ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ ਐਂਟਰੀ ਦਾ ਨਿਯਮ

Wednesday, May 20, 2026 - 05:03 PM (IST)

ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ ਐਂਟਰੀ ਦਾ ਨਿਯਮ

ਬੈਂਕਾਕ: ਥਾਈਲੈਂਡ ਦੀ ਯਾਤਰਾ ਕਰਨ ਦੇ ਚਾਹਵਾਨ ਭਾਰਤੀ ਸੈਲਾਨੀਆਂ ਲਈ ਇੱਕ ਅਹਿਮ ਖ਼ਬਰ ਹੈ। ਥਾਈਲੈਂਡ ਸਰਕਾਰ ਨੇ ਭਾਰਤ ਸਮੇਤ 93 ਦੇਸ਼ਾਂ ਦੇ ਸੈਲਾਨੀਆਂ ਲਈ ਆਪਣੀ ਵੀਜ਼ਾ-ਮੁਕਤ ਐਂਟਰੀ ਯੋਜਨਾ ਵਿੱਚ ਵੱਡੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਨਵੀਂ ਪ੍ਰਣਾਲੀ ਦੇ ਤਹਿਤ ਹੁਣ ਸੈਲਾਨੀਆਂ ਦੇ ਦੇਸ਼ ਵਿੱਚ ਰਹਿਣ ਦੀ ਮਿਆਦ ਨੂੰ ਘਟਾ ਦਿੱਤਾ ਗਿਆ ਹੈ, ਜਿਸ ਨਾਲ ਲੰਬੇ ਸਮੇਂ ਤੱਕ ਘੁੰਮਣ ਦਾ ਪਲਾਨ ਬਣਾਉਣ ਵਾਲੇ ਭਾਰਤੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਥਾਈਲੈਂਡ ਦੀ ਕੈਬਨਿਟ ਨੇ ਜੁਲਾਈ 2024 ਵਿੱਚ ਮਹਾਂਮਾਰੀ ਤੋਂ ਬਾਅਦ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ 60 ਦਿਨਾਂ ਦੀ ਵੀਜ਼ਾ ਛੋਟ ਸ਼ੁਰੂ ਕੀਤੀ ਸੀ, ਜਿਸ ਤੋਂ ਹੁਣ ਸਰਕਾਰ ਪਿੱਛੇ ਹਟ ਗਈ ਹੈ। ਨਵੀਂ ਵਿਵਸਥਾ ਅਨੁਸਾਰ ਵੀਜ਼ਾ-ਮੁਕਤ ਰਹਿਣ ਦੀ ਮਿਆਦ ਨੂੰ ਮੁੜ 30 ਦਿਨ ਕਰ ਦਿੱਤਾ ਜਾਵੇਗਾ। ਕੁਝ ਦੇਸ਼ਾਂ ਦੇ ਨਾਗਰਿਕਾਂ ਲਈ ਇਹ ਮਿਆਦ ਘਟਾ ਕੇ ਸਿਰਫ਼ 15 ਦਿਨ ਰਹਿ ਜਾਵੇਗੀ। ਸੜਕੀ ਰਸਤੇ ਰਾਹੀਂ ਸਾਲ ਵਿੱਚ ਸਿਰਫ਼ ਦੋ ਵਾਰ ਹੀ ਵੀਜ਼ਾ-ਮੁਕਤ ਪ੍ਰਵੇਸ਼ ਦੀ ਇਜਾਜ਼ਤ ਹੋਵੇਗੀ।

ਥਾਈਲੈਂਡ ਸਰਕਾਰ ਦੇ ਬੁਲਾਰੇ ਅਨੁਸਾਰ ਵੀਜ਼ਾ ਪ੍ਰਣਾਲੀ ਵਿੱਚ ਦਿੱਤੀ ਗਈ ਛੋਟ ਦਾ ਕਈ ਲੋਕਾਂ ਨੇ ਗਲਤ ਫਾਇਦਾ ਉਠਾਇਆ ਹੈ। ਅਧਿਕਾਰੀਆਂ ਨੇ ਸਵੀਕਾਰ ਕੀਤਾ ਕਿ 60 ਦਿਨਾਂ ਦੀ ਛੋਟ ਕਾਰਨ ਗੈਰ-ਕਾਨੂੰਨੀ 'ਗ੍ਰੇ-ਮਾਰਕੀਟ' ਕਾਰੋਬਾਰ, ਬਿਨਾਂ ਇਜਾਜ਼ਤ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਆਨਲਾਈਨ ਧੋਖਾਧੜੀ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਸੀ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਹੋਈਆਂ ਕਈ ਗ੍ਰਿਫਤਾਰੀਆਂ ਵਿੱਚ ਵਿਦੇਸ਼ੀ ਨਾਗਰਿਕ ਨਸ਼ੀਲੇ ਪਦਾਰਥਾਂ ਅਤੇ ਮਨੁੱਖੀ ਤਸਕਰੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਪਾਏ ਗਏ ਸਨ।
ਭਾਰਤੀ ਸੈਲਾਨੀਆਂ 'ਤੇ ਹੋਵੇਗਾ ਸਿੱਧਾ ਅਸਰ 

ਥਾਈਲੈਂਡ ਭਾਰਤੀਆਂ ਲਈ ਸਭ ਤੋਂ ਪਸੰਦੀਦਾ ਅਤੇ ਕਿਫਾਇਤੀ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। ਨਵੇਂ ਨਿਯਮਾਂ ਕਾਰਨ ਲੰਬੀ ਯਾਤਰਾ 'ਤੇ ਰੋਕ ਲੱਗ ਗਈ ਹੈ। ਉਹ ਭਾਰਤੀ ਜੋ ਦੋ ਮਹੀਨੇ ਥਾਈਲੈਂਡ ਦੇ ਵੱਖ-ਵੱਖ ਟਾਪੂਆਂ 'ਤੇ ਬਿਤਾਉਣਾ ਚਾਹੁੰਦੇ ਸਨ, ਹੁਣ 30 ਦਿਨਾਂ ਤੋਂ ਵੱਧ ਨਹੀਂ ਰੁਕ ਸਕਣਗੇ।ਸੈਲਾਨੀਆਂ ਨੂੰ ਹੁਣ ਵਾਪਸੀ ਦੀ ਟਿਕਟ ਅਤੇ ਹੋਟਲ ਬੁਕਿੰਗ ਦੇ ਪੁਖਤਾ ਸਬੂਤ ਦਿਖਾਉਣ ਲਈ ਕਿਹਾ ਜਾ ਸਕਦਾ ਹੈ। ਹੁਣ ਅਧਿਕਾਰੀ ਪਹਿਲਾਂ ਨਾਲੋਂ ਜ਼ਿਆਦਾ ਸਖ਼ਤੀ ਨਾਲ ਜਾਂਚ ਕਰਨਗੇ ਤਾਂ ਜੋ ਸਿਰਫ਼ 'ਉੱਚ-ਮੁੱਲ' ਵਾਲੇ ਸੈਲਾਨੀ ਹੀ ਦੇਸ਼ ਵਿੱਚ ਦਾਖਲ ਹੋ ਸਕਣ।ਹਾਲਾਂਕਿ ਸਰਕਾਰ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਨਵੇਂ ਨਿਯਮ ਕਿਸ ਤਰੀਕ ਤੋਂ ਲਾਗੂ ਹੋਣਗੇ, ਪਰ ਸੈਲਾਨੀਆਂ ਨੂੰ ਆਪਣੀ ਅਗਲੀ ਯਾਤਰਾ ਦੀ ਯੋਜਨਾ ਬਣਾਉਣ ਵੇਲੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News