16 ਤੋਂ ਘੱਟ ਉਮਰ ਵਾਲਿਆਂ ਲਈ ਸੋਸ਼ਲ ਮੀਡੀਆ ਬੈਨ, ਹੁਣ ਇਸ ਦੇਸ਼ ਦੀ ਸਰਕਾਰ ਨੇ ਲਿਆ ਵੱਡਾ ਫੈਸਲਾ
Saturday, Mar 28, 2026 - 09:29 PM (IST)
ਜਕਾਰਤਾ : ਬੱਚਿਆਂ ਦੀ ਆਨਲਾਈਨ ਸੁਰੱਖਿਆ ਨੂੰ ਲੈ ਕੇ ਇੰਡੋਨੇਸ਼ੀਆ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਫੈਸਲੇ ਨਾਲ ਇੰਡੋਨੇਸ਼ੀਆ ਅਜਿਹਾ ਸਖ਼ਤ ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਦੱਖਣ-ਪੂਰਬੀ ਏਸ਼ੀਆਈ ਦੇਸ਼ ਬਣ ਗਿਆ ਹੈ।
ਇੰਡੋਨੇਸ਼ੀਆਈ ਸਰਕਾਰ ਅਨੁਸਾਰ, ਇਹ ਫੈਸਲਾ ਬੱਚਿਆਂ ਨੂੰ ਆਨਲਾਈਨ ਪੋਰਨੋਗ੍ਰਾਫੀ, ਸਾਈਬਰਬੁਲਿੰਗ ਅਤੇ ਇੰਟਰਨੈੱਟ ਦੀ ਲਤ ਵਰਗੇ ਗੰਭੀਰ ਡਿਜੀਟਲ ਖ਼ਤਰਿਆਂ ਤੋਂ ਬਚਾਉਣ ਲਈ ਲਿਆ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਅਜਿਹੇ ਸਖ਼ਤ ਕਦਮ ਚੁੱਕਣੇ ਬਹੁਤ ਜ਼ਰੂਰੀ ਸਨ।
ਸੰਚਾਰ ਮੰਤਰੀ ਮੇਉਤਿਆ ਹਾਫਿਦ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਨਿਯਮਾਂ ਦੀ ਪਾਲਣਾ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ X (ਪਹਿਲਾ ਟਵਿੱਟਰ) ਅਤੇ Bigo Live ਨੇ ਪਹਿਲਾਂ ਹੀ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਯੂਜ਼ਰਸ ਲਈ ਘੱਟੋ-ਘੱਟ ਉਮਰ ਦੀ ਸ਼ਰਤ ਬਦਲ ਦਿੱਤੀ ਹੈ। ਉੱਥੇ ਹੀ, TikTok ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤਿਆਂ ਸਬੰਧੀ ਬਣਦੀ ਕਾਰਵਾਈ ਕਰੇਗਾ।
ਇੰਡੋਨੇਸ਼ੀਆ ਦਾ ਇਹ ਫੈਸਲਾ ਆਸਟ੍ਰੇਲੀਆ ਵੱਲੋਂ ਦਸੰਬਰ ਵਿੱਚ ਲਾਗੂ ਕੀਤੀ ਗਈ ਅਜਿਹੀ ਹੀ ਨੀਤੀ ਤੋਂ ਬਾਅਦ ਆਇਆ ਹੈ। ਹਾਲ ਹੀ ਵਿੱਚ ਬ੍ਰਿਟੇਨ ਦੀ ਸੰਸਦ (ਹਾਊਸ ਆਫ ਲਾਰਡਸ) ਨੇ ਵੀ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਦੇ ਪੱਖ ਵਿੱਚ ਵੋਟ ਪਾਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਮਰੀਕਾ ਵਿੱਚ ਇੱਕ ਮਾਮਲੇ ਦੌਰਾਨ Meta (ਫੇਸਬੁੱਕ) ਅਤੇ YouTube ਨੂੰ ਪਲੇਟਫਾਰਮ ਦੇ 'ਆਦਤ ਪਾਉਣ ਵਾਲੇ ਡਿਜ਼ਾਈਨ' ਕਾਰਨ ਇੱਕ ਮੁਟਿਆਰ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਨ੍ਹਾਂ 'ਤੇ 6 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ।
