ਵਿਗਿਆਨੀਆਂ ਨੇ ਲੱਭੀ ਇੰਟਰਸਟੈਲਰ ਸੁਰੰਗ
Tuesday, Aug 19, 2025 - 03:00 AM (IST)

ਇੰਟਰਨੈਸ਼ਨਲ ਡੈਸਕ (ਆਰੁਸ਼ ਚੋਪੜਾ) - ਪੁਲਾੜ ’ਚ ਜਿਹੜੀ ਥਾਂ ਸਾਨੂੰ ਖਾਲੀ ਨਜ਼ਰ ਆਉਂਦੀ ਹੈ, ਅਸਲ ’ਚ ਉਹ ਖਾਲੀ ਨਹੀਂ ਹੈ। ਵਿਗਿਆਨੀਆਂ ਨੇ ਇਕ ਅਜਿਹੀ ਇੰਟਰਸਟੈਲਰ ਸੁਰੰਗ ਲੱਭੀ ਹੈ, ਜੋ ਸਾਡੇ ਸੂਰਜੀ ਮੰਡਲ ਨੂੰ ਹੋਰ ਦੂਰ-ਦੁਰਾਡੇ ਸਥਿਤ ਤਾਰਿਆਂ ਨਾਲ ਜੋੜਦੀ ਹੈ। ਹੁਣੇ ਜਿਹੇ ਜਰਮਨੀ ਦੇ ਮਿਊਨਿਖ ’ਚ ਮੈਕਸ-ਪਲੈਂਕ ਇੰਸਟੀਚਿਊਟ ਫਾਰ ਐਕਸਟ੍ਰਾਟੈਰੇਸਟ੍ਰੀਅਲ ਫਿਜ਼ਿਕਸ ਦੇ ਵਿਗਿਆਨੀਆਂ ਨੇ ਅਜਿਹੀਆਂ 2 ਗਰਮ ਸੁਰੰਗਾਂ ਦੀ ਪਛਾਣ ਕੀਤੀ ਹੈ, ਜੋ ਪੁਲਾੜ ਦੇ ਇਕ ਵੱਡੇ ਖੇਤਰ ਵਿਚ ਫੈਲੀਆਂ ਹੋਈਆਂ ਹਨ। ਆਪਣੇ ਨਵੇਂ ਅਧਿਐਨ ਲਈ ਇਨ੍ਹਾਂ ਵਿਗਿਆਨੀਆਂ ਨੇ 2019 ’ਚ ਲਾਂਚ ਕੀਤੇ ਗਏ ਸੈਟੇਲਾਈਟ ਈ-ਰੋਸਿਟਾ ਐਕਸਰੇ ਟੈਲੀਸਕੋਪ ਦੇ ਡਾਟਾ ਦੀ ਵਰਤੋਂ ਕੀਤੀ ਹੈ।
300 ਰੋਸ਼ਨੀ ਸਾਲ ’ਚ ਫੈਲੀ ਹੈ ਇਕ ਸੁਰੰਗ
ਵਿਗਿਆਨੀਆਂ ਨੇ ਆਪਣੇ ਅਧਿਐਨ ਵਿਚ ਵੇਖਿਆ ਕਿ ਇਹ ਇੰਟਰਸਟੈਲਰ ਸੁਰੰਗ ਇਕ ਬੁਲਬੁਲੇ ਵਰਗੀ ਹੈ, ਜੋ 300 ਰੋਸ਼ਨੀ ਸਾਲ ਦੀ ਦੂਰੀ ’ਚ ਫੈਲੀ ਹੈ। ਸੂਰਜ ਇਸ ਘੱਟ ਘਣਤਾ ਵਾਲੇ ਬੁਲਬੁਲੇ ਦੇ ਕੇਂਦਰ ਵਿਚ ਹੈ।
ਘੱਟ ਘਣਤਾ ਵਾਲੇ ਬੁਲਬੁਲੇ ਵਰਗੀ ਇਸ ਸੁਰੰਗ ਦੇ ਕੇਂਦਰ ਵਿਚ ਹੈ ਸਾਡਾ ਸੂਰਜ
ਈ-ਰੋਸਿਟਾ ਐਕਸਰੇ ਟੈਲੀਸਕੋਪ ਦੇ ਡਾਟਾ ਨਾਲ ਹੋਇਆ ਇਹ ਖੁਲਾਸਾ
ਸੈਂਟੋਰਸ–
ਇਸ ਦਾ ਇਕ ਸਿਰਾ ਸੈਂਟੋਰਸ ਤਾਰਾ ਮੰਡਲ (ਨਰਤੁਰੰਗ ਤਾਰਾ ਮੰਡਲ) ਵੱਲ ਜਾਂਦਾ ਹੈ। ਇਹ ਤਾਰਾ ਮੰਡਲ ਧਰਤੀ ਦੇ ਦੱਖਣੀ ਗੋਲਾਰਧ ਦੇ ਆਕਾਸ਼ ਵਿਚ ਨਜ਼ਰ ਆਉਂਦਾ ਹੈ।
ਕੈਨਿਸ ਮੇਜਰ
ਇਸ ਸੁਰੰਗ ਦਾ ਦੂਜਾ ਸਿਰਾ ਕੈਨਿਸ ਮੇਜਰ ਵੱਲ ਜਾਂਦਾ ਹੈ, ਜਿਸ ਨੂੰ ਹਿੰਦੀ ’ਚ ਮਹਾਸ਼ਵਾਨ ਤਾਰਾ ਮੰਡਲ ਵੀ ਕਹਿੰਦੇ ਹਨ। ਇਸ ਸੁਰੰਗ ਦੇ ਚਾਰੇ ਪਾਸੇ ਠੰਢਾ ਖੇਤਰ ਹੈ।
ਕਿਸੇ ਸੁਪਰਨੋਵਾ ਦੀ ਕਬਰ
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਸੁਰੰਗੀ ਖੇਤਰ ਕਿਸੇ ਸੁਪਰਨੋਵਾ ਦੀ ਕਬਰਗਾਹ ਹੈ, ਜੋ 10 ਤੋਂ 20 ਅਰਬ ਸਾਲ ਪਹਿਲਾਂ ਧਮਾਕੇ ਨਾਲ ਤਬਾਹ ਹੋ ਗਿਆ ਸੀ। ਇਸ ਧਮਾਕੇ ਨੇ ਗਰਮ ਪਲਾਜ਼ਮਾ ਦੀ ਇਕ ਤਰੰਗ ਪੈਦਾ ਕੀਤੀ, ਜੋ ਆਪਣੇ ਪਿੱਛੇ ਇਕ ਗਰਮ ਤੇ ਘੱਟ ਘਣਤਾ ਵਾਲੀ ਖਾਲੀ ਥਾਂ ਛੱਡ ਗਈ।
ਤਾਰਿਆਂ ਦੀ ਸ਼ਾਖਾ ਪ੍ਰਣਾਲੀ
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਇੰਟਰਸਟੈਲਰ ਸੁਰੰਗਾਂ ਅਸਲ ’ਚ ਤਾਰਾ ਨਿਰਮਾਣ ਖੇਤਰਾਂ ਦੇ ਵਿਚਕਾਰ ਦੀਆਂ ਸ਼ਾਖਾ ਪ੍ਰਣਾਲੀਆਂ ਹਨ। ਵਿਗਿਆਨੀ ਲੰਮੇ ਸਮੇਂ ਤੋਂ ਇਹ ਅਨੁਮਾਨ ਲਾ ਰਹੇ ਸਨ ਕਿ ਸੂਰਜੀ ਮੰਡਲ ਇਕ ਹੈਰਾਨੀਜਨਕ ਗਰਮ ਪੱਟੀ ਵਿਚ ਹੈ, ਜਿੱਥੇ ਪੁਲਾੜ ਘੱਟ ਸੰਘਣਾ ਹੈ। ਉਹ ਇਸ ਨੂੰ ਲੋਕਲ ਹੌਟ ਬੱਬਲ ਕਹਿ ਰਹੇ ਸਨ।
ਇੰਝ ਲੱਗਾ ਪਤਾ
ਇਨ੍ਹਾਂ ਸੁਰੰਗਾਂ ਬਾਰੇ ਸਾਫਟ ਐਕਸਰੇ ਭਾਵ ਬਹੁਤ ਹੀ ਘੱਟ ਊਰਜਾ ਵਾਲੇ ਫੋਟੋਨ ਰਾਹੀਂ ਪਤਾ ਲੱਗਾ। ਇਹ ਫੋਟੋਨ ਪੁਲਾੜ ਵਿਚ ਬਹੁਤ ਦੂਰ ਨਹੀਂ ਜਾ ਸਕਦੇ ਪਰ ਖੋਖਲੀ ਸੁਰੰਗ ਵਿਚ ਦੂਰ ਤਕ ਜਾ ਰਹੇ ਸਨ। ਵਿਗਿਆਨੀਆਂ ਨੇ ਵੇਖਿਆ ਕਿ ਈ-ਰੋਸਿਟਾ ਧਰਤੀ ਤੋਂ 15 ਲੱਖ ਕਿਲੋਮੀਟਰ ਦੀ ਦੂਰੀ ’ਤੇ ਕੁਝ ਬੇਹੱਦ ਕਮਜ਼ੋਰ ਰੇਡੀਏਸ਼ਨ ਦਾ ਡਾਟਾ ਵਿਖਾ ਰਿਹਾ ਹੈ। ਇਹ ਰੇਡੀਏਸ਼ਨ ਇੰਨਾ ਕਮਜ਼ੋਰ ਸੀ ਕਿ ਇਸ ਦਾ ਧਰਤੀ ਦੇ ਵਾਯੂਮੰਡਲ ’ਤੇ ਜ਼ਰਾ ਵੀ ਅਸਰ ਨਹੀਂ ਸੀ। ਵਿਗਿਆਨੀਆਂ ਲਈ ਇਹ ਹੈਰਾਨ ਕਰ ਦੇਣ ਵਾਲਾ ਡਾਟਾ ਸੀ।
ਦੱਖਣ ਦੇ ਮੁਕਾਬਲੇ ਉੱਤਰ ਵੱਧ ਠੰਢਾ
ਵਿਗਿਆਨੀਆਂ ਨੇ ਅਕਾਸ਼ਗੰਗਾ ਨੂੰ 2000 ਵੱਖ-ਵੱਖ ਖੇਤਰਾਂ ਵਿਚ ਵੰਡ ਕੇ ਅਧਿਐਨ ਕੀਤਾ ਅਤੇ ਵੇਖਿਆ ਕਿ ਅਕਾਸ਼ਗੰਗਾ ਦਾ ਉੱਤਰੀ ਖੇਤਰ ਦੱਖਣੀ ਖੇਤਰ ਦੇ ਮੁਕਾਬਲੇ ਵੱਧ ਠੰਢਾ ਹੈ। ਇਸ ਨਾਲ ਇਹ ਵੀ ਪਤਾ ਲੱਗਾ ਕਿ ਲੋਕਲ ਹੌਟ ਬੱਬਲ ਦੱਖਣ ’ਚ ਦੂਰ ਤਕ ਫੈਲਿਆ ਹੈ। ਇਸ ਖੋਜ ਦੇ ਸਹਿ ਲੇਖਕ ਅਤੇ ਮੈਕਸ ਪਲੈਂਕ ਇੰਸਟੀਚਿਊਟ ਦੇ ਡਾ. ਮਾਈਕਲ ਫ੍ਰੇਬਰਗ ਅਨੁਸਾਰ ਲੋਕਲ ਹੌਟ ਬੱਬਲ ਗਮ ਨੇਬੁਲਾ ਦੇ ਵਿਚਕਾਰ ਇਕ ਸੁਰੰਗ ਫੈਲੀ ਹੈ। ਗਮ ਨੇਬੁਲਾ ਧਰਤੀ ਤੋਂ 1500 ਰੋਸ਼ਨੀ ਸਾਲ ਦੂਰ ਹੈ। ਇਸ ਨੇਬੁਲਾ ’ਚ 10 ਲੱਖ ਸਾਲ ਪਹਿਲਾਂ ਇਕ ਸੁਪਰਨੋਵਾ ਧਮਾਕਾ ਹੋਇਆ ਸੀ।