ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਪੰਜਾਬ ਸਰਕਾਰ ਦਾ ਰਵੱਈਆ ਅੱਤਨਿੰਦਣਯੋਗ : ਵਰਲਡ ਸਿੱਖ ਪਾਰਲੀਮੈਂਟ

Friday, Mar 21, 2025 - 04:04 PM (IST)

ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਪੰਜਾਬ ਸਰਕਾਰ ਦਾ ਰਵੱਈਆ ਅੱਤਨਿੰਦਣਯੋਗ : ਵਰਲਡ ਸਿੱਖ ਪਾਰਲੀਮੈਂਟ

ਲੰਡਨ (ਸਰਬਜੀਤ ਸਿੰਘ ਬਨੂੜ)- ਵਰਲਡ ਸਿੱਖ ਪਾਰਲੀਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਮੱਕਾਰੀ ਅਤੇ ਧੋਖੇਬਾਜ਼ੀ ਦਾ ਸਬੂਤ ਦਿੰਦਿਆਂ ਚੰਡੀਗੜ੍ਹ ਵਿਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਵਾਪਸ ਪਰਤਦਿਆਂ ਸੈਂਕੜੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਦੀ ਅਤੇ ਪੰਜਾਬ ਪੁਲਸ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਲੱਗੇ ਸ਼ਾਂਤਮਈ ਮੋਰਚਿਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਖ਼ਤਮ ਕਰਨ ਲਈ ਪੰਜਾਬ ਦੇ ਕਿਸਾਨਾਂ ਵਿਰੁੱਧ ਕੀਤੀ ਜਬਰੀ ਪੁਲਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। 

ਵਰਲਡ ਸਿੱਖ ਪਾਰਲੀਮੈਂਟ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ ਯੂ.ਕੇ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਪਣੇ ਹੱਕਾਂ ਦੀ ਜਮਹੂਰੀ ਤਰੀਕੇ ਨਾਲ ਮੰਗ ਕਰਦੇ ਕਿਸਾਨਾਂ ਨੂੰ ਜਬਰ ਨਾਲ ਦਬਾਉਣਾ ਮਨੁੱਖੀ ਹੱਕਾਂ ਦਾ ਉਲੰਘਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਨੀਤੀਆਂ ਸਦਾ ਹੀ ਪੰਜਾਬ ਖਿਲਾਫ ਰਹੀਆਂ ਹਨ ਤੇ ਭਾਰਤ ਦਾ ਅੰਨ ਭੰਡਾਰ ਭਰਨ ਵਾਲੇ ਪੰਜਾਬ ਦੀ ਲੋਕਾਈ ਦਾ ਮੁੱਖ ਕਿਤਾ ਕਿਸਾਨੀ ਹੋਣ ਕਰਕੇ ਇਹ ਨੀਤੀਆਂ ਮਾਰੂ ਅਸਰ ਰੱਖਦੀਆਂ ਹਨ। ਪੰਜਾਬ ਦੇ ਅਣਖੀ ਕਿਸਾਨਾਂ ਵੱਲੋਂ 13 ਮਹੀਨੇ ਦੇ ਸੰਘਰਸ਼ ਤੋਂ ਬਾਅਦ ਕਾਲੇ ਕਾਨੂੰਨ ਤਾਂ ਵਾਪਸ ਕਰਵਾ ਲਏ ਪਰ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ । ਉਨ੍ਹਾੰ ਵਾਅਦਿਆਂ ਦੀ ਪੂਰਤੀ ਲਈ ਲੱਗੇ ਇਹ ਮੌਜੂਦਾ ਮੋਰਚੇ ਆਪਣੀ ਜਮਹੂਰੀ ਹੱਕਾਂ ਦੀ ਪ੍ਰਾਪਤੀ ਦਾ ਸੰਘਰਸ਼ ਹੈ ਜਿਸ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਬਰ ਨਾਲ ਖਤਮ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਮੂਲ ਦੇ ਚੰਦਰ ਆਰੀਆ ਕੈਨੇਡਾ 'ਚ ਨਹੀਂ ਲੜ ਸਕਣਗੇ ਚੋਣ, ਉਮੀਦਵਾਰੀ ਰੱਦ

ਵਰਲਡ ਸਿੱਖ ਪਾਰਲੀਮੈਂਟ ਦਾ ਮੰਨਣਾ ਹੈ ਕਿ ਭਗਵੰਤ ਮਾਨ ਸਰਕਾਰ ਦੀਆਂ ਹਾਲੀਆ ਕਾਰਵਾਈਆਂ ਦਮਨ ਦੇ ਇੱਕ ਚਿੰਤਾਜਨਕ ਰੁਝਾਨ ਦਾ ਸੰਕੇਤ ਹਨ ਤੇ ਝੂਠੇ ਦੋਸ਼ਾਂ ਹੇਠ ਸਿੱਖਾਂ ਦੀਆਂ ਮਨਮਾਨੀਆਂ ਗ੍ਰਿਫ਼ਤਾਰੀਆਂ, ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗੈਰ-ਨਿਆਇਕ ਪੁਲਸ ਮੁਕਾਬਲੇ ਅਤੇ ਕਿਸਾਨਾਂ 'ਤੇ ਹਿੰਸਕ ਕਾਰਵਾਈ ਇਸ ਸਰਕਾਰ ਦੇ ਸਿੱਖਾਂ ਵਿਰੁੱਧ ਨਾਪਾਕ ਇਰਾਦਿਆਂ ਨੂੰ ਦਰਸਾਉਂਦੇ ਹਨ। ਭਗਵੰਤ ਮਾਨ ਨੇ ਘੱਟ ਗਿਣਤੀਆਂ ਵਿਰੁੱਧ ਭਾਜਪਾ ਦੇ ਬੁਲਡੋਜ਼ਰ ਮਾਡਲ ਨੂੰ ਅਪਣਾ ਕੇ ਅਤੇ ਪੁਲਸ ਨੂੰ ਮਨਮਰਜੀ ਨਾਲ ਜ਼ੁਲਮ ਦੀ ਕਰਨ ਦੀ ਖੁਲ੍ਹ ਦੇ ਕੇ, ਪੰਜਾਬ ਸੂਬੇ ਨੂੰ ਪੁਲਸ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ। ਵਰਲਡ ਸਿੱਖ ਪਾਰਲੀਮੈਂਟ ਹਿਰਾਸਤ ਵਿੱਚ ਲਏ ਕਿਸਾਨਾਂ ਅਤੇ ਕਿਸਾਨ ਆਗੂਆਂ ਦੀ ਤੁਰੰਤ ਰਿਹਾਈ, ਪੁਲਸ ਵਧੀਕੀਆਂ ਨੂੰ ਖਤਮ ਕਰਨ ਅਤੇ ਕਿਸਾਨਾਂ ਨਾਲ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News