ਪੇਸ਼ਾਵਰ ਸਕੂਲ ਹਾਦਸੇ ਪਿੱਛੋਂ ਪੀੜਤ ਪਰਿਵਾਰਾਂ ਦਾ ਫੁੱਟਿਆ ਗੁੱਸਾ ! ਪ੍ਰਸ਼ਾਸਨ ਤੋਂ ਕੀਤੀ ਇਨਸਾਫ਼ ਦੀ ਮੰਗ
Saturday, Oct 17, 2026 - 12:12 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਪੇਸ਼ਾਵਰ ਦੀ 'ਦਿਰ ਕਲੋਨੀ' 'ਚ ਇਕ ਪ੍ਰਾਈਵੇਟ ਸਕੂਲ ਦੀ ਛੱਤ ਡਿੱਗਣ ਨਾਲ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਪੀੜਤ ਪਰਿਵਾਰਾਂ ਅਤੇ ਸਥਾਨਕ ਲੋਕਾਂ ਦਾ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਗੁੱਸਾ ਭੜਕ ਗਿਆ ਹੈ। ਇਸ ਭਿਆਨਕ ਹਾਦਸੇ 'ਚ 33 ਮਾਸੂਮ ਬੱਚਿਆਂ ਅਤੇ 1 ਮਹਿਲਾ ਅਧਿਆਪਕਾ ਦੀ ਮੌਤ ਹੋ ਚੁੱਕੀ ਹੈ, ਜਦਕਿ 40 ਤੋਂ ਵੱਧ ਬੱਚੇ ਹਸਪਤਾਲ 'ਚ ਜ਼ੇਰੇ-ਇਲਾਜ ਹਨ।
ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੇ ਪ੍ਰਸ਼ਾਸਨ ਅੱਗੇ ਰੋਂਦੇ-ਰੋਂਦੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਸਕੂਲ ਦੀ ਮਾੜੀ ਇਮਾਰਤ ਅਤੇ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰਾਂ ਅਨੁਸਾਰ ਸਕੂਲ ਦੀ ਇਮਾਰਤ ਬਹੁਤ ਖ਼ਸਤਾਹਾਲ ਅਤੇ ਅਸੁਰੱਖਿਅਤ ਸੀ, ਪਰ ਇਸ ਦੇ ਬਾਵਜੂਦ ਸਕੂਲ ਪ੍ਰਸ਼ਾਸਨ ਨੇ ਉੱਥੇ ਕਲਾਸਾਂ ਲਗਾਉਣਾ ਜਾਰੀ ਰੱਖਿਆ। ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇਕ ਹਾਦਸਾ ਨਹੀਂ ਬਲਕਿ ਲਾਪਰਵਾਹੀ ਕਾਰਨ ਹੋਇਆ ਕਤਲ ਹੈ।
ਪੁਲਸ ਨੇ ਸਕੂਲ ਦੇ ਮਾਲਕ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਡਿਪਟੀ ਕਮਿਸ਼ਨਰ ਦੁਆਰਾ ਦਿੱਤੇ ਉੱਚ-ਪੱਧਰੀ ਜਾਂਚ ਦੇ ਹੁਕਮਾਂ ਤੋਂ ਬਾਅਦ ਜਾਂਚ ਟੀਮਾਂ ਇਮਾਰਤ ਦੇ ਨਿਰਮਾਣ ਅਤੇ ਸੁਰੱਖਿਆ ਪ੍ਰਵਾਨਗੀਆਂ ਦੀ ਜਾਂਚ ਕਰ ਰਹੀਆਂ ਹਨ। ਇਸ ਹਾਦਸੇ 'ਚ ਜ਼ਖ਼ਮੀ ਹੋਏ ਕਈ ਵਿਦਿਆਰਥੀਆਂ ਦਾ 'ਲੇਡੀ ਰੀਡਿੰਗ ਹਸਪਤਾਲ' 'ਚ ਅਜੇ ਵੀ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਕਾਰਨ ਮੌਤਾਂ ਦਾ ਅੰਕੜਾ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
