ਪਰਥ ਵਿੱਖੇ ਵਾਪਰੀ ਬੇਅਦਬੀ ਦੀ ਘਟਨਾ 'ਤੇ ਸਿੱਖ ਸੰਗਤਾਂ ਵੱਲੋਂ ਕੱਢਿਆ ਗਿਆ ਰੋਸ ਮਾਰਚ
Tuesday, Sep 10, 2024 - 05:11 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ )- ਬੀਤੇ ਦਿਨੀਂ ਪਰਥ ਦੇ ਇਲਾਕੇ ਕੈਂਨਿੰਗਵੇਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਿੱਚ ਅੱਜ ਮੈਲਬੌਰਨ ਦੇ ਫੈਡਰੇਸ਼ਨ ਸੁਕੇਅਰ ਤੇ ਸਿੱਖ ਸੰਗਤਾਂ ਵੱਲੋਂ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ ਜੋ ਕਿ ਸਟੇਟ ਲਾਇਬਰੇਰੀ 'ਤੇ ਸਮਾਪਤ ਹੋਇਆ। ਇਸ ਰੋਸ ਮਾਰਚ ਵਿੱਚ ਮੈਲਬੌਰਨ ਦੇ ਗੁਰੂ ਘਰ, ਸਿੱਖ ਜਥੇਬੰਦੀਆਂ ਤੋਂ ਇਲਾਵਾ, ਨੌਜਵਾਨ, ਬਜ਼ੁਰਗ,ਬੱਚੇ ਅਤੇ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ । ਸੰਗਤਾਂ ਨੇ ਰੋਸ ਵਜੋ ਹੱਥਾਂ ਵਿੱਚ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ 'ਤੇ ਬੇਅਦਬੀ ਬਾਰੇ ਸਖ਼ਤ ਕਾਰਵਾਈ ਕਰਨ ਬਾਰੇ ਲਿਖਿਆ ਹੋਇਆ ਸੀ।
ਇਸ ਸਬੰਧੀ ਸਿੱਖ ਸੰਗਤਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ ਉੱਚ ਹਨ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਬਾਣੀ ਦੀ ਬੇਅਦਬੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਰਥ ਦੇ ਗੁਰੂਘਰ ਦੇ ਬਾਹਰ ਇੱਕ ਨੌਜਵਾਨ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਦੇ ਦੀ ਵੀਡੀੳ ਵਾਇਰਲ ਹੋਈ ਸੀ, ਜਿਸ ਕਰਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਹ ਸੀ ਤੇ ਦੂਜੇ ਭਾਈਚਾਰਿਆਂ ਵੱਲੋਂ ਵੀ ਇਸ ਘਟਨਾਂ ਦੀ ਨਿਖੇਧੀ ਕੀਤੀ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਸਰਕਾਰ ਦਾ ਵੱਡਾ ਕਦਮ, ਬੱਚਿਆਂ ਦੇ ਸੋਸ਼ਲ ਮੀਡੀਆ ਵਰਤੋਂ 'ਤੇ ਲੱਗੇਗੀ ਪਾਬੰਦੀ
ਪੱਛਮੀ ਆਸਟ੍ਰੇਲੀਆ ਦੇ ਸਥਾਨਕ ਸਿੱਖ ਭਾਈਚਾਰੇ ਅਤੇ ਆਸਟ੍ਰੇਲੀਆ ਦੀ ਸਿੱਖ ਸੰਗਤ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਘਟਨਾ ਲਿਆਉਣ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਪੁਲਸ ਵੱਲੋਂ ਇੱਕ 20 ਸਾਲਾ ਨੌਜਵਾਨ ਨੂੰ ਗੁਟਕਾ ਸਾਹਿਬ ਦੀ ਬੇਅਦਬੀ ਦੇ ਕੇਸ ਵਿੱਚ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਪਰ ਸਿੱਖ ਸੰਗਤਾਂ ਪੁਲਸ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀ ਹਨ ਅਤੇ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਕਰਨ ਅਤੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਵੀ ਕਰ ਰਹੀਆਂ ਹਨ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਗੁਟਕਾ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਸਿਡਨੀ, ਬ੍ਰਿਸਬੇਨ, ਹੋਬਾਰਟ ਸ਼ਹਿਰਾਂ ਵਿੱਚ ਵੀ ਸ਼ਾਂਤਮਈ ਰੋਸ ਮਾਰਚ ਕੱਢੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।