ਟੋਕਿਓ ਦੇ ਚਿੜੀਆ ਘਰ 'ਚ ਲਿਆ ਛੋਟੀ ਪਾਂਡਾ ਨੇ ਜਨਮ

06/23/2017 2:52:28 PM

ਟੋਕਿਓ— ਜਾਪਾਨ ਦੇ ਟੋਕਿਓ ਸਥਿਤ ਚਿੜੀਆ ਘਰ ਨੇ ਅੱਜ ਦੱਸਿਆ ਕਿ ਇੱਥੇ ਹਾਲ ਹੀ 'ਚ ਜਿਸ ਛੋਟੇ ਮਹਿਮਾਨ ਦਾ ਜਨਮ ਹੋਇਆ ਹੈ ਉਹ ਇਕ ਮਾਦਾ ਪਾਂਡਾ ਹੈ। ਇਹ ਮਾਦਾ ਪਾਂਡਾ ਬਿਲਕੁਲ ਸਿਹਤਮੰਦ ਹੈ। ਟੋਕਿਓ ਦੇ ਯੂ. ਏਨੋ. ਚਿੜੀਆ ਘਰ 'ਚ ਪੰਜ ਸਾਲ 'ਚ ਪਹਿਲੀ ਵਾਰੀ ਜਦੋਂ ਕਿਸੇ ਛੋਟੀ ਪਾਂਡਾ ਦਾ ਜਨਮ ਹੋਇਆ ਤਾਂ ਚਿੜੀਆ ਘਰ ਦੇ ਮੈਂਬਰਾਂ ਨੇ ਜਸ਼ਨ ਮਨਾਇਆ। 
ਇਸ ਛੋਟੀ ਪਾਂਡਾ ਦਾ ਜਨਮ 12 ਜੂਨ ਨੂੰ ਹੋਇਆ ਸੀ। ਚਿੜੀਆ ਘਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਪਣੇ ਸ਼ਰਮੀਲੇ ਸੁਭਾਅ ਲਈ ਪਹਿਚਾਣੇ ਜਾਣ ਵਾਲੇ ਇਸ ਜੀਵ ਦੇ ਮੂਲ ਦੇਸ਼ ਚੀਨ ਸਥਿਤ ਇਕ ਪਾਂਡਾ ਅਨੁਸੰਧਾਨ ਕੇਂਦਰ ਨੂੰ ਇਸ ਦੀਆਂ ਤਸਵੀਰਾਂ ਭੇਜੀਆਂ ਗਈਆਂ ਸਨ ਜਿਨ੍ਹਾਂ ਨੇ ਇਸ ਦੇ ਮਾਦਾ ਪਾਂਡਾ ਹੋਣ ਦੀ ਪੁਸ਼ਟੀ ਕੀਤੀ ਸੀ। ਜਨਮ ਸਮੇਂ ਪਾਂਡਾ ਗੁਲਾਬੀ ਰੰਗ ਦੇ ਹੁੰਦੇ ਹਨ, ਉਨ੍ਹਾਂ ਦੇ ਸਰੀਰ 'ਤੇ ਬਿਲਕੁਲ ਵਾਲ ਨਹੀਂ ਹੁੰਦੇ ਅਤੇ ਇਨ੍ਹਾਂ ਦਾ ਭਾਰ ਕਰੀਬ 100 ਗ੍ਰਾਮ (ਸਾਢੇ ਤਿੰਨ ਔਂਸ) ਹੁੰਦਾ ਹੈ। ਇਸ ਲਈ ਬਹੁਤ ਛੋਟਾ ਹੋਣ ਕਾਰਨ ਇਨ੍ਹਾਂ ਦੇ ਲਿੰਗ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਹੈ। 
ਬੁਲਾਰੇ ਮੁਤਾਬਕ ਛੋਟੀ ਪਾਂਡਾ 'ਬਿਲਕੁਲ ਸਿਹਤਮੰਦ' ਦਿੱਸ ਰਹੀ ਹੈ ਅਤੇ ਉਹ ਆਪਣੀ ਮਾਂ ਦਾ ਦੁੱਧ ਵੀ ਪੀ ਰਹੀ ਹੈ। ਹੁਣ ਉਹ 17.6 ਸੈਂਟੀਮੀਟਰ (ਸੱਤ ਇੰਚ) ਲੰਬੀ ਹੈ ਅਤੇ ਉਸ ਦਾ ਭਾਰ 283.9 ਗ੍ਰਾਮ (9.9 ਔਂਸ) ਹੈ।