ਸਿੱਖਸ ਆਫ਼ ਅਮੈਰਿਕਾ ਨੇ ਅਯੋਜਿਤ ਕੀਤਾ ਸਲਾਨਾ ‘ਵਿਸਾਖੀ ਗਾਲਾ’ ਸਮਾਗਮ
Wednesday, May 20, 2026 - 04:43 PM (IST)
ਵਾਸ਼ਿੰਗਟਨ ਡੀ.ਸੀ (ਰਾਜ ਗੋਗਨਾ)- ਹਰ ਸਾਲ ਦੀ ਤਰ੍ਹਾਂ ਸਿੱਖਸ ਆਫ ਅਮੈਰਿਕਾ ਵਲੋਂ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਸਲਾਨਾ ‘ਵਿਸਾਖੀ ਗਾਲਾ’ ਸਮਾਗਮ ਬਹੁਤ ਹੀ ਸ਼ਾਨਦਾਰ ਢੰਗ ਨਾਲ ਅਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਪ੍ਰਬੰਧਾਂ ’ਚ ਸਿੱਖਸ ਆਫ ਅਮੈਰਿਕਾ ਦੇ ਸਮੂਹ ਡਾਇਰੈਕਟਰਾਂ ਤੇ ਵਾਲੰਟੀਅਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਦੁਨੀਆਂ ਭਰ ਤੋਂ ਵੱਖ-ਵੱਖ ਖੇਤਰਾਂ ’ਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਸਿੱਖ ਹੀਰੋਜ਼ ਵਿਸ਼ੇਸ਼ ਤੌਰ ’ਤੇ ਸਮਾਗਮ ’ਚ ਸ਼ਾਮਿਲ ਹੋਏ। ਇਹਨਾਂ ਸਿੱਖ ਹੀਰੋਜ਼ ’ਚ ਪਾਕਿਸਤਾਨ ਤੋਂ ਕੈਬਨਿਟ ਮੰਤਰੀ ਪੰਜਾਬ ਰਮੇਸ਼ ਸਿੰਘ ਅਰੋੜਾ (ਪਾਕਿਸਤਾਨ ਦੀ ਸਿਆਸਤ ’ਚ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਨ ਵਾਲੇ ਸਿੱਖ ਸਿਆਸਤਦਾਨ), ਵਰਜ਼ੀਨੀਆਂ ਸਟੇਟ ਤੋਂ ਹਾਊਸ ਆਫ ਡੈਲੀਗੇਟ ਜੇ.ਜੇ. ਸਿੰਘ (ਵਰਜ਼ੀਨੀਆਂ ਸਟੇਟ ਦੀ ਸਿਆਸਤ ’ਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਸਿਆਸਤਦਾਨ), ਕੈਲੀਫੋਰਨੀਆਂ ਤੋਂ ਦਾਨੀ ਸੱਜਣ ਬਹਾਦਰ ਸਿੰਘ ਸੈਲਮ ਅਮਰੀਕਾ ਫਾਊਂਡਰ ਚੈਰੀਟੇਬਲ ਵਨ -ਬੀਟ ਮੈਡੀਕਲ ਗਰੁੱਪ) ਅਤੇ ਬਲਦੇਵ ਸਿੰਘ ਕੰਗ (ਅੰਤਰਰਾਸ਼ਟਰੀ ਸਿੱਖ ਬਿਜ਼ਨਸਮੈਨ) ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।


ਇੰਗਲੈਂਡ ਤੋਂ ਐੱਮ.ਪੀ. ਤਨਮਨਜੀਤ ਸਿੰਘ ਢੇਸੀ (ਬਰਤਾਨੀਆਂ ਦੀ ਸਿਆਸਤ ’ਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਸਿਆਸਤਦਾਨ) ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੋਣ ਕਾਰਨ ਇਸ ਸਮਾਗਮ ’ਚ ਨਹੀਂ ਪੁੱਜ ਸਕੇ ਪਰ ਉਹਨਾਂ ਵੀਡੀਓ ਕਾਲ ਰਾਹੀਂ ਆਪਣੀ ਹਾਜ਼ਰੀ ਲਗਵਾਈ ਅਤੇ ਸਮਾਗਮ ਦੀਆਂ ਵਧਾਈਆਂ ਸਭ ਨਾਲ ਸਾਂਝੀਆਂ ਕੀਤੀਆਂ। ਇਹਨਾਂ ਸਿੱਖ ਹੀਰੋਜ਼ ਨੂੰ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਬੁਲਾਰਿਆਂ ਨੇ ਵਿਸਾਖੀ ਦੀ ਮਹੱਤਤਾ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਸਨਮਾਨਿਤ ਸ਼ਖਸੀਅਤਾਂ ਨੂੰ ਵਧਾਈਆਂ ਦਿੱਤੀਆਂ।

ਸਮਾਗਮ ਦੌਰਾਨ ਅੰਤਰਰਾਸ਼ਟਰੀ ਪੱਧਰ ’ਤੇ ਮੀਡੀਆ ਸੇਵਾਵਾਂ ਨਿਭਾਉਣ ਵਾਲੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਪੱਤਰਕਾਰ ਸੁਖਪਾਲ ਸਿੰਘ ਧਨੋਆ (ਵਾਈਟ ਹਾਊਸ ਦੇ ਜਰਨਲਿਸਟ) ਅਤੇ ਵਰਿੰਦਰ ਸਿੰਘ (ਫਾਊਂਡਰ ਅਮੇਜ਼ਿੰਗ ਟੀ.ਵੀ.) ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖ ਭਾਵੇਂ ਦੁਨੀਆਂ ਦੇ ਹਰ ਖੇਤਰ ’ਚ ਘੱਟ ਗਿਣਤੀ ’ਚ ਹੋਣ ਪਰ ਉਹਨਾਂ ਆਪਣੀਆਂ ਪ੍ਰਾਪਤੀਆਂ ਨੇ ਬਹੁਗਿਣਤੀ ਦਿਲਾਂ ’ਚ ਜਗਾ ਬਣਾਈ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੰਤਰਰਾਸ਼ਟਰੀ ਪ੍ਰਾਪਤੀਆਂ ਕਰਨ ਵਾਲੇ ਸਿੱਖਾਂ ਨੂੰ ਮਾਣ ਸਨਮਾਨ ਜ਼ਰੂਰ ਭੇਂਟ ਕਰੀਏ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਉਹਨਾਂ ਤੋਂ ਪ੍ਰੇਰਿਤ ਹੋ ਕੇ ਉਹਨਾਂ ਵਰਗੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਹੋਵੇ। ਸ੍ਰ. ਜੱਸੀ ਨੇ ਕਿਹਾ ਕਿ ਉਹ ਸਮੂਹ ਮਹਿਮਾਨਾਂ ਅਤੇ ਪੁੱਜੇ ਸਿੱਖ ਹੀਰੋਜ਼ ਦਾ ਧੰਨਵਾਦ ਕਰਦੇ ਹਨ ਜਿਨਾਂ ਨੇ ਇੱਥੇ ਪਹੁੰਚ ਕੇ ਸਾਡੇ ਮਾਣ ਨੂੰ ਵਧਾਇਆ ਹੈ। ਸਮਾਗਮ ਦੀ ਇਕ ਖਾਸ ਗੱਲ ਇਹ ਵੀ ਰਹੀ ਕਿ ਇਸ ਵਿਚ ਮਨੋਰੰਜਨ ਦਾ ਰੰਗ ਵੀ ਭਰਿਆ ਗਿਆ। ਇਸ ਦੌਰਾਨ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਸੱਭਿਆਚਾਰਕ ਗੀਤਾਂ ਨਾਲ ਆਏ ਹੋਏ ਮਹਿਮਾਨਾਂ ਦਾ ਮਨੋਰੰਜਨ ਵੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
