕਾਰਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਲਈ ਮੰਤਰਾਲੇ ਵਿੱਚ ਇੱਕ ਖੋਜ ਅਧਿਕਾਰੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਅਲਬਾਨੀ ਨੇ ਵਿਦਿਆਰਥੀ ਜੀਵਨ ਤੋਂ ਰਾਜਨੀਤੀ ਸ਼ੁਰੂ ਕੀਤੀ ਸੀ। ਉਹ ਸਿਡਨੀ ਯੂਨੀਵਰਸਿਟੀ ਵਿਖੇ ਵਿਦਿਆਰਥੀ ਪ੍ਰਤੀਨਿਧੀ ਕੌਂਸਲ ਲਈ ਚੁਣਿਆ ਗਿਆ ਸੀ। ਇੱਥੋਂ ਉਸ ਦਾ ਝੁਕਾਅ ਖੱਬੇ ਪੱਖੀ ਲੇਬਰ ਪਾਰਟੀ ਵੱਲ ਹੋ ਗਿਆ। ਉਸਨੇ ਲੇਬਰ ਪਾਰਟੀ ਦੇ ਯੂਥ ਵਿੰਗ ਦੀ ਅਗਵਾਈ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ - ਰੂਸ ਦਾ ਵੱਡਾ ਐਲਾਨ, ਬਾਈਡੇਨ ਸਮੇਤ 963 ਅਮਰੀਕੀਆਂ 'ਤੇ ਲਗਾਈ ਯਾਤਰਾ ਪਾਬੰਦੀ

ਜਾਣੋ ਭਾਰਤ ਨੂੰ ਲੈਕੇ ਐਂਥਨੀ ਦੀ ਕੀ ਹੋ ਸੋਚ
ਐਂਥਨੀ ਅਲਬਾਨੀਜ਼ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2000 ਵਿੱਚ ਕਾਰਮਲ ਟੈਬਬਟ ਨਾਲ ਵਿਆਹ ਕੀਤਾ ਸੀ। ਕਾਰਮਲ ਉਦੋਂ ਨਿਊ ਸਾਊਥ ਵੇਲਜ਼ ਦੇ ਭਵਿੱਖ ਦੇ ਡਿਪਟੀ ਪ੍ਰੀਮੀਅਰ ਸਨ। ਦੋਵੇਂ ਸਾਲ 2019 'ਚ ਵੱਖ ਹੋ ਗਏ ਸਨ। ਦੋਵਾਂ ਦਾ ਇੱਕ ਪੁੱਤਰ ਹੈ। ਓਡੀ ਹੇਡਨ ਨਾਲ ਅਲਬਾਨੀਜ਼ ਦੇ ਰਿਸ਼ਤੇ ਦੀ ਚਰਚਾ ਹੋਣ ਲੱਗੀ। ਉਸਨੇ 2020 ਵਿੱਚ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਆਪਣੀ ਪਹਿਲੀ ਪਤਨੀ ਤੋਂ ਵੱਖ ਹੋਣ ਤੋਂ ਕੁਝ ਹਫ਼ਤਿਆਂ ਬਾਅਦ ਇੱਕ ਡਿਨਰ ਪਾਰਟੀ ਵਿੱਚ ਓਡੀ ਨੂੰ ਮਿਲਿਆ ਸੀ। ਚੋਣਾਂ ਤੋਂ ਕੁਝ ਦਿਨ ਪਹਿਲਾਂ ਦਿੱਤੇ ਇਕ ਇੰਟਰਵਿਊ ਵਿਚ ਐਂਥਨੀ ਐਲਬਨੀਜ਼ ਨੇ ਆਪਣੀ ਜਿੱਤ ਦਾ ਪੂਰਾ ਭਰੋਸਾ ਜਤਾਇਆ ਸੀ। ਭਾਰਤ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਵਾਡ 'ਚ ਮਿਲਣ ਦਾ ਇੰਤਜ਼ਾਰ ਕਰ ਰਿਹਾ ਹਾਂ। ਭਾਰਤ ਸਾਡਾ ਮਹੱਤਵਪੂਰਨ ਮਿੱਤਰ ਹੈ।ਅਲਬਾਨੀਜ਼ ਆਸਟ੍ਰੇਲੀਆ ਵਿਚ ਵੱਖ-ਵੱਖ ਸਭਿਆਚਾਰਾਂ ਨੂੰ ਵਧਾਵਾ ਦੇਣ ਦੇ ਪੱਖ ਵਿਚ ਹਨ। ਉਹਨਾਂ ਨੇ ਜਲਵਾਯੂ ਤਬਦੀਲੀ ਨੂੰ ਲੈਕੇ ਆਸਟ੍ਰੇਲੀਆ ਦੀ ਵਚਨਬੱਧਤਾ ਜਾਹਰ ਕੀਤੀ ਹੈ। ਸਕੌਟ  ਮੌਰੀਸਨ ਨੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸ ਦਾ ਟੀਚਾ 2030 ਤੱਕ 28 ਫੀਸਦੀ ਘੱਟ ਕਰਨ ਦਾ ਟੀਚਾ ਰੱਖਿਆ ਸੀ ਜਿਸ ਨੂੰ ਐਂਥਨੀ ਨੇ ਵਧਾ ਕੇ 43 ਫੀਸਦ ਕਰ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News