ਪੰਜਾਬ ਤੋਂ ਕੈਨੇਡਾ ਦੀ ਧਰਤੀ ਤੱਕ ਭੰਗੜੇ ਨੂੰ ਚਮਕਾ ਰਿਹਾ ਸਤਵਿੰਦਰ ਲੱਕੀ

Friday, Oct 18, 2024 - 06:06 PM (IST)

ਭੰਗੜਾ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਪਛਾਣ ਹੈ। ਹਰ ਖੁਸ਼ੀ ਦੇ ਮੌਕੇ 'ਤੇ ਭੰਗੜਾ ਨਾ ਪਵੇ ਇਹ ਹੋ ਹੀ ਨਹੀਂ ਸਕਦਾ। ਕਾਲਜਾਂ, ਯੂਨੀਵਰਸਿਟੀਆਂ ਵਿੱਚ ਯੂਥ ਫੈਸਟੀਵਲਾਂ ਦੌਰਾਨ ਭੰਗੜੇ ਵਿੱਚ ਹਿੱਸਾ ਲੈਣਾ, ਟੀਮਾਂ ਬਣਾਉਣੀਆਂ, ਰਿਹਰਸਲਾਂ ਕਰਨੀਆਂ, ਭੰਗੜੇ ਲਈ ਕੁੜਤੇ ਤੇ ਚਾਦਰੇ ਸਵਾਉਣੇ ਇਹ ਸਭ ਅਣਮੁੱਲੀਆਂ ਯਾਦਾਂ ਨੇ। ਜਿੱਥੇ ਇੱਕ ਪਾਸੇ ਭੰਗੜਾ ਪਾਉਣ ਵਾਲੇ ਨੌਜਵਾਨਾਂ ਨੂੰ ਚਾਅ ਹੁੰਦਾ ਹੈ ਉੱਥੇ ਹੀ ਉਨ੍ਹਾਂ ਦੇ ਗੁਰੂਆਂ, ਉਸਤਾਦਾਂ ਨੂੰ ਵੀ ਦੁੱਗਣਾ ਚਾਅ ਹੁੰਦਾ ਹੈ ਕਿ ਉਨ੍ਹਾਂ ਦੇ ਸਿਖਾਏ ਤੇ ਚੰਡੇ ਹੋਏ ਚੇਲੇ ਭੰਗੜੇ ਵਿੱਚ ਉਨ੍ਹਾਂ ਦੀ ਬੱਲੇ-ਬੱਲੇ ਕਰਵਾਉਣਗੇ। ਇਸ ਤੋਂ ਵੱਧ ਮਾਣ ਵਾਲੀ ਗੱਲ ਹੋ ਹੀ ਨਹੀਂ ਸਕਦੀ ਕਿ ਤੁਸੀਂ ਜਿਸ ਕਾਲਜ ਵਿੱਚ ਪੜੇ ਹੋਵੋ, ਉੱਥੋਂ ਦੀ ਭੰਗੜਾ ਟੀਮ ਵਿੱਚ ਨੱਚੇ ਹੋਵੋ ਬਾਅਦ ਵਿੱਚ ਉਸੇ ਕਾਲਜ ਵਿੱਚ ਅਧਿਆਪਕ ਬਣ ਕੇ ਆਵੋ ਤੇ ਅੱਗੇ ਦੀ ਪਨੀਰੀ ਨੂੰ ਭੰਗੜਾ ਸਿਖਾਓ ਤੇ ਉਨ੍ਹਾਂ ਦੇ ਕੋਚ ਬਣੋ।

ਅਜਿਹਾ ਹੀ ਇੱਕ ਸ਼ਖ਼ਸ ਸਤਵਿੰਦਰ ਸਿੰਘ ਲੱਕੀ ਹੈ ਜਿਸਨੇ ਨਾ ਸਿਰਫ਼ ਪੰਜਾਬ ਸਗੋਂ ਕੈਨੇਡਾ ਦੀ ਧਰਤੀ ਉੱਪਰ ਵੀ ਭੰਗੜਾ ਪਾ ਕੇ ਪੰਜਾਬ ਤੇ ਪੰਜਾਬੀਅਤ ਦਾ ਮਾਣ ਵਧਾਇਆ। ਪਟਿਆਲਾ ਦੇ ਖ਼ਾਲਸਾ ਕਾਲਜ ਵਿੱਚ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਭੰਗੜਚੀ ਸਤਵਿੰਦਰ ਸਿੰਘ ਲੱਕੀ ਨੇ ਜਿੱਥੇ ਖੁਦ ਭੰਗੜਾ ਸਿੱਖਿਆ ਤੇ ਖਾਲਸਾ ਕਾਲਜ ਦੀ ਟੀਮ ਦਾ ਅਹਿਮ ਹਿੱਸਾ ਬਣ ਕੇ ਹਰ ਯੂਥ ਫੈਸਟੀਵਲ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਖਾਲਸਾ ਕਾਲਜ ਪਟਿਆਲਾ ਦਾ ਮਾਣ ਵਧਾਇਆ ਉੱਥੇ ਹੀ ਬਾਅਦ ਵਿੱਚ ਖਾਲਜਾ ਕਾਲਜ ਦੀ ਭੰਗੜੇ ਦੀ ਟੀਮ ਦਾ ਕੋਚ ਬਣ ਕੇ ਨੌਜਵਾਨਾਂ ਨੂੰ ਭੰਗੜਾ ਸਿਖਾਉਣ ਦਾ ਮਾਣ ਹਾਸਲ ਕੀਤਾ। ਭੰਗੜੇ ਦੇ ਖੇਤਰ ਵਿੱਚ ਸਤਵਿੰਦਰ ਸਿੰਘ ਲੱਕੀ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਹਨ। ਸੰਨ 1997 ਤੋਂ ਲੈ ਕੇ 2005 ਤੱਕ ਉਹ ਲਗਾਤਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੌਰਥ ਤੇ ਨੈਸ਼ਨਲ ਦੋਵੇਂ ਜਿੱਤਦੇ ਰਹੇ। ਇਹ ਆਪਣੇ ਆਪ ਵਿੱਚ ਵੱਡੀ ਗੱਲ ਸੀ ਕਿ ਜਦੋਂ ਵੀ ਯੂਥ ਫੈਸਟੀਵਲ ਸ਼ੁਰੂ ਹੋਣੇ ਉਦੋਂ ਹੀ ਖਾਲਸਾ ਕਾਲਜ ਦੇ ਭੰਗੜੇ ਦੀ ਟੀਮ ਤੇ ਸਤਵਿੰਦਰ ਸਿੰਘ ਲੱਕੀ ਦਾ ਨਾਮ ਹਮੇਸ਼ਾ ਹਰ ਇੱਕ ਦੀ ਜ਼ੁਬਾਨ ਉੱਪਰ ਤੇ ਉਨ੍ਹਾਂ ਦੇ ਚੇਤਿਆਂ ਵਿੱਚ ਹੁੰਦਾ ਸੀ। 

ਸਤਵਿੰਦਰ ਸਿੰਘ ਲੱਕੀ ਦੱਸਦੇ ਹਨ ਕਿ ਭੰਗੜੇ ਵਿੱਚ ਉਹ ਜਿਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਹਨ ਉਹ ਹਨ ਪੰਮੀ ਬਾਈ, ਜਿਨ੍ਹਾਂ ਕਰਕੇ ਉਨ੍ਹਾਂ ਨੇ ਭੰਗੜਾ ਪਾਉਣ ਬਾਰੇ ਸੋਚਿਆ। ਇਸ ਤੋਂ ਬਾਅਦ ਉਹ ਜਦੋਂ ਪਟਿਆਲਾ ਦੇ ਖ਼ਾਲਸਾ ਕਾਲਜ ਵਿੱਚ ਬਤੌਰ ਵਿਦਿਆਰਥੀ ਪੜ੍ਹਨ ਗਏ ਤਾਂ ਉਦੋਂ ਉਹ ਉੱਥੋਂ ਦੀ ਭੰਗੜੇ ਦੀ ਟੀਮ ਦਾ ਹਿੱਸਾ ਬਣੇ ਤੇ ਇਸ ਦੌਰਾਨ ਉਨ੍ਹਾਂ ਦੀ ਭੰਗੜਾ ਟੀਮ ਦੇ ਇੰਚਾਰਜ ਪ੍ਰੋ. ਸਤਿੰਦਰ ਸਿੰਘ ਕਾਹਲੋਂ ਦਾ ਯੋਗਦਾਨ ਉਹ ਕਦੀਂ ਨਹੀਂ ਭੁੱਲ ਸਕਦੇ ਜਿਨ੍ਹਾਂ ਨੇ ਭੰਗੜੇ ਦੇ ਗੁਰ ਦੱਸੇ ਤੇ ਉਨ੍ਹਾਂ ਨੂੰ ਭੰਗੜੇ ਦੇ ਲਾਇਕ ਬਣਾਇਆ। ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਰਥ ਜ਼ੋਨ ਦੇ ਆਲ-ਇੰਡੀਆ ਇੰਟਰ ਯੂਨੀਵਰਸਿਟੀ ਦੇ ਕੋਚ ਸਵ. ਤਜਿੰਦਰ ਸਿੰਘ ਚਾਹਲ ਦਾ ਵੀ ਉਹ ਤਹਿ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇੰਨਾ ਕੁ ਸਿਖਾਇਆ ਕਿ ਅੱਜ ਉਹ ਕੈਨੇਡਾ ਦੀ ਧਰਤੀ ਉੱਤੇ ਵੀ ਨੌਜਵਾਨਾਂ ਨੂੰ ਭੰਗੜਾ ਸਿਖਾ ਰਹੇ ਹਨ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਹੋ ਰਹੇ ਭੰਗੜੇ ਦੇ ਮੁਕਾਬਲਿਆਂ ਵਿੱਚ ਬਤੌਰ ਜੱਜ ਵਜੋਂ ਬੁਲਾਏ ਜਾਂਦੇ ਹਨ ਤੇ ਸਨਮਾਨੇ ਜਾਂਦੇ ਹਨ।

ਜਿੱਥੇ ਲੋਕ ਭੰਗੜੇ ਨੂੰ ਇਹ ਕਹਿ ਕੇ ਟਿੱਚਰਾਂ ਕਰਦੇ ਸਨ ਕਿ ਇਸ ਨੱਚਣ-ਟੱਪਣ ਨਾਲ ਕੁੱਝ ਨੀ ਹੋਣਾ, ਕੋਈ ਕੰਮ ਧੰਦਾ ਵੀ ਕਰ ਲਓ ਉੱਥੇ ਹੀ ਸਤਵਿੰਦਰ ਸਿੰਘ ਲੱਕੀ ਨੇ ਭੰਗੜੇ ਦੇ ਖੇਤਰ ਵਿੱਚ ਨਾ ਸਿਰਫ਼ ਵਧੀਆ ਪ੍ਰਾਪਤੀਆਂ ਹਾਸਲ ਕੀਤੀਆਂ ਸਗੋਂ ਉਨ੍ਹਾਂ ਨੂੰ ਰੋਜ਼ਗਾਰ ਵੀ ਭੰਗੜੇ ਕਰਕੇ ਹੀ ਮਿਲਿਆ। ਉਨ੍ਹਾਂ ਨੇ ਇਹ ਸਿੱਧ ਕੀਤਾ ਕਿ ਜੇ ਤੁਹਾਡੀ ਨੀਅਤ ਸਾਫ਼ ਹੋਵੇ ਤਾਂ ਤੁਸੀਂ ਕਿਸੇ ਵੀ ਖੇਤਰ ਨੂੰ ਆਪਣਾ ਆਧਾਰ ਬਣਾ ਕੇ ਅੱਗੇ ਵੱਧ ਸਕਦੇ ਹੋ। ਅੱਜ ਉਹ ਕੈਨੇਡਾ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਪੈਂਦੇ ਭੰਗੜੇ ਦੀ ਜੱਜਮੈਂਟ ਕਰਦੇ ਹਨ। ਉਨ੍ਹਾਂ ਦੇ ਸਿੱਖੇ ਭੰਗੜਚੀ ਵੱਡੀਆਂ ਵੱਡੀਆਂ ਸਟੇਜਾਂ ਉੱਪਰ ਭੰਗੜਾ ਤੇ ਉਨ੍ਹਾਂ ਦਾ ਨਾਮ ਰੌਸ਼ਨ ਕਰ ਰਹੇ ਹਨ।


Rakesh

Content Editor

Related News