ਕੈਨੇਡਾ ਤੋਂ ਪੰਜਾਬੀ ਟਰੱਕ ਡਰਾਈਵਰਾਂ ਲਈ ਵੱਡੀ ਖ਼ਬਰ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ

Sunday, Jun 28, 2026 - 04:55 PM (IST)

ਕੈਨੇਡਾ ਤੋਂ ਪੰਜਾਬੀ ਟਰੱਕ ਡਰਾਈਵਰਾਂ ਲਈ ਵੱਡੀ ਖ਼ਬਰ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ

ਇੰਟਰਨੈਸ਼ਨਲ ਡੈਸਕ: ਕੈਨੇਡਾ ਵਿੱਚ ਟਰੱਕਿੰਗ ਦੇ ਕਿੱਤੇ ਨਾਲ ਜੁੜੇ ਪੰਜਾਬੀ ਨੌਜਵਾਨਾਂ ਅਤੇ ਵਿਦੇਸ਼ੀ ਤਜਰਬਾ ਰੱਖਣ ਵਾਲੇ ਡਰਾਈਵਰਾਂ ਲਈ ਅਹਿਮ ਖ਼ਬਰ ਹੈ। ਓਨਟਾਰੀਓ ਸਰਕਾਰ ਵੱਲੋਂ 1 ਜੁਲਾਈ ਤੋਂ ਟਰੱਕ ਲਾਇਸੈਂਸ ਦੇ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਜਾ ਰਹੀ ਹੈ। ਨਵੇਂ ਨਿਯਮਾਂ ਤਹਿਤ ਹੁਣ ਕਲਾਸ 'ਏ' ਟਰੱਕ ਲਾਇਸੈਂਸ ਦਾ ਰੋਡ ਟੈਸਟ ਦੇਣ ਲਈ ਡਰਾਈਵਰ ਕੋਲ ਘੱਟੋ-ਘੱਟ 6 ਮਹੀਨੇ ਪੁਰਾਣਾ ਓਨਟਾਰੀਓ ਕਲਾਸ 'ਜੀ' ਲਾਇਸੈਂਸ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਟਰਾਂਸਪੋਰਟ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਸੜਕਾਂ 'ਤੇ ਸਿਰਫ਼ ਯੋਗ ਅਤੇ ਤਜਰਬੇਕਾਰ ਡਰਾਈਵਰ ਹੀ ਹੋਣੇ ਚਾਹੀਦੇ ਹਨ। ਹੁਣ ਕਲਾਸ ਏ ਲਾਇਸੰਸ ਲਈ ਜੀ-1, ਜੀ-2, ਐਮ, ਐਮ-1 ਅਤੇ ਐਮ-2 ਵਰਗੇ ਲਾਇਸੈਂਸ ਪ੍ਰਵਾਨ ਨਹੀਂ ਕੀਤੇ ਜਾਣਗੇ।ਇਸ ਤੋਂ ਇਲਾਵਾ ਕੈਨੇਡਾ ਦੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਡਰਾਈਵਰਾਂ ਕੋਲ ਲਾਇਸੈਂਸ ਅਪਲਾਈ ਕਰਨ ਲਈ ਘੱਟੋ-ਘੱਟ 24 ਮਹੀਨਿਆਂ ਦਾ ਬਰਾਬਰ ਯੋਗਤਾ ਵਾਲਾ ਤਜਰਬਾ ਹੋਣਾ ਜ਼ਰੂਰੀ ਹੈ। ਨਵੇਂ ਨਿਯਮਾਂ ਅਨੁਸਾਰ ਜਿਨ੍ਹਾਂ ਮੁਲਕਾਂ ਨਾਲ ਕੈਨੇਡਾ ਦਾ ਲਾਇਸੈਂਸ ਐਕਸਚੇਂਜ ਐਗਰੀਮੈਂਟ ਨਹੀਂ ਹੈ, ਉੱਥੋਂ ਦੇ ਡਰਾਈਵਰਾਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ। ਅਜਿਹੇ ਡਰਾਈਵਰਾਂ ਦਾ ਵੱਧ ਤੋਂ ਵੱਧ 12 ਮਹੀਨਿਆਂ ਦਾ ਵਿਦੇਸ਼ੀ ਤਜਰਬਾ ਹੀ ਮੰਨਿਆ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-    ਸੇਸ਼ੇਲਸ ਦੇ ਰਾਸ਼ਟਰਪਤੀ ਨੇ PM ਮੋਦੀ ਨੂੰ ਸਰਵਉੱਚ ਸਨਮਾਨ ਨਾਲ ਕੀਤਾ 'ਸਨਮਾਨਿਤ'

ਉਨ੍ਹਾਂ ਨੂੰ ਪਹਿਲਾਂ ਜੀ-2 ਅਤੇ ਜੀ ਰੋਡ ਟੈਸਟ ਪਾਸ ਕਰਨੇ ਪੈਣਗੇ ਅਤੇ ਜੀ-2 ਟੈਸਟ ਤੋਂ ਬਾਅਦ ਕਲਾਸ ਜੀ ਰੋਡ ਟੈਸਟ ਲਈ 12 ਮਹੀਨਿਆਂ ਦਾ ਲਾਜ਼ਮੀ ਉਡੀਕ ਸਮਾਂ ਕੱਟਣਾ ਪਵੇਗਾ। ਦੂਜੇ ਪਾਸੇ ਟਰਾਂਸਪੋਰਟ ਇੰਡਸਟਰੀ ਦੇ ਮਾਹਿਰਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। 'ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ ਕੈਨੇਡਾ' ਦੇ ਪ੍ਰਧਾਨ ਅਨੁਸਾਰ ਵਧੇਰੇ ਤਜਰਬੇ ਨਾਲ ਡਰਾਈਵਰਾਂ ਵਿੱਚ ਸਵੈ-ਵਿਸ਼ਵਾਸ ਵਧੇਗਾ। ਉੱਥੇ ਹੀ 'ਓਨਟਾਰੀਓ ਕਮਰਸ਼ੀਅਲ ਟਰੱਕ ਟ੍ਰੇਨਿੰਗ ਐਸੋਸੀਏਸ਼ਨ' ਦੇ ਮੈਂਬਰ ਨੇ ਮੰਗ ਕੀਤੀ ਹੈ ਕਿ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਿਰਫ਼ ਪਰਮਾਨੈਂਟ ਰੈਜ਼ੀਡੈਂਟ (PR) ਜਾਂ ਨਾਗਰਿਕਾਂ ਨੂੰ ਹੀ ਦਿੱਤੇ ਜਾਣੇ ਚਾਹੀਦੇ ਹਨ।

2027 ਤੋਂ ਹੋਰ ਸਖ਼ਤ ਹੋਣਗੇ ਨਿਯਮ 

ਜ਼ਿਕਰਯੋਗ ਹੈ ਕਿ ਸਰਕਾਰ ਇਨ੍ਹਾਂ ਨਿਯਮਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਖ਼ਤ ਕਰਨ ਜਾ ਰਹੀ ਹੈ। ਰਿਪੋਰਟਾਂ ਅਨੁਸਾਰ 1 ਜਨਵਰੀ, 2027 ਤੋਂ ਲਾਇਸੈਂਸ ਸ਼ਰਤਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ, ਜਿਸ ਦੇ ਤਹਿਤ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਫ਼ੌਜ ਦੇ ਡਰਾਈਵਰ ਜਿਨ੍ਹਾਂ ਕੋਲ ਡੀ.ਐਨ.ਡੀ. 404 ਪਰਮਿਟ ਹੈ, ਉਹ ਵੀ ਕਲਾਸ 'ਏ' ਲਾਇਸੈਂਸ ਲਈ ਯੋਗ ਨਹੀਂ ਮੰਨੇ ਜਾਣਗੇ।

ਪੜ੍ਹੋ ਇਹ ਅਹਿਮ ਖ਼ਬਰ- ਸੋਸ਼ਲ ਮੀਡੀਆ 'ਤੇ ਲੱਗੇਗਾ 9 ਕਰੋੜ ਡਾਲਰ ਤੋਂ ਵਧੇਰੇ ਜੁਰਮਾਨਾ! ਆਸਟ੍ਰੇਲੀਆ ਸਰਕਾਰ ਨੇ ਕਰ'ਤਾ ਐਲਾਨ

ਐਸੋਸੀਏਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਓਨਟਾਰੀਓ ਦੇ ਲਾਇਸੰਸਿੰਗ ਸਿਸਟਮ ਵਿਚੋਂ ਲੰਘਣ ਵਾਲੇ ਡਰਾਈਵਰ 18 ਮਹੀਨੇ ਦੇ ਅੰਦਰ ਜੀ ਲਾਇਸੈਂਸ ਹਾਸਲ ਕਰ ਸਕਦਾ ਹੈ। ਇਸ ਤੋਂ ਛੇ ਮਹੀਨੇ ਬਾਅਦ ਉਹ ਕਲਾਸ 'ਏ' ਲਾਇਸੈਂਸ ਦੇ ਰੋਡ ਟੈਸਟ ਲਈ ਯੋਗ ਮੰਨਿਆ ਜਾਵੇਗਾ ਪਰ ਕੋਈ ਵੀ ਜੀ 2 ਡਰਾਈਵਰ, ਜੀ ਲਾਇਸੈਂਸ ਤੱਕ ਪੁੱਜਣ ਤੋਂ ਪਹਿਲਾਂ ਖੁਦਮੁਖਤਿਆਰ ਤਰੀਕੇ ਨਾਲ ਪੰਜ ਸਾਲ ਅਪ੍ਰੇਟ ਕਰ ਸਕਦਾ ਹੈ। ਅਜਿਹੇ ਵਿਚ ਉਸ ਨੂੰ ਕਲਾਸ ਏ ਲਾਇਸੈਂਸ ਦੇ ਯੋਗ ਬਣਨ ਲਈ ਲੰਮੀ ਉਡੀਕ ਕਰਨੀ ਪਵੇਗੀ। ਚੇਅਰਮੈਨ ਨੇ ਸੁਝਾਅ ਦਿੱਤਾ ਕਿ ਜੀ 2 ਲਾਇਸੈਂਸ ’ਤੇ ਘੱਟੋ ਘੱਟ 18 ਮਹੀਨੇ ਕੰਮ ਕਰਨ ਵਾਲਿਆਂ ਨੂੰ ਜੀ ਲਾਇਸੈਂਸ ਲਈ ਛੇ ਮਹੀਨੇ ਦੇ ਉਡੀਕ ਸਮੇਂ ਤੋਂ ਛੋਟ ਦਿਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News