ਸਕਾਟਲੈਂਡ: ਘੱਟ ਆਮਦਨੀ ਵਾਲੇ ਲੋਕਾਂ ਨੂੰ ਮਿਲੇਗੀ 500 ਪੌਂਡ ਦੀ ਇਕਾਂਤਵਾਸ ਗ੍ਰਾਂਟ
Wednesday, Feb 03, 2021 - 02:51 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਸਰਕਾਰ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਦੌਰਾਨ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਵਿੱਤੀ ਸਹਾਇਤਾ ਲਈ ਹਰ ਸੰਭਵ ਸਹਾਇਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਹਨਾਂ ਯਤਨਾਂ ਕਰਕੇ ਹੁਣ ਘੱਟ ਆਮਦਨੀ ਵਾਲੇ ਜ਼ਿਆਦਾਤਰ ਲੋਕ ਮਹਾਮਾਰੀ ਦੌਰਾਨ ਇਕਾਂਤਵਾਸ ਸਹਾਇਤਾ ਗ੍ਰਾਂਟ ਦਾ ਦਾਅਵਾ ਕਰਨ ਦੇ ਯੋਗ ਹੋਣਗੇ। ਐਸ.ਐਨ.ਪੀ. ਸਰਕਾਰ ਨੇ ਕੰਮ ਕਰਨ ਵਿੱਚ ਅਸਮਰਥ ਹੋਣ 'ਤੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਵਾਸੀਆਂ ਦੁਆਰਾ ਇਸ ਗ੍ਰਾਂਟ ਤੋਂ ਵਾਂਝੇ ਰਹਿਣ ਦੀਆਂ ਚਿੰਤਾਵਾਂ ਦੇ ਬਾਅਦ ਇਹ ਤਬਦੀਲੀ ਕੀਤੀ ਹੈ।
ਇਸ ਸੰਬੰਧੀ ਸਕਾਟਲੈਂਡ ਦੀ ਸਮਾਜਿਕ ਸੁਰੱਖਿਆ ਸਕੱਤਰ, ਸ਼ਰਲੀ ਐਨ ਸਮਰਵਿਲ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਇਹ ਸਹਾਇਤਾ ਰਾਸ਼ੀ 9.50 ਪ੍ਰਤੀ ਘੰਟਾ ਦੇ ਅਸਲ ਲਿਵਿੰਗ ਵੇਜ ਮਤਲਬ ਗੁਜ਼ਾਰਾ ਤਨਖਾਹ ਨੂੰ ਜਾਂ ਇਸ ਤੋਂ ਘੱਟ ਰੇਟ ਪ੍ਰਾਪਤ ਕਰਨ ਵਾਲੇ ਲੋਕਾਂ ਲਈ ਉਪਲੱਬਧ ਹੋਵੇਗੀ।ਇਸ ਦੇ ਇਲਾਵਾ ਇਹ ਰਾਸ਼ੀ ਉਹਨਾਂ ਲੋਕਾਂ ਲਈ ਵੀ ਉਪਲੱਬਧ ਹੋਵੇਗੀ ਜੋ ਘੱਟ ਆਮਦਨੀ ਕਰਕੇ ਕੌਂਸਲ ਟੈਕਸ ਵਿੱਚ ਛੋਟ ਪ੍ਰਾਪਤ ਕਰਦੇ ਹਨ।
ਪੜ੍ਹੋ ਇਹ ਅਹਿਮ ਖਬਰ- ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਨੂੰ ਦਿੱਤਾ ਸਮਰਥਨ, ਕਿਹਾ-ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ
ਸਕਾਟਲੈਂਡ ਦੀ ਸਰਕਾਰ ਦੁਆਰਾ ਇਸ ਇਕਾਂਤਵਾਸ ਸਹਾਇਤਾ ਗ੍ਰਾਂਟ ਲਈ ਅਰਜ਼ੀ ਦੇਣ ਲਈ ਸਮੇਂ ਦੀ ਮਿਆਦ ਨੂੰ ਵੀ ਵਧਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਲੋਕ ਹੁਣ ਆਪਣੇ ਆਪ ਨੂੰ ਅਲੱਗ ਕਰਨ ਦੇ 28 ਦਿਨਾਂ ਦੇ ਅੰਦਰ ਅੰਦਰ ਸਹਾਇਤਾ ਲਈ ਅਰਜ਼ੀ ਦੇ ਸਕਣਗੇ। ਇਹ ਤਬਦੀਲੀਆਂ ਕੌਂਸਲ ਨੂੰ ਤਿਆਰੀ ਕਰਨ ਦਾ ਸਮਾਂ ਦੇਣ ਦੇ ਮੰਤਵ ਲਈ 16 ਫਰਵਰੀ ਤੋਂ ਸ਼ੁਰੂ ਹੋਣਗੀਆਂ ਪਰ ਇਸ ਲਈ ਯੋਗਤਾ 2 ਫਰਵਰੀ ਤੋਂ ਦੇਖੀ ਜਾਵੇਗੀ। ਸਮਰਵਿਲ ਨੇ ਤਾਲਾਬੰਦੀ ਨਿਯਮਾਂ ਅਤੇ ਇਕਾਂਤਵਾਸ ਦੀ ਪਾਲਣਾ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਇਸ ਸਹਾਇਤਾ ਰਾਸ਼ੀ ਦੀ ਲੋੜਵੰਦਾਂ ਲਈ ਪੇਸ਼ਕਸ਼ ਕੀਤੀ ਹੈ।
ਨੋਟ- ਸਕਾਟਲੈਂਡ 'ਚ ਘੱਟ ਆਮਦਨੀ ਵਾਲੇ ਲੋਕਾਂ ਨੂੰ 500 ਪੌਂਡ ਦੀ ਇਕਾਂਤਵਾਸ ਗ੍ਰਾਂਟ ਮਿਲਣ ਸੰਬੰਧੀ, ਖ਼ਬਰ ਬਾਰੇ ਕੁਮੈਂਟ ਕਰ ਦੱਸੋ ਰਾਏ।