ਲਾਤੀਨਾ ''ਚ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਗੰਭੀਰ ਜ਼ਖਮੀ

Tuesday, Apr 15, 2025 - 06:09 PM (IST)

ਲਾਤੀਨਾ ''ਚ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਗੰਭੀਰ ਜ਼ਖਮੀ

ਰੋਮ (ਕੈਂਥ) : ਜ਼ਿਲ੍ਹਾ ਲਾਤੀਨਾ ਦੇ ਕਸਬਾ ਬੋਰਗੋ ਸੰਤਾ ਮਰੀਆਂ (ਲਾਤੀਨਾ) ਵਿਖੇ ਇੱਕ ਪੰਜਾਬੀ ਨੌਜਵਾਨ ਸਤਵਿੰਦਰ ਪਾਲ ਸਿੰਘ (ਸੈਮੀ) ਦੇ ਕੰਮ ਦੌਰਾਨ ਸਟਰਿੰਗ ਤੋਂ ਡਿੱਗ ਜਾਣ ਕਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹੈਲੀਕਾਪਟਰ ਰਾਹੀਂ ਰਾਜਧਾਨੀ ਰੋਮ ਦੇ ਸੰਨ ਕਮੀਲੋ ਵੱਡੇ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ। ਜਿੱਥੇ ਪੰਜ ਦਿਨ ਬੀਤ ਜਾਣ ਮਗਰੋ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ ਦੀ ਲਾਤੀਨਾ ਦੇ ਸਾਬਕਾ ਪ੍ਰਧਾਨ ਨੱਛਤਰ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਹਰ ਰੋਜ਼ ਦੀ ਤਰ੍ਹਾਂ ਰਾਜ ਮਿਸਤਰੀ ਦੇ ਨਾਲ ਕੰਮ 'ਤੇ ਗਿਆ ਜਿੱਥੇ ਅਚਾਨਕ ਉਚਾਈ ਤੋਂ ਹੇਠਾਂ ਡਿੱਗ ਪਿਆ ਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਨੂੰ ਅੰਬੂਲੈਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਸਤਵਿੰਦਰ ਪਾਲ ਸਿੰਘ ਜਦੋਂ ਡਿੱਗਿਆ ਸੀ ਤਾਂ ਉਸ ਦੇ ਸਰੀਰ ਦੇ ਸਿਰ ਤੋਂ ਲੈ ਕੇ ਪੈਰ ਤੱਕ ਸੱਜੇ ਪਾਸੇ ਗੰਭੀਰ ਸੱਟਾਂ ਲੱਗੀਆਂ ਤੇ ਡਾਕਟਰਾਂ ਵੱਲੋਂ ਕੁਝ ਹੱਦ ਤੱਕ ਠੀਕ ਦੱਸਿਆ ਹੈ ਪਰ ਹਾਲੇ ਹਾਲਾਤ ਗੰਭੀਰ ਹੀ ਦੱਸੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਤਵਿੰਦਰ ਪਾਲ ਸਿੰਘ (ਸੈਮੀ) ਪੱਕੇ ਤੌਰ 'ਤੇ ਮਾਲਕ ਨਾਲ ਕੰਮ ਕਰਦਾ ਸੀ ਤੇ ਮਾਲਕ ਦੇ ਇੱਕ ਘਰ ਵਿੱਚ ਰਹਿੰਦਾ ਸੀ ਤੇ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ ਵਿਖੇ ਬਹੁਤ ਹੀ ਸੇਵਾ ਕਰਦਾ ਰਹਿੰਦਾ ਸੀ। 

ਉਨ੍ਹਾਂ ਵੱਲੋਂ ਭਾਰਤ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕੇ ਦੇ ਐੱਮਐਲਏ, ਐੱਮ ਪੀ ਤੇ ਇਟਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਪਿੰਡ ਵੇਂ ਪੋਈਂ (ਖਡੂਰ ਸਾਹਿਬ) ਵਿਖੇ ਮਾਤਾ ਤੇ ਭਰਾ ਰਹਿੰਦੇ ਹਨ। ਜੇਕਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਚ ਕਿਸੇ ਨੂੰ ਪਹਿਲ ਦੇ ਅਧਾਰ 'ਤੇ ਵੀਜ਼ਾ ਮਿਲ ਜਾਵੇ ਤਾਂ ਸਤਵਿੰਦਰ ਪਾਲ ਸਿੰਘ ਦੇ ਚੰਗੇ ਤਰੀਕੇ ਨਾਲ ਦੇਖਭਾਲ ਹੋ ਸਕੇਗੀ। ਦੱਸਣਯੋਗ ਹੈ ਕਿ ਸਤਵਿੰਦਰ ਪਾਲ ਸਿੰਘ (ਸੈਮੀ) ਵੀ ਬਾਕੀ ਨੌਜਵਾਨਾਂ ਵਾਂਗ ਚੰਗੇ ਭਵਿੱਖ ਲਈ ਇਟਲੀ ਦੀ ਧਰਤੀ 'ਤੇ ਰੋਜ਼ੀ ਰੋਟੀ ਕਮਾਉਣ ਲਈ ਆਇਆ ਸੀ ਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News