ਸੰਸਦ ''ਚ ਭਰੋਸੇ ਦੀ ਵੋਟ ਹਾਸਲ ਨਾ ਕਰ ਸਕੇ ਪੁਸ਼ਪ ਕਮਲ ਦਹਿਲ, ਓਲੀ ਨੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ

Saturday, Jul 13, 2024 - 01:41 AM (IST)

ਇੰਟਰਨੈਸ਼ਨਲ ਡੈਸਕ : ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ 'ਪ੍ਰਚੰਡ' ਸ਼ੁੱਕਰਵਾਰ ਨੂੰ ਸੰਸਦ ਵਿਚ ਭਰੋਸੇ ਦੀ ਵੋਟ ਹਾਸਲ ਨਹੀਂ ਕਰ ਸਕੇ। ਪਿਛਲੇ ਹਫ਼ਤੇ ਉਨ੍ਹਾਂ ਦੀ ਸਰਕਾਰ ਤੋਂ ਕਮਿਊਨਿਸਟ ਪਾਰਟੀ ਆਫ ਨੇਪਾਲ-ਯੂਨੀਫਾਈਡ ਮਾਰਕਸਵਾਦੀ ਲੈਨਿਨਵਾਦੀ (ਸੀਪੀਐੱਨ-ਯੂਐੱਮਐੱਲ) ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਇਸ ਘਟਨਾ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਗਿਆ ਹੈ। ਦੇਸ਼ ਦੇ 275 ਮੈਂਬਰੀ ਪ੍ਰਤੀਨਿਧ ਸਦਨ ਵਿਚ 69 ਸਾਲਾ ਪ੍ਰਚੰਡ ਨੂੰ 63 ਵੋਟਾਂ ਮਿਲੀਆਂ, ਜਦੋਂਕਿ ਭਰੋਸੇ ਦੇ ਪ੍ਰਸਤਾਵ ਦੇ ਵਿਰੋਧ ਵਿਚ 194 ਵੋਟਾਂ ਪਈਆਂ। ਭਰੋਸੇ ਦਾ ਵੋਟ ਹਾਸਲ ਕਰਨ ਲਈ ਘੱਟੋ-ਘੱਟ 138 ਵੋਟਾਂ ਦੀ ਲੋੜ ਸੀ। ਪ੍ਰਤੀਨਿਧ ਸਦਨ ਦੇ 258 ਮੈਂਬਰਾਂ ਨੇ ਵੋਟਿੰਗ ਵਿਚ ਹਿੱਸਾ ਲਿਆ, ਜਦਕਿ ਇਕ ਮੈਂਬਰ ਗੈਰ-ਹਾਜ਼ਰ ਰਿਹਾ।

ਨੇਪਾਲ ਕਮਿਊਨਿਸਟ ਪਾਰਟੀ-ਮਾਓਇਸਟ ਸੈਂਟਰ (ਸੀ.ਪੀ.ਐੱਨ-ਐੱਮ.ਸੀ) ਦੇ ਪ੍ਰਧਾਨ ਪ੍ਰਚੰਡ, 25 ਦਸੰਬਰ, 2022 ਨੂੰ ਅਹੁਦਾ ਸੰਭਾਲਣ ਤੋਂ ਬਾਅਦ ਚਾਰ ਵਾਰ ਭਰੋਸੇ ਦਾ ਵੋਟ ਜਿੱਤਣ ਵਿਚ ਸਫਲ ਹੋਏ ਸਨ, ਪਰ ਇਸ ਵਾਰ ਉਹ ਅਸਫਲ ਰਹੇ। ਪ੍ਰਤੀਨਿਧ ਸਦਨ ਦੇ ਸਪੀਕਰ ਦੇਵ ਰਾਜ ਘਿਮੀਰੇ ਨੇ ਸੰਵਿਧਾਨ ਦੇ ਅਨੁਛੇਦ 100 ਕਲਾਜ਼ 2 ਦੇ ਅਨੁਸਾਰ ਵੋਟਿੰਗ ਲਈ ਪ੍ਰਚੰਡ ਦੇ ਭਰੋਸੇ ਦਾ ਪ੍ਰਸਤਾਵ ਰੱਖਿਆ। ਵੋਟਿੰਗ ਪੂਰੀ ਹੋਣ ਤੋਂ ਬਾਅਦ ਉਸ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਪ੍ਰਚੰਡ ਭਰੋਸੇ ਦਾ ਵੋਟ ਜਿੱਤਣ ਵਿਚ ਅਸਫਲ ਰਹੇ ਹਨ। ਸਪੀਕਰ ਘਿਮੀਰੇ ਹੁਣ ਪ੍ਰਧਾਨ ਰਾਮਚੰਦਰ ਪੌਡੇਲ ਨੂੰ ਸੂਚਿਤ ਕਰਨਗੇ, ਜੋ ਦੋ ਜਾਂ ਦੋ ਤੋਂ ਵੱਧ ਸਿਆਸੀ ਪਾਰਟੀਆਂ ਨੂੰ ਸੰਵਿਧਾਨ ਦੇ ਆਰਟੀਕਲ 76 ਕਲਾਜ਼ 2 ਦੇ ਅਨੁਸਾਰ ਨਵੀਂ ਸਰਕਾਰ ਲਈ ਦਾਅਵਾ ਪੇਸ਼ ਕਰਨ ਲਈ ਸੱਦਾ ਦੇਣਗੇ। ਇਸ ਨਾਲ ਨੇਪਾਲੀ ਕਾਂਗਰਸ ਅਤੇ ਸੀਪੀਐੱਨ-ਯੂਐੱਮਐੱਲ ਲਈ ਨਵੀਂ ਗੱਠਜੋੜ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ।

ਇਹ ਵੀ ਪੜ੍ਹੋ : ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਲਿਫਟ 'ਚ ਫਸੀ ਔਰਤ, ਬਚਾਉਣ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ

ਸਾਬਕਾ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੀ ਅਗਵਾਈ ਵਾਲੀ ਸੀਪੀਐੱਨ-ਯੂਐੱਮਐੱਲ ਨੇ ਪਿਛਲੇ ਹਫ਼ਤੇ ਪ੍ਰਚੰਡ ਦੀ ਅਗਵਾਈ ਵਾਲੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ, ਕਿਉਂਕਿ ਇਸ ਨੇ ਸਦਨ ਦੀ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਨਾਲ ਸ਼ਕਤੀ-ਵੰਡ ਸਮਝੌਤਾ ਕੀਤਾ ਸੀ। ਨੇਪਾਲੀ ਕਾਂਗਰਸ ਕੋਲ ਪ੍ਰਤੀਨਿਧ ਸਦਨ ਵਿਚ 89 ਸੀਟਾਂ ਹਨ, ਜਦੋਂਕਿ ਸੀਪੀਐੱਨ-ਯੂਐੱਮਐੱਲ ਕੋਲ 78 ਸੀਟਾਂ ਹਨ। ਇਸ ਤਰ੍ਹਾਂ, ਦੋਵਾਂ ਦੀ ਸੰਯੁਕਤ ਗਿਣਤੀ 167 ਹੈ, ਜੋ ਹੇਠਲੇ ਸਦਨ ਵਿਚ ਬਹੁਮਤ ਲਈ ਲੋੜੀਂਦੇ 138 ਤੋਂ ਬਹੁਤ ਜ਼ਿਆਦਾ ਹੈ। ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਪਹਿਲਾਂ ਹੀ ਓਲੀ ਨੂੰ ਅਗਲੇ ਪ੍ਰਧਾਨ ਮੰਤਰੀ ਵਜੋਂ ਸਮਰਥਨ ਦੇ ਚੁੱਕੇ ਹਨ। ਦੇਉਬਾ ਅਤੇ ਓਲੀ ਨੇ ਸੋਮਵਾਰ ਨੂੰ ਪ੍ਰਚੰਡ ਦੀ ਅਗਵਾਈ ਵਾਲੀ ਸਰਕਾਰ ਨੂੰ ਹਟਾਉਣ ਅਤੇ ਨਵੀਂ ਗਠਜੋੜ ਸਰਕਾਰ ਬਣਾਉਣ ਲਈ ਸੱਤ ਸੂਤਰੀ ਸਮਝੌਤੇ 'ਤੇ ਦਸਤਖਤ ਕੀਤੇ ਸਨ।

ਸਮਝੌਤੇ ਦੇ ਅਨੁਸਾਰ, ਓਲੀ ਅਤੇ ਦੇਉਬਾ ਪ੍ਰਤੀਨਿਧ ਸਦਨ ਦੇ ਬਾਕੀ ਰਹਿੰਦੇ ਕਾਰਜਕਾਲ ਦੌਰਾਨ ਰੋਟੇਸ਼ਨ ਦੁਆਰਾ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਝਾ ਕਰਨਗੇ। ਪਹਿਲੇ ਪੜਾਅ 'ਚ ਓਲੀ ਡੇਢ ਸਾਲ ਲਈ ਪ੍ਰਧਾਨ ਮੰਤਰੀ ਬਣਨਗੇ ਅਤੇ ਉਸ ਤੋਂ ਬਾਅਦ ਦੇਉਬਾ ਬਾਕੀ ਰਹਿੰਦੇ ਸਮੇਂ ਲਈ ਪ੍ਰਧਾਨ ਮੰਤਰੀ ਹੋਣਗੇ। ਪ੍ਰਤੀਨਿਧੀ ਸਭਾ ਵਿਚ ਪ੍ਰਚੰਡ ਦੀ ਪਾਰਟੀ ਕੋਲ 32 ਸੀਟਾਂ ਹਨ। ਉਹ 25 ਦਸੰਬਰ 2022 ਨੂੰ ਸੀਪੀਐੱਨ-ਯੂਐੱਮਐੱਲ ਦੇ ਸਮਰਥਨ ਨਾਲ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਗਏ ਸਨ।

ਇਹ ਵੀ ਪੜ੍ਹੋ : ਭਾਰੀ ਬਾਰਿਸ਼ ਨੇ ਧਾਰਿਆ ਭਿਆਨਕ ਰੂਪ, UP 'ਚ ਮੌਸਮ ਨਾਲ ਜੁੜੀਆਂ ਵੱਖ-ਵੱਖ ਆਫ਼ਤਾਂ 'ਚ 54 ਲੋਕਾਂ ਦੀ ਗਈ ਜਾਨ

ਪ੍ਰਚੰਡ ਨੂੰ ਨੇਪਾਲ ਦੇ ਸੰਵਿਧਾਨ ਦੇ ਅਨੁਛੇਦ 76 ਕਲਾਜ਼ 2 ਦੇ ਅਨੁਸਾਰ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ, ਜੋ ਦੋ ਜਾਂ ਦੋ ਤੋਂ ਵੱਧ ਪਾਰਟੀਆਂ ਦੇ ਸਮਰਥਨ ਨਾਲ ਪ੍ਰਧਾਨ ਮੰਤਰੀ ਦੀ ਚੋਣ ਕਰਨ ਦੀ ਵਿਵਸਥਾ ਕਰਦਾ ਹੈ। ਸ਼ੁੱਕਰਵਾਰ ਦੁਪਹਿਰ ਨੂੰ ਜਿਵੇਂ ਹੀ ਪ੍ਰਤੀਨਿਧ ਸਦਨ ਦਾ ਸੈਸ਼ਨ ਸ਼ੁਰੂ ਹੋਇਆ, ਪ੍ਰਚੰਡ ਨੇ ਸਾਂਝੇ ਸਿਧਾਂਤਾਂ ਦੀ ਬਜਾਏ "ਡਰ ਤੋਂ" ਗੱਠਜੋੜ ਬਣਾਉਣ ਲਈ ਨੇਪਾਲੀ ਕਾਂਗਰਸ ਅਤੇ ਸੀਪੀਐੱਨ-ਯੂਐੱਮਐੱਲ ਦੀ ਤਿੱਖੀ ਆਲੋਚਨਾ ਕੀਤੀ ਅਤੇ ਉਨ੍ਹਾਂ 'ਤੇ ਦੇਸ਼ ਨੂੰ ਪਿੱਛੇ ਧੱਕਣ ਦਾ ਦੋਸ਼ ਲਗਾਇਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DILSHER

Content Editor

Related News