ਪਿਕਨਿਕ ਵਾਲੇ ਛੂ ਮੰਤਰ; ਰਿੱਛ ਨੇ ਛਕਿਆ ਸੁਆਦਲਾ ਭੋਜਨ !
Friday, Sep 05, 2025 - 10:36 AM (IST)

ਵੈਨਕੂਵਰ (ਮਲਕੀਤ ਸਿੰਘ)- ‘ਖਾਣ ਪੀਣ ਨੂੰ ਲੁੰਬੜੀ, ਡੰਡੇ ਖਾਣ ਨੂੰ ਰਿੱਛ……!’ ਵਾਲੀ ਕਹਾਵਤ ਦਾ ਮਤਲਬ ਬਰਨਬੀ ਵਿਚ ਵਾਪਰੀ ਇੱਕ ਘਟਨਾ ਵਿਚ ਉਲਟ ਨਿਕਲਦਾ ਨਜ਼ਰ ਆਇਆ। ਦਰਅਸਲ ਏਸ਼ੀਅਨ ਮੂਲ ਦਾ ਇੱਕ ਪਰਿਵਾਰ ਪਿਕਨਿਕ ਮਨਾਉਣ ਲਈ ਖਾਣ ਪੀਣ ਦਾ ਸਮਾਨ ਲੈ ਕੇ ਪਹਾੜਾਂ ਨਾਲ ਘਿਰੇ ਬਰਨਬੀ ਦੇ ਇੱਕ ਪਾਰਕ ਵਿਚ ਪੁੱਜਾ।
ਮਿਥੀ ਵਿਉਂਤਬੰਦੀ ਅਨੁਸਾਰ ਉਹਨਾਂ ਵੱਲੋਂ ਪਾਰਕ ਵਿਚ ਲੱਗੇ ਟੇਬਲ 'ਤੇ ਖਾਣ ਪੀਣ ਦਾ ਸਮਾਨ ਟਿਕਾਉਣ ਮਗਰੋਂ ਅਜੇ ਛਕਣ-ਛਕਾਉਣ ਦੀ ਤਿਆਰੀ ਹੀ ਕੀਤੀ ਜਾ ਰਹੀ ਸੀ ਕਿ ਇੰਨੇ ਨੂੰ ਉਥੇ ਇਕ ਜੰਗਲੀ ਰਿਛ ਆ ਗਿਆ ਅਤੇ ਭੋਜਨ ਦੀ ਮਹਿਕ ਵੱਲ ਆਕਰਸ਼ਿਤ ਹੁੰਦਿਆਂ ਉਹਨਾਂ ਦੇ ਭੋਜਨ ਟੇਬਲ ਵੱਲ ਵਧਣ ਲੱਗਾ, ਜਿਸ ਤੋਂ ਡਰਿਆ ਹੋਇਆ ਉਕਤ ਪਰਿਵਾਰ ਆਪਣਾ ਭੋਜਨ ਉੱਥੇ ਹੀ ਛੱਡ ਕੇ ਉਥੋਂ ਸੁਰੱਖਿਤ ਜਗ੍ਹਾ ਵੱਲ ਚਲਾ ਗਿਆ। ਬਸ ਫਿਰ ਕੀ ਸੀ ‘ਅੰਨਾ ਕੀ ਭਾਲੇ ਦੋ ਅੱਖੀਆਂ’ ਦੀ ਕਹਾਵਤ 'ਤੇ ਅਮਲ ਕਰਦਿਆਂ ਰਿਛ ਵੱਲੋਂ ਬੜੇ ਹੀ ਠਰੰਮੇ ਨਾਲ ਉਕਤ ਪਰਿਵਾਰ ਵੱਲੋਂ ਉੱਥੇ ਟੇਬਲ 'ਤੇ ਰੱਖੇ ਸਵਾਦਲੇ ਭੋਜਨ ਨੂੰ ਛੱਕ ਕੇ ਪਿਕਨਿਕ ‘ਸੈਲੀਬਰੇਟ’ ਕੀਤੀ ਗਈ।