ਲੰਡਨ ਵਿਖੇ ਕਰਵਾਏ ਗਏ “ਸਿੱਖ ਆਫ਼ ਦ ਯੀਅਰ' ਐਵਾਰਡ
Thursday, Oct 24, 2024 - 11:38 AM (IST)
ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀ ਪ੍ਰਸਿੱਧ ਚੈਰਿਟੀ ਸੰਸਥਾ ‘ਦ ਸਿੱਖ ਫੋਰਮ ਇੰਟਰਨੈਸ਼ਨਲ' ਵੱਲੋਂ ਲੰਡਨ ਦੇ ਇਤਿਹਾਸਕ ਅਤੇ ਪ੍ਰਸਿੱਧ ‘ਦ ਓਲਡ ਹਾਲ' ਲਿੰਕਨਜ਼ ਇਨ ਵਿਖੇ ‘ਸਿੱਖ ਆਫ਼ ਦ ਯੀਅਰ' ਐਵਾਰਡ ਕਰਵਾਏ ਗਏ, ਜਿਸ ਵਿੱਚ ਦੁਬਈ ਗੁਰੂਘਰ ਦੇ ਪ੍ਰਧਾਨ ਅਤੇ ਪ੍ਰਸਿੱਧ ਕਾਰੋਬਾਰੀ ਡਾ. ਸੁਰਿੰਦਰ ਸਿੰਘ ਕੰਧਾਰੀ ਨੂੰ ਇੰਗਲੈਂਡ ਦੀਆਂ ਸਨਮਾਨਯੋਗ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਵਿਸ਼ੇਸ਼ ਸਨਮਾਨ ਦਿੱਤਾ ਗਿਆ।
‘ਦ ਸਿੱਖ ਫੋਰਮ ਇੰਟਰਨੈਸ਼ਨਲ' ਵਲੋਂ ਪਿਛਲੇ 38 ਸਾਲ ਤੋਂ ਇਹ ਐਵਾਰਡ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਵਿਸ਼ਵ ਭਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ‘ਸਿੱਖ ਆਫ਼ ਦ ਯੀਅਰ' ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚ ਪ੍ਰਸਿੱਧ ਇਤਿਹਾਸਕਾਰ ਸ. ਪਤਵੰਤ ਸਿੰਘ, ਭਾਰਤੀ ਸੁਪਰੀਮ ਕੋਰਟ ਦੇ ਵਕੀਲ ਕੇ ਟੀ ਐਸ ਤੁਲਸੀ, ਇੰਗਲੈਂਡ ਦੇ ਕਿਊ ਸੀ ਸਵਰਗੀ ਸਰ ਮੋਤਾ ਸਿੰਘ, ਭਾਰਤੀ ਫੌਜ ਦੇ ਮੁਖੀ ਜਨਰਲ ਜੇ ਜੇ ਸਿੰਘ, ਭਾਰਤੀ ਪਲਾਨਿੰਗ ਕਮਿਸ਼ਨ ਦੇ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ, ਭਾਰਤ ਸਰਕਾਰ ਦੇ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਲੇਬਰ ਐਮ.ਪੀ. ਸ. ਤਨਮਨਜੀਤ ਸਿੰਘ ਢੇਸੀ ਦੇ ਨਾਮ ਵਰਨਣਯੋਗ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਟਾਰਨੀ ਜਸਪ੍ਰੀਤ ਸਿੰਘ ਦੇ ਦਫਤਰ ਪਹੁੰਚੇ ਕਾਂਗਰਸਮੈਨ ਦੇ ਦੋ ਉਮੀਦਵਾਰ
‘ਦ ਸਿੱਖ ਫੋਰਮ ਇੰਟਰਨੈਸ਼ਨਲ' ਦੇ ਚੇਅਰਮੈਨ ਸ. ਰਣਜੀਤ ਸਿੰਘ ਓ.ਬੀ.ਈ. ਨੇ ਆਪਣੇ ਸਵਾਗਤੀ ਭਾਸ਼ਨ ਦੌਰਾਨ ਮੁੱਖ ਮਹਿਮਾਨ ਭਾਰਤੀ ਹਾਈ ਕਮਿਸ਼ਨਰ ਸ਼੍ਰੀ ਵਿਕਰਮ ਦੋਰਾਸਵਾਮੀ, ਹੋਮ ਆਫਿਸ ਮਨਿਸਟਰ ਸੀਮਾ ਮਲਹੋਤਰਾ ਐਮ.ਪੀ., ਭਾਰਤੀ ਹਾਈ ਕਮਿਸ਼ਨ ਦੇ ਮਨਿਸਟਰ ਸ਼੍ਰੀ ਦੀਪਕ ਚੌਧਰੀ, ਜੱਸ ਅਠਵਾਲ ਐਮ.ਪੀ. ਨੂੰ ਜੀ ਆਇਆਂ ਆਖਦਿਆਂ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੰਸਥਾ ਦੀਆਂ 38 ਸਾਲ ਦੀਆਂ ਉਪਲੱਬਧੀਆਂ ਅਤੇ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਸੀਮਾ ਮਲਹੋਤਰਾ ਐਮ.ਪੀ. ਨੂੰ ਹੋਮ ਆਫਿਸ ਮਨਿਸਟਰ ਅਤੇ ਤਨਮਨਜੀਤ ਸਿੰਘ ਢੇਸੀ ਐਮ.ਪੀ. ਨੂੰ ਡੀਫੈਂਸ ਕਮੇਟੀ ਦੇ ਚੇਅਰਮੈਨ ਬਣਨ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਬ੍ਰਿਟੇਨ ਵਿੱਚ ਸਿੱਖਾਂ ਦੇ ਯੋਗਦਾਨ ’ਤੇ ਚਾਨਣਾ ਪਾਉਂਦਿਆ ਦੱਸਿਆ ਗਿਆ ਕਿ ਇਸ ਸਾਲ ਬ੍ਰਿਟਿਸ਼ ਪਾਰਲੀਮੈਂਟ ਵਿੱਚ 14 ਸਿੱਖ ਐੱਮ.ਪੀ. ਹਨ ਜਿਨ੍ਹਾਂ ਵਿਚੋਂ 4 ਦਸਤਾਰਧਾਰੀ ਹਨ। ਉਨ੍ਹਾਂ ਨੇ ‘ਦ ਸਿੱਖ ਫੋਰਮ’ ਨਾਲ ਸਬੰਧਿਤ ਚੈਰਿਟੀ ਸੰਸਥਾ ‘ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ' ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਸਥਾ ਪੰਜਾਬ ਵਿੱਚ ਸਿਕਲੀਗਰ ਲੋੜਵੰਦ ਸਿੱਖ ਬੱਚਿਆਂ ਨੂੰ ਮੁਫ਼ਤ ਵਿਦਿਆ ਪ੍ਰਦਾਨ ਕਰਵਾ ਰਹੀ ਹੈ। ਉਨ੍ਹਾਂ ਨੇ ਸੰਸਥਾ ਦੇ ਆਰਥਿਕ ਸਹਿਯੋਗੀਆ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਸਹਿਯੋਗ ਮਿਲਣ ਦੀ ਆਸ ਪ੍ਰਗਟਾਈ। ਅਖ਼ੀਰ ਵਿੱਚ ਉਨ੍ਹਾਂ ਨੇ ‘ਦ ਸਿੱਖ ਫੋਰਮ’ ਦੇ ਕਮੇਟੀ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਉਹ 38 ਸਾਲ ਤੋਂ ਨਿਰਅੰਤਰ ਸੇਵਾ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-India ਨਾਲ ਵਿਵਾਦ ਦਰਮਿਆਨ Trudeau ਨੂੰ ਵੱਡਾ ਝਟਕਾ, ਪਾਰਟੀ ਮੈਂਬਰਾਂ ਨੇ ਦਿੱਤੀ ਡੈੱਡਲਾਈਨ
ਇਸ ਮੌਕੇ ਭਾਰਤੀ ਹਾਈ ਕਮਿਸ਼ਨਰ ਸ਼੍ਰੀ ਵਿਕਰਮ ਦੋਰਾਸਵਾਮੀ ਨੇ ਕਿਹਾ ਕਿ ਸੰਸਥਾ ਦੇ ਚੇਅਰਮੈਨ ਸ. ਰਣਜੀਤ ਸਿੰਘ ਓ.ਬੀ.ਈ. ਦਾ ਨਾਮ ਲੈਂਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਜੋ ਬ੍ਰਿਟੇਨ ਅਤੇ ਭਾਰਤ ਵਿੱਚ 1986 ਤੋਂ ਲਗਾਤਾਰ ਚੈਰਿਟੀ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਆਪਣੀ ਤਕਰੀਰ ਦੌਰਾਨ ਸੰਸਥਾ ਦੇ ਬਾਨੀ ਸਰਪ੍ਰਸਤ ਸਵਰਗੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਦੂਜੀ ਵਿਸ਼ਵ ਜੰਗ ਤੋਂ ਆਖ਼ੀਰ ਤੱਕ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣੇ ਵੱਲੋਂ ਚੈਰਿਟੀ ਲਈ ਮਾਇਆ ਵੀ ਭੇਂਟ ਕੀਤੀ ਗਈ। ਬ੍ਰਿਟਿਸ਼ ਹੋਮ ਆਫਿਸ ਮਨਿਸਟਰ ਸੀਮਾ ਮਲਹੋਤਰਾ ਨੇ ਸ. ਰਣਜੀਤ ਸਿੰਘ ਓ.ਬੀ.ਈ. ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆ ਸਖ਼ਸ਼ੀਅਤਾਂ ਤੋਂ ਸਾਨੂੰ ਉਤਸ਼ਾਹ ਮਿਲਦਾ ਹੈ ਜਿਸ ਕਾਰਨ ਮੈਂ ਇਕ ਸਧਾਰਨ ਪਰਿਵਾਰ ਤੋਂ ਪਾਰਲੀਮੈਂਟ ਤੱਕ ਪੁੱਜੀ ਹਾਂ। ਉਨ੍ਹਾਂ ਨੇ ਸ਼ਾਨਦਾਰ ਐਵਾਰਡ ਸਮਾਗਮ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਇਸ ਸਾਲ ‘ਸਿੱਖ ਆਫ਼ ਦ ਯੀਅਰ' ਐਵਾਰਡ ਪ੍ਰਾਪਤ ਕਰਨ ਵਾਲੇ ਡਾ. ਸੁਰਿੰਦਰ ਸਿੰਘ ਕੰਧਾਰੀ (ਦੁਬਈ) ਨੇ ਪ੍ਰਬੰਧਕਾਂ ਵਲੋਂ ਐਵਾਰਡ ਲਈ ਚੁਣੇ ਜਾਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਮਾਣ ਹੈ ਕਿ ਸ. ਰਣਜੀਤ ਸਿੰਘ ਪਿਛਲੇ ਕਰੀਬ 40 ਸਾਲ ਤੋਂ ਸੇਵਾ ਕਰਦੇ ਆ ਰਹੇ ਹਨ ਜੋ ਮੈਂ ਕਿਸੇ ਹੋਰ ਸਿੱਖ ਸੰਸਥਾ ਦੇ ਮੁਖੀ ਵੱਲੋਂ ਕੀਤੀ ਗਈ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਬੱਚਿਆਂ ਨੂੰ ਵਧੀਆ ਵਿੱਦਿਆ ਦੇਣੀ ਚਾਹੀਦੀ ਹੈ ਅਜਿਹੇ ਕਾਰਜਾਂ ਵਿੱਚ ਆਰਥਿਕ ਸਹਿਯੋਗ ਦੇਣਾ ਚਾਹੀਦਾ ਹੈ। ‘ਦ ਸਿੱਖ ਫੋਰਮ ਇੰਟਰਨੈਸ਼ਨਲ' ਵਲੋਂ ਆਏ ਮਹਿਮਾਨਾ ਨੂੰ ਪ੍ਰੀਤੀ ਭੋਜਨ ਪਰੋਸਿਆ ਗਿਆ ਜਿਨ੍ਹਾਂ ਸ . ਰਣਜੀਤ ਸਿੰਘ ਦੇ ਕਾਰਜਾਂ ਦੀ ਭਰਵੀਂ ਸ਼ਲਾਘਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।