ਪ੍ਰਕਾਸ਼ ਪੁਰਬ ਮੌਕੇ ਮਲਕੀਤ ਸਿੰਘ ਦੀ ਧਾਰਮਿਕ ਪੇਸ਼ਕਾਰੀ ‘ਬਾਬਾ ਨਾਨਕ’ ਨੇ ਦੁਨੀਆ ਭਰ 'ਚ ਖਿੱਚਿਆ ਧਿਆਨ

Monday, Nov 23, 2026 - 12:25 PM (IST)

ਪ੍ਰਕਾਸ਼ ਪੁਰਬ ਮੌਕੇ ਮਲਕੀਤ ਸਿੰਘ ਦੀ ਧਾਰਮਿਕ ਪੇਸ਼ਕਾਰੀ ‘ਬਾਬਾ ਨਾਨਕ’ ਨੇ ਦੁਨੀਆ ਭਰ 'ਚ ਖਿੱਚਿਆ ਧਿਆਨ

ਮੈਲਬੌਰਨ (ਮਨਦੀਪ ਸਿੰਘ ਸੈਣੀ )- ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਸਰਬਸਾਂਝੀਵਾਲਤਾ ਅਤੇ ਮਨੁੱਖਤਾ ਦੇ ਭਲੇ ਦਾ ਸੰਦੇਸ਼ ਸੰਗੀਤ ਰਾਹੀਂ ਦੁਨੀਆ ਭਰ ਵਿੱਚ ਪਹੁੰਚਾਉਣ ਦੇ ਉਪਰਾਲੇ ਵਜੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਮਲਕੀਤ ਸਿੰਘ ਗੋਲਡਨ ਸਟਾਰ ਵੱਲੋਂ ਨਵਾਂ ਧਾਰਮਿਕ ਗੀਤ ‘ਬਾਬਾ ਨਾਨਕ’ ਪੇਸ਼ ਕੀਤਾ ਗਿਆ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਰਚਨਾ ਰਾਹੀਂ ਉਨ੍ਹਾਂ ਦੇ ਜੀਵਨ, ਫ਼ਲਸਫ਼ੇ ਅਤੇ ਮਨੁੱਖਤਾ ਨੂੰ ਦਿੱਤੀਆਂ ਸਿੱਖਿਆਵਾਂ ਦਾ ਗੁਣਗਾਨ ਕੀਤਾ ਗਿਆ ਹੈ। ਮਲਕੀਤ ਸਿੰਘ ਦੀ ਸੁਰੀਲੀ ਆਵਾਜ਼ ਵਿੱਚ ਸਜੀ ਇਸ ਪੇਸ਼ਕਾਰੀ ਨੂੰ ਦੁਨੀਆ ਭਰ ਦੀਆਂ ਸੰਗਤਾਂ ਤੱਕ ਪਹੁੰਚਾਉਣ ਲਈ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ।

ਗੀਤ ਦੇ ਬੋਲ ਅੰਤਰਰਾਸ਼ਟਰੀ ਗੋਲਡ ਮੈਡਲ ਜੇਤੂ ਗੀਤਕਾਰ ਹਰਵਿੰਦਰ ਉਹੜਪੁਰੀ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਨਾਲ ਉੱਘੇ ਸੰਗੀਤਕਾਰ ਗੁਰਮੀਤ ਸਿੰਘ ਨੇ ਸ਼ਿੰਗਾਰਿਆ ਹੈ। ਗੀਤ ਦਾ ਡਿਜ਼ਾਈਨ ਪੰਕਜ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਫ਼ਿਲਮਾਂਕਣ ਨਰਿੰਦਰ ਬਰਾੜ ਨੇ ਕੀਤਾ ਹੈ। ਇਸ ਗੀਤ ਦੀ ਇੱਕ ਹੋਰ ਅਹਿਮ ਵਿਸ਼ੇਸ਼ਤਾ ਇਸ ਦੇ ਗੀਤਕਾਰ ਹਰਵਿੰਦਰ ਉਹੜਪੁਰੀ ਦੀ ਲੰਮੀ ਅਤੇ ਪ੍ਰਭਾਵਸ਼ਾਲੀ ਸੰਗੀਤਕ ਸਿਰਜਣਾ ਹੈ। ਉਨ੍ਹਾਂ ਨੇ ਪੰਜਾਬੀ ਗੀਤਕਾਰੀ ਵਿੱਚ ਆਪਣੀਆਂ ਵਿਲੱਖਣ ਰਚਨਾਵਾਂ ਰਾਹੀਂ ਨਵੇਂ ਦਿਸਹੱਦੇ ਸਿਰਜੇ ਹਨ ਅਤੇ ਕਈ ਯਾਦਗਾਰੀ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਉਨ੍ਹਾਂ ਦੇ ਲਿਖੇ ਗੀਤ ‘ਮਾਰੀਆਂ ਚਪੇੜਾਂ ਰੱਬ ਦੇ’ ਨੂੰ ਮਰਹੂਮ ਗਾਇਕ ਕੁਲਦੀਪ ਮਾਣਕ ਨੇ ਆਪਣੀ ਆਵਾਜ਼ ਦਿੱਤੀ ਸੀ, ਜਦਕਿ ‘ਸਿੱਖੀ ਦੀਆਂ ਸ਼ਾਨਾਂ’ ਹੰਸਰਾਜ ਹੰਸ ਦੀ ਆਵਾਜ਼ ਵਿੱਚ ਖ਼ਾਸ ਪਛਾਣ ਬਣਾਉਣ ਵਾਲਾ ਗੀਤ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-  ਡੈਲਟਾ ਏਅਰਲਾਈਨਜ਼ ਦੇ ਸਿਸਟਮ 'ਚ ਆਈ ਖ਼ਰਾਬੀ, ਕਰੀਬ 2000 ਉਡਾਣਾਂ ਹੋਈਆਂ ਲੇਟ

ਇਸ ਤੋਂ ਇਲਾਵਾ ‘ਦਾਤਾ ਧੰਨ ਤੇਰੀ ਸਿੱਖੀ’, ‘ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ’, ‘ਸਿੱਖ ਧਰਮ ਵਿੱਚ ਔਰਤ ਦੀ ਵੀ ਬਹੁਤ ਵੱਡੀ ਕੁਰਬਾਨੀ ਆ’, ‘ਅਰਦਾਸ ਕਰਾਂ ਹਰ ਸੁਆਸ ਕਰਾਂ ਮੇਰੇ ਪ੍ਰੀਤਮ ਜੀਓ’ ਅਤੇ ‘ਸਿੰਘੋ ਸੇਵਾਦਾਰ ਬਣੋ ਸਿੱਖ ਕੌਮ ਦੇ, ਨਾ ਭਾਲੋ ਤੁਸੀਂ ਸੀ ਜਥੇਦਾਰੀਆਂ’ ਵਰਗੀਆਂ ਰਚਨਾਵਾਂ ਵੀ ਉਨ੍ਹਾਂ ਦੀ ਕਲਮ ਤੋਂ ਨਿਕਲੀਆਂ ਹਨ। ਇਸੇ ਤਰ੍ਹਾਂ ‘ਜਨਮ ਦਿਹਾੜਾ ਖਾਲਸੇ ਦਾ’ (ਸੁਰਜੀਤ ਬਿੰਦਰੱਖੀਆ), ‘ਖਾਲਸਾ ਪੰਥ’, ‘ਦਰਸ਼ਨ ਗੁਰਧਾਮਾਂ ਦੇ’, ‘ਬੀਰ ਖ਼ਾਲਸਾ’ (ਜੈਜ਼ੀ ਬੀ), ‘ਭਾਈ ਘਨ੍ਹਈਆ’ (ਦਲੇਰ ਮਹਿੰਦੀ) ਅਤੇ ‘ਸਿੱਖੀ ਦਾ ਮਹਿਲ’ (ਗੀਤਾ ਜ਼ੈਲਦਾਰ) ਵਰਗੇ ਗੀਤਾਂ ਰਾਹੀਂ ਵੀ ਹਰਵਿੰਦਰ ਉਹੜਪੁਰੀ ਨੇ ਸਿੱਖ ਇਤਿਹਾਸ, ਵਿਰਾਸਤ ਅਤੇ ਧਾਰਮਿਕ ਭਾਵਨਾਵਾਂ ਨੂੰ ਸੰਗੀਤ ਦੇ ਮਾਧਿਅਮ ਨਾਲ ਲੋਕਾਂ ਤੱਕ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ।

‘ਬਾਬਾ ਨਾਨਕ’ ਗੀਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਉਪਦੇਸ਼ਾਂ ਦੀ ਮਹਿਮਾ ਨੂੰ ਸੰਗੀਤਕ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਗੁਰੂ ਸਾਹਿਬ ਵੱਲੋਂ ਦਿੱਤਾ ਗਿਆ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਅੱਜ ਵੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਇਸੇ ਰੂਹਾਨੀ ਭਾਵਨਾ ਨੂੰ ਮੁੱਖ ਰੱਖਦਿਆਂ ਤਿਆਰ ਕੀਤੀ ਗਈ ਇਹ ਪੇਸ਼ਕਾਰੀ ਸੰਗੀਤ ਅਤੇ ਸ਼ਰਧਾ ਦਾ ਸੁਮੇਲ ਬਣ ਕੇ ਸਾਹਮਣੇ ਆਈ ਹੈ। ਗੀਤ ਨਾਲ ਜੁੜੀ ਸਮੁੱਚੀ ਟੀਮ ਨੂੰ ਉਮੀਦ ਹੈ ਕਿ ਇਹ ਰਚਨਾ ਦੁਨੀਆ ਭਰ ਦੀ ਸਾਧ ਸੰਗਤ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਏਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News