ਅਮਿੱਟ ਯਾਦਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ 'ਪੰਜਾਬੀ ਵਿਰਸਾ 2024', ਵਾਰਿਸ ਭਰਾਵਾਂ ਨੇ ਗੀਤਾਂ ਨਾਲ ਬੰਨ੍ਹਿਆ ਰੰਗ

Friday, Sep 20, 2024 - 08:23 PM (IST)

ਬ੍ਰਿਸਬੇਨ/ ਮੈਲਬੌਰਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸੈਣੀ)- ਆਸਟ੍ਰੇਲੀਆ ਦੇ ਖੇਤਰੀ ਸ਼ਹਿਰ ਇੰਨਸਫੇਲ ਵਿਖੇ 'ਪੰਜਾਬੀ ਵਿਰਸਾ 2024' ਬਹੁਤ ਹੀ ਉਤਸ਼ਾਹ ਨਾਲ ਮੁੱਖ ਪ੍ਰਬੰਧਕ ਦਲਜੀਤ ਭੁੱਲਰ, ਜਸ਼ਨ ਸੰਧੂ, ਸੁਖਜੀਤ ਢਿੱਲੋਂ ਤੇ ਸੋਢੀ ਦੌਧਰ ਅਤੇ ਪੰਜਾਬੀ ਭਾਈਚਾਰੇ ਵੱਲੋਂ ਸਾਂਝੇ ਤੌਰ 'ਤੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। 

ਬੱਚਿਆਂ ਦੀਆ ਖੇਡਾਂ ਉਪਰੰਤ ਸ਼ਾਮ ਨੂੰ ਨੌਜਵਾਨ ਦਿਲਾਂ ਦੀ ਧੜਕਣ ਗਾਇਕ ਕਮਲ ਹੀਰ ਨੇ ਸਟੇਜ 'ਤੇ ਆਪਣੇ ਨਵੇ ਤੇ ਪੁਰਾਣੇ ਗੀਤਾਂ 'ਟੌਪ ਦਾ ਸ਼ੌਕੀਨ', 'ਰਾਤੀਂ ਉਹਦੀ ਫੋਟੋ ਵੇਖੀ ਫੇਸਬੁੱਕ 'ਤੇ ਮੈਂ, 'ਜਿੰਦੇ ਨੀ ਜਿੰਦੇ' 'ਕੈਂਠੇ ਵਾਲਾ', 'ਛੜਿਆਂ ਦੀ ਭਜਨ ਕੌਰੇ', ਆਦਿ ਨਾਲ ਦਸਤਕ ਦਿੱਤੀ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਕਮਲ ਹੀਰ ਦੇ ਸੁਰੀਲੇ ਸੁਰਾਂ ਤੇ ਸੰਗੀਤ ਦੀ ਤਾਲ ਨਾਲ ਤਾਲ ਮਿਲਾ ਕੇ ਦਰਸ਼ਕਾਂ ਨੂੰ ਵਰਦੇ ਮੀਂਹ ਵਿੱਚ ਆਪ ਮੁਹਾਰੇ ਨੱਚਣ-ਟੱਪਣ ਲਈ ਮਜਬੂਰ ਕਰੀ ਰੱਖਿਆ ਤੇ ਮਾਹੌਲ ਵਿੱਚ ਸੰਗੀਤਮਈ ਗਰਮਾਹਟ ਭਰ ਦਿੱਤੀ। 

PunjabKesari

ਬੀਤੇ ਤਿੰਨ ਦਹਾਕਿਆਂ ਤੋਂ ਪਰਿਵਾਰਕ ਤੇ ਉਸਾਰੂ ਗੀਤਾਂ ਦੇ ਪਹਿਰੇਦਾਰ ਤੇ ਪੰਜਾਬੀਆਂ ਦੇ ਮਾਣਮੱਤੇ ਹਰਮਨ ਪਿਆਰੇ ਪੰਜਾਬੀ ਗਾਇਕੀ ’ਚ ਵਿਰਸੇ ਦੇ ਵਾਰਿਸ ਵਜੋਂ ਜਾਣੇ ਜਾਂਦੇ ਵਾਰਿਸ ਭਰਾ ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਸਾਂਝੇ ਤੌਰ 'ਤੇ ਖੁੱਲ੍ਹੇ ਅਖਾੜੇ 'ਚ ਗੀਤ 'ਹੋਰ ਕੋਈ ਥਾਂ ਲੈ ਨਹੀਂ ਸਕਦਾ ਸਕੇ ਭਰਾਵਾਂ ਦੀ’ ਪੇਸ਼ ਕੀਤਾ ਤਾ ਸਰੋਤਿਆਂ ਵਿੱਚ ਜੋਸ਼ ਭਰ ਦਿੱਤਾ। ਇਸ ਉਪਰੰਤ ਸੰਗੀਤਕਾਰ, ਸ਼ਾਇਰ ਤੇ ਗਾਇਕ ਵਜੋ ਜਾਣੇ ਜਾਂਦੇ ਸੰਗਤਾਰ ਨੇ ਆਪਣੀ ਮਿੱਠੀ ਤੇ ਸੁਰੀਲੀ ਗਾਇਕੀ ਰਾਹੀਂ ਗੀਤ ਤੇ ਸ਼ੇਅਰੋ-ਸ਼ਾਇਰੀ ਦੁਆਰਾ ਸਰੋਤਿਆਂ ਨੂੰ ਮੰਤਰ ਮੁਗਧ ਕਰ ਕੇ ਹਾਜ਼ਰੀ ਲਗਵਾਈ।

ਅਖੀਰ ’ਚ ਪੰਜਾਬੀਆਂ ਦੇ ਹਰਮਨ ਪਿਆਰੇ ਮਹਿਬੂਬ ਗਾਇਕ ਤੇ ਵਿਰਸੇ ਦੇ ਵਾਰਿਸ ਵਜੋਂ ਜਾਣੇ ਜਾਂਦੇ ਮਿੱਠੀ, ਸੁਰੀਲੀ ਤੇ ਬੁਲੰਦ ਅਵਾਜ਼ ਦੇ ਮਾਲਕ ਮਨਮੋਹਣ ਵਾਰਿਸ ਨੇ ਜਦੋ ਸਟੇਜ ’ਤੇ ਆਪਣੇ ਨਵੇਂ ਤੇ ਪੁਰਾਣੇ ਸੱਭਿਆਚਰਕ ਗੀਤਾਂ, ਜਿਨ੍ਹਾਂ ’ਚ 'ਕਿਤੇ ਕੱਲੀ ਬਹਿ ਕੇ ਸੋਚੀਂ ਨੀ', ‘ਕੋਕਾ ਕਰਕੇ ਧੋਖਾ’, ‘ਫੁਲਕਾਰੀ’, 'ਦੋ ਤਾਰਾ ਵੱਜਦਾ', ਬਹਿਜਾ ਸਾਡੀ ਕੈਬ 'ਚ 'ਆਜਾ ਭਾਬੀ ਝੂਟ ਲੈ' ਆਦਿ ਗੀਤਾਂ ਅਤੇ ਪੰਜਾਬ ਦੀ ਜਵਾਨੀ, ਕਿਸਾਨੀ ਤੇ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਿਆਂ ਪੰਜਾਬ ਤੇ ਪੰਜਾਬੀਅਤ ਦੇ ਪਿਆਰ ਤੇ ਸਾਂਝ ਦਾ ਸੁਨੇਹਾ ਦਿੰਦਿਆਂ ਪੰਜਾਬ ਨੂੰ ਚੇਤਿਆਂ ਵਿੱਚ ਵਸਾ ਦਿੱਤਾ ਤਾਂ ਪੰਡਾਲ ਵਿੱਚ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆ। ਉਨ੍ਹਾਂ ਨੇ ਦਰਸ਼ਕਾਂ ਨੂੰ ਦੇਰ ਰਾਤ ਤੱਕ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਪੰਜਾਬੀ ਵਿਰਸਾ ਸ਼ੋਅ ਨੂੰ ਸਿਖਰਾਂ ਤੱਕ ਪਹੁੰਚਾ ਕੇ ਭਰਪੂਰ ਮੰਨੋਰੰਜਨ ਕੀਤਾ।

PunjabKesari

ਜ਼ਿਕਰਯੋਗ ਹੈ ਕਿ ਵਾਰਿਸ ਭਰਾਵਾਂ ਦੇ ਸ਼ੋਅ ’ਚ ਦੂਰ-ਦੁਰਾਡੇ ਇਲਾਕਿਆਂ ਤੋ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਹੋਏ ਦਰਸ਼ਕਾਂ ਨੇ ਸਾਬਿਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ। ਸ਼ੋਅ ਦੇ ਪ੍ਰਬੰਧਕਾ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਿਸ ਭਰਾਵਾਂ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਦੁਨੀਆਂ ਭਰ ’ਚ ਕੀਤੇ ਜਾ ਰਹੇ ਸ਼ੋਅ ਦਰਸ਼ਕਾਂ ਦੇ ਭਰਵੇਂ ਹੁੰਗਾਰੇ ਨਾਲ ਲਗਾਤਾਰ ਸੋਲਡ ਆਊਟ ਜਾ ਰਹੇ ਹਨ ਜੋ ਕਿ ਸ਼ੁਭ ਸ਼ਗਨ ਹੈ। ਵਾਰਿਸ ਭਰਾਵਾਂ ਦਾ ‘ਪੰਜਾਬੀ ਵਿਰਸਾ ਸ਼ੋਅ’ ਵਿਰਸੇ ਦੀ ਬਾਤ ਪਾਉਂਦਾ ਹੋਇਆ ਅਮਿੱਟ ਪੈੜਾਂ ਛੱਡਦਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ। ਮੰਚ ਦਾ ਸੰਚਾਲਨ ਲਵ ਵੱਲੋਂ ਸ਼ੇਅਰੋ-ਸ਼ਾਇਰੀ ਦੁਆਰਾ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਗਿਆ।

ਇਹ ਵੀ ਪੜ੍ਹੋ- ਥਾਣੇ 'ਚ ਸ਼ਿਕਾਇਤਕਰਤਾ ਦੇ ਪੈਰਾਂ 'ਚ ਰਖਵਾਈ ਗਈ ਮਾਂ ਦੀ ਚੁੰਨੀ, ਨਮੋਸ਼ੀ 'ਚ ਪੁੱਤ ਨੇ ਚੁੱਕਿਆ ਖ਼ੌਫ਼ਨਾਕ ਕਦਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News