ਪਾਕਿਸਤਾਨ ''ਚ ਪੋਲੀਓ ਦਾ ਕਹਿਰ ਜਾਰੀ ! 9ਵਾਂ ਮਾਮਲਾ ਆਇਆ ਸਾਹਮਣੇ
Saturday, Nov 14, 2026 - 05:15 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਖ਼ੈਬਰ ਜ਼ਿਲ੍ਹੇ 'ਚ 7 ਮਹੀਨੇ ਦੇ ਬੱਚੇ 'ਚ ਪੋਲੀਓ ਦੀ ਪੁਸ਼ਟੀ ਹੋਣ ਨਾਲ ਸਾਲ 2026 ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 9 ਹੋ ਗਈ ਹੈ, ਜਿਨ੍ਹਾਂ 'ਚੋਂ 7 ਇਕੱਲੇ ਖੈਬਰ ਤੋਂ ਹੀ ਹਨ।। ਤਿੰਨ ਦਹਾਕਿਆਂ ਦੀਆਂ ਮੁਹਿੰਮਾਂ, ਅਰਬਾਂ ਡਾਲਰਾਂ ਦੀ ਵਿਦੇਸ਼ੀ ਮਦਦ ਅਤੇ 4 ਲੱਖ ਤੋਂ ਵੱਧ ਕਰਮਚਾਰੀਆਂ ਦੀ ਫ਼ੌਜ ਹੋਣ ਦੇ ਬਾਵਜੂਦ ਪਾਕਿਸਤਾਨ ਇਸ ਬਿਮਾਰੀ ਨੂੰ ਖ਼ਤਮ ਕਰਨ 'ਚ ਨਾਕਾਮ ਰਿਹਾ ਹੈ।
ਦੱਖਣੀ ਖ਼ੈਬਰ 'ਚ ਲੋਕ ਧਾਰਮਿਕ ਭਰਮਾਂ ਦੀ ਬਜਾਏ ਬਿਜਲੀ, ਸੜਕਾਂ, ਸਾਫ਼ ਪਾਣੀ ਅਤੇ ਰੁਜ਼ਗਾਰ ਵਰਗੀਆਂ ਬੁਨਿਆਦੀ ਮੰਗਾਂ ਮਨਵਾਉਣ ਲਈ ਸਰਕਾਰ 'ਤੇ ਦਬਾਅ ਬਣਾਉਣ ਵਾਸਤੇ ਪੋਲੀਓ ਬੂੰਦਾਂ ਦਾ ਬਾਈਕਾਟ ਕਰ ਰਹੇ ਹਨ। ਪੇਂਡੂ ਅਤੇ ਪੱਛੜੇ ਇਲਾਕਿਆਂ 'ਚ ਜਿੱਥੇ ਆਮ ਹਸਪਤਾਲ ਜਾਂ ਮੁੱਢਲੀਆਂ ਸਿਹਤ ਸਹੂਲਤਾਂ ਨਾਮਾਤਰ ਹਨ, ਉੱਥੇ ਸਰਕਾਰ ਸਿਰਫ਼ ਪੋਲੀਓ ਬੂੰਦਾਂ ਪਿਲਾਉਣ ਵੇਲੇ ਹੀ ਦਿਖਾਈ ਦਿੰਦੀ ਹੈ, ਜਿਸ ਕਾਰਨ ਲੋਕਾਂ ਦਾ ਸਿਸਟਮ ਤੋਂ ਭਰੋਸਾ ਉੱਠ ਗਿਆ ਹੈ।
ਇਸ ਤੋਂ ਇਲਾਵਾ ਮਹਿਲਾ ਕਰਮਚਾਰੀਆਂ ਦੀ ਘਾਟ, ਟਰੇਨਿੰਗ ਦੀ ਕਮੀ ਅਤੇ ਪੋਲੀਓ ਪ੍ਰੋਗਰਾਮ ਦਾ ਆਮ ਸਿਹਤ ਵਿਭਾਗ ਨਾਲੋਂ ਵੱਖਰੇ ਤੌਰ 'ਤੇ ਚੱਲਣਾ ਮੁਹਿੰਮ ਦੀ ਸਫ਼ਲਤਾ ਵਿੱਚ ਵੱਡਾ ਅੜਿੱਕਾ ਹੈ। ਮਾਹਿਰਾਂ ਅਨੁਸਾਰ, ਪੋਲੀਓ ਖ਼ਤਮ ਕਰਨ ਲਈ ਮੁਹਿੰਮਾਂ ਦੇ ਨਾਲ-ਨਾਲ ਜ਼ਿਲ੍ਹਾ ਪੱਧਰੀ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਹੈ
