ਜਹਾਜ਼ ਨੂੰ ''ਹਾਈਜੈਕ'' ਕਰਕੇ ਕਰ ਦੇਵਾਂਗਾ ਕ੍ਰੈਸ਼ ! ਮੈਸੇਜ ਮਿਲਣ ਮਗਰੋਂ ਪਈਆਂ ਭਾਜੜਾਂ, ਵਾਪਸ ਪਰਤੀ ਫਲਾਈਟ

Thursday, Oct 29, 2026 - 08:45 AM (IST)

ਜਹਾਜ਼ ਨੂੰ ''ਹਾਈਜੈਕ'' ਕਰਕੇ ਕਰ ਦੇਵਾਂਗਾ ਕ੍ਰੈਸ਼ ! ਮੈਸੇਜ ਮਿਲਣ ਮਗਰੋਂ ਪਈਆਂ ਭਾਜੜਾਂ, ਵਾਪਸ ਪਰਤੀ ਫਲਾਈਟ

ਲਾਸ ਵੇਗਾਸ (ਏਪੀ): ਅਮਰੀਕਾ ਦੇ ਲਾਸ ਵੇਗਾਸ ਤੋਂ ਨਿਊ ਜਰਸੀ ਦੇ ਨਿਊਆਰਕ ਜਾ ਰਹੀ 'ਯੂਨਾਈਟਿਡ ਏਅਰਲਾਈਨਜ਼' ਦੀ ਇੱਕ ਉਡਾਣ ਵਿੱਚ ਹਵਾਈ ਯਾਤਰੀ ਦੁਆਰਾ ਭੇਜੇ ਗਏ ਇੱਕ ਟੈਕਸਟ ਮੈਸੇਜ ਕਾਰਨ ਭਾਜੜ ਪੈ ਗਈ। ਜਹਾਜ਼ ਵਿੱਚ ਸਵਾਰ 25 ਸਾਲਾ ਯੁਵਕ ਦਾਂਤੇ ਮਿਲਨੇ ਦੁਆਰਾ ਆਪਣੇ ਸਹਿਕਰਮੀ ਨੂੰ ਭੇਜੇ ਗਏ ਇੱਕ ਮੈਸੇਜ ਵਿੱਚ ਜਹਾਜ਼ ਹਾਈਜੈਕ ਕਰਨ ਦੀ ਗੱਲ ਲਿਖੀ ਹੋਈ ਸੀ, ਜਿਸ ਤੋਂ ਬਾਅਦ ਜਹਾਜ਼ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਵਾਪਸ ਲਾਸ ਵੇਗਾਸ ਮੋੜਨਾ ਪਿਆ। ਪੁਲਸ ਨੇ ਦੋਸ਼ੀ ਯੁਵਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਰਿਪੋਰਟ ਅਨੁਸਾਰ, ਜਹਾਜ਼ ਵਿੱਚ ਬੋਰਡਿੰਗ ਦੌਰਾਨ ਇੱਕ ਫਲਾਈਟ ਅਟੈਂਡੈਂਟ ਨੇ ਦੇਖਿਆ ਕਿ ਦੋ ਯਾਤਰੀ ਆਪਸ ਵਿੱਚ ਮੈਸੇਜਾਂ ਰਾਹੀਂ ਗੱਲਬਾਤ ਕਰ ਰਹੇ ਸਨ, ਜਿਨ੍ਹਾਂ ਵਿੱਚ ਹੋਰ ਯਾਤਰੀਆਂ ਅਤੇ ਸਟਾਫ਼ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਅਟੈਂਡੈਂਟ ਨੇ ਦਾਂਤੇ ਮਿਲਨੇ ਦੇ ਫੋਨ 'ਤੇ ਆਇਆ ਇੱਕ ਮੈਸੇਜ ਦੇਖਿਆ, ਜਿਸ ਵਿੱਚ ਲਿਖਿਆ ਸੀ: "ਮੈਂ ਇਸ ਜਹਾਜ਼ ਨੂੰ ਹਾਈਜੈਕ ਕਰਨ ਜਾ ਰਿਹਾ ਹਾਂ ਅਤੇ ਸਿਰਫ਼ ਤੇਰੀ ਰੋਅ (ਲਾਈਨ) ਨੂੰ ਕਰੈਸ਼ ਕਰਾਂਗਾ"।
ਜਦੋਂ ਜਹਾਜ਼ 10,000 ਫੁੱਟ ਦੀ ਉੱਚਾਈ 'ਤੇ ਪਹੁੰਚਿਆ, ਤਾਂ ਫਲਾਈਟ ਅਟੈਂਡੈਂਟ ਨੇ ਤੁਰੰਤ ਮੁੱਖ ਫਲਾਈਟ ਅਟੈਂਡੈਂਟ ਅਤੇ ਪਾਇਲਟ ਨੂੰ ਸੂਚਿਤ ਕੀਤਾ। ਪਾਇਲਟ ਨੇ ਹਵਾਈ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਕੀਤਾ ਅਤੇ ਜਹਾਜ਼ ਨੂੰ ਵਾਪਸ ਲਾਸ ਵੇਗਾਸ ਉਤਾਰਨ ਦਾ ਫੈਸਲਾ ਕੀਤਾ।

"ਸਹਿਕਰਮੀ ਨਾਲ ਮਜ਼ਾਕ ਸੀ": ਦੋਸ਼ੀ ਦਾ ਦਾਅਵਾ

ਨਿਊ ਜਰਸੀ ਦੇ ਵੁਡਰਿਜ ਦਾ ਰਹਿਣ ਵਾਲਾ 25 ਸਾਲਾ ਦਾਂਤੇ ਮਿਲਨੇ ਅੰਡਰਵਾਟਰ ਵੈਲਡਿੰਗ ਦੇ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਲਈ ਲਾਸ ਵੇਗਾਸ ਆਇਆ ਸੀ। ਪੁਲਸ ਪੁੱਛਗਿੱਛ ਦੌਰਾਨ ਮਿਲਨੇ ਨੇ ਦੱਸਿਆ ਕਿ ਉਸ ਨੇ ਹਵਾਈ ਅੱਡੇ ਦੇ ਬਾਰ 'ਚ ਸ਼ਰਾਬ ਪੀਤੀ ਸੀ ਅਤੇ ਉਹ ਜਹਾਜ਼ 'ਚ ਸੌਂ ਗਿਆ ਸੀ। ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਜਹਾਜ਼ ਵਾਪਸ ਲਾਸ ਵੇਗਾਸ ਲੈਂਡ ਕਰ ਚੁੱਕਾ ਸੀ।ਮਿਲਨੇ ਨੇ ਮੰਨਿਆ ਕਿ ਉਸ ਨੇ ਟ੍ਰੇਨਿੰਗ ਦੌਰਾਨ ਮਿਲੇ ਆਪਣੇ ਸਹਿਕਰਮੀ ਨਾਲ ਮੈਸੇਜਾਂ ਰਾਹੀਂ ਗੱਲਬਾਤ ਕੀਤੀ ਸੀ, ਪਰ ਉਸ ਦਾ ਦਾਅਵਾ ਹੈ ਕਿ ਇਹ ਸਿਰਫ਼ ਆਪਸੀ "ਮਜ਼ਾਕ" ਸੀ ਅਤੇ ਉਸ ਦਾ ਜਹਾਜ਼ ਹਾਈਜੈਕ ਕਰਨ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।

ਪੁਲਸ ਨੇ ਦਾਂਤੇ ਮਿਲਨੇ ਵਿਰੁੱਧ ਅੱਤਵਾਦੀ ਕਾਰਵਾਈ ਬਾਰੇ ਧਮਕੀ ਦੇਣ ਅਤੇ ਝੂਠੀ ਜਾਣਕਾਰੀ ਫੈਲਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਹੈ। ਉਸ ਦੇ ਵਕੀਲ ਜੇਮਜ਼ ਗੈਲੋ ਨੇ ਦੱਸਿਆ ਕਿ ਉਹ ਕੇਸ ਦਾ ਅਧਿਐਨ ਕਰ ਰਹੇ ਹਨ ਅਤੇ ਮਿਲਨੇ ਅਦਾਲਤ ਵਿੱਚ ਖੁਦ ਨੂੰ ਨਿਰਦੋਸ਼ ਦੱਸੇਗਾ। ਜ਼ਿਕਰਯੋਗ ਹੈ ਕਿ ਹਵਾਈ ਅੱਡਿਆਂ ਅਤੇ ਜਹਾਜ਼ਾਂ ਵਿੱਚ ਬੰਬ ਜਾਂ ਹਾਈਜੈਕਿੰਗ ਬਾਰੇ ਅਜਿਹਾ ਮਜ਼ਾਕ ਕਰਨਾ ਅਮਰੀਕੀ ਕਾਨੂੰਨ ਅਧੀਨ ਗੰਭੀਰ ਅਪਰਾਧ ਹੈ, ਜਿਸ ਲਈ ਭਾਰੀ ਸਜ਼ਾ ਅਤੇ ਜੇਲ੍ਹ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News