ਸਪਰਮ ਡੋਨਰ ਨਿਕਲਿਆ ਕੈਂਸਰ ਡੋਨਰ, ਮਚ ਗਿਆ ਹੰਗਾਮਾ
Sunday, May 25, 2025 - 04:58 AM (IST)

ਮਿਲਾਨ – ਮਿਊਟੇਸ਼ਨ ਵਾਲੇ ਇਕ ਦੁਰਲੱਭ ਕੈਂਸਰ ਤੋਂ ਪੀੜਤ ਸਪਰਮ ਡੋਨਰ ਤੋਂ ਪੈਦਾ ਹੋਏ 10 ਬੱਚਿਆਂ ਦੀ ਜਾਂਚ ਵਿਚ ਕੈਂਸਰ ਪਾਏ ਜਾਣ ਨਾਲ ਯੂਰਪ ਦੇ ਮੈਡੀਕਲ ਜਗਤ ’ਚ ਹੰਗਾਮਾ ਮਚ ਗਿਆ ਹੈ। ਸਿੰਗਲ ਡੋਨਰ ਦੀ ਹੱਦ ਤੈਅ ਕਰਨ ਦੀ ਮੰਗ ਮੈਡੀਕਲ ਜਗਤ ਦੇ ਮਾਹਿਰਾਂ ਨੇ ਕੀਤੀ ਹੈ।
ਉਸ ਡੋਨਰ ਤੋਂ ਘੱਟੋ-ਘੱਟ 67 ਬੱਚੇ ਪੈਦਾ ਹੋਏ ਹਨ, ਜੋ ਯੂਰਪ ਦੇ ਕਈ ਦੇਸ਼ਾਂ ਵਿਚ ਹਨ। ਉਸ ਤੋਂ ਹੋਏ ਜਿਨ੍ਹਾਂ 10 ਬੱਚਿਆਂ ਵਿਚ ਕੈਂਸਰ ਮਿਲਿਆ ਹੈ, ਉਨ੍ਹਾਂ ਦਾ ਜਨਮ 2008 ਤੋਂ 2015 ਵਿਚਾਲੇ ਹੋਇਆ ਹੈ। ਉਕਤ ਡੋਨਰ ਤੋਂ ਹੋਏ ਬੱਚਿਆਂ ਵਿਚ ਲਿਊਕੇਮੀਆ ਤੇ ਨਾਨ-ਹੁਡਕਿਨ ਲਿੰਫੋਮਾ ਦਾ ਕੈਂਸਰ ਮਿਲਿਆ ਹੈ, ਜੋ ਬੇਹੱਦ ਦੁਰਲੱਭ ਹੈ।
ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ 2 ਪਰਿਵਾਰ ਆਪਣੇ ਬੱਚਿਆਂ ਵਿਚ ਕੈਂਸਰ ਦਾ ਦੁਰਲੱਭ ਜੈਨੇਟਿਕ ਵੇਰੀਐਂਟ ਮਿਲਣ ਪਿੱਛੋਂ ਉਸ ਫਰਟੀਲਿਟੀ ਸੈਂਟਰ ’ਚ ਪਹੁੰਚੇ। ਇਸ ਤੋਂ ਬਾਅਦ ਉਸ ਯੂਰਪੀਅਨ ਸਪਰਮ ਬੈਂਕ ਨੂੰ ਜਾਣਕਾਰੀ ਦਿੱਤੀ ਗਈ ਜਿੱਥੋਂ ਸਪਰਮ ਲਏ ਗਏ ਸਨ। ਸਪਰਮ ਬੈਂਕ ਨੇ ਡੋਨਰ ਸਪਰਮ ਦੀ ਜਾਂਚ ਕਰ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਵਿਚ ਕੈਂਸਰਕਾਰੀ ਜੀਨ ਟੀ. ਪੀ. 53 ਮੌਜੂਦ ਹੈ।