ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਹਵਾਈ ਖੇਤਰ ਕੀਤਾ ਬੰਦ, ਦੁਵੱਲੇ ਵਪਾਰ 'ਤੇ ਵੀ ਲਗਾਈ ਪਾਬੰਦੀ
Thursday, Apr 24, 2025 - 06:24 PM (IST)

ਇਸਲਾਮਾਬਾਦ (ਪੋਸਟ ਬਿਊਰੋ)- ਪਾਕਿਸਤਾਨ ਨੇ ਵੀਰਵਾਰ ਨੂੰ ਭਾਰਤੀ ਏਅਰਲਾਈਨਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਉਡਾਣਾਂ ਲਈ ਆਪਣਾ ਹਵਾਈ ਖੇਤਰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਐਲਾਨ ਕੀਤਾ ਅਤੇ ਭਾਰਤ ਨਾਲ ਸਿੱਧੇ ਜਾਂ ਕਿਸੇ ਹੋਰ ਦੇਸ਼ ਰਾਹੀਂ ਹੋਣ ਵਾਲੇ ਸਾਰੇ ਵਪਾਰ ਨੂੰ ਰੋਕ ਦਿੱਤਾ। ਬੁੱਧਵਾਰ ਨੂੰ ਭਾਰਤ ਦੇ ਫੈਸਲਿਆਂ ਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ ਸਰਹੱਦੀ ਆਵਾਜਾਈ, ਸਾਰਕ ਵੀਜ਼ਾ ਅਤੇ ਡਿਪਲੋਮੈਟਿਕ ਮਿਸ਼ਨਾਂ ਦੇ ਸਟਾਫ ਵਿੱਚ ਇਸੇ ਤਰ੍ਹਾਂ ਦੀ ਕਟੌਤੀ ਦਾ ਐਲਾਨ ਕੀਤਾ ਹੈ। ਪਾਕਿਸਤਾਨ ਨੇ ਇਹ ਫੈਸਲਾ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਭਾਰਤ ਵੱਲੋਂ ਉਸ ਵਿਰੁੱਧ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਦੇ ਜਵਾਬ ਵਿੱਚ ਲਿਆ ਹੈ।
ਇੱਥੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਪ੍ਰਧਾਨਗੀ ਹੇਠ ਹੋਈ ਰਾਸ਼ਟਰੀ ਸੁਰੱਖਿਆ ਕਮੇਟੀ (ਐਨ.ਐਸ.ਸੀ) ਦੀ ਮੀਟਿੰਗ ਤੋਂ ਬਾਅਦ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਕਮੇਟੀ ਨੇ ਭਾਰਤ ਨਾਲ ਲੱਗਦੀ ਵਾਹਗਾ ਸਰਹੱਦ ਨੂੰ ਤੁਰੰਤ ਬੰਦ ਕਰ ਦਿੱਤਾ ਹੈ ਅਤੇ ਭਾਰਤ ਨਾਲ ਸਰਹੱਦ ਪਾਰ ਆਵਾਜਾਈ ਨੂੰ ਪੂਰੀ ਤਰ੍ਹਾਂ ਮੁਅੱਤਲ ਕੀਤਾ ਜਾ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਾਰਕ ਵੀਜ਼ਾ ਛੋਟ ਯੋਜਨਾ ਤਹਿਤ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਵੀਜ਼ੇ ਮੁਅੱਤਲ ਕਰ ਰਿਹਾ ਹੈ, ਜਿਸ ਵਿੱਚ ਸਿਰਫ਼ ਸਿੱਖ ਸ਼ਰਧਾਲੂਆਂ ਨੂੰ ਛੋਟ ਦਿੱਤੀ ਗਈ ਹੈ। ਇਸ ਕਿਸਮ ਦੇ ਵੀਜ਼ੇ 'ਤੇ ਪਾਕਿਸਤਾਨ ਵਿੱਚ ਰਹਿ ਰਹੇ ਭਾਰਤੀਆਂ (ਸਿੱਖ ਸ਼ਰਧਾਲੂਆਂ ਨੂੰ ਛੱਡ ਕੇ) ਨੂੰ 48 ਘੰਟਿਆਂ ਦੇ ਅੰਦਰ ਪਾਕਿਸਤਾਨ ਛੱਡਣਾ ਪਵੇਗਾ। ਬਿਆਨ ਅਨੁਸਾਰ ਪਾਕਿਸਤਾਨ ਵਿੱਚ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਵਿੱਚ ਤਾਇਨਾਤ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਸਲਾਹਕਾਰਾਂ ਨੂੰ ਪਰਸੋਨਾ ਨਾਨ ਗ੍ਰਾਟਾ ਘੋਸ਼ਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪਾਕਿਸਤਾਨ ਛੱਡਣ ਲਈ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਨ੍ਹਾਂ ਅਹੁਦਿਆਂ ਨੂੰ ਖਤਮ ਮੰਨਿਆ ਜਾਵੇਗਾ। ਇਨ੍ਹਾਂ ਅਹੁਦਿਆਂ 'ਤੇ ਨਿਯੁਕਤ ਅਧਿਕਾਰੀਆਂ ਦੇ ਸਹਾਇਕ ਸਟਾਫ਼ ਨੂੰ ਭਾਰਤ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਦਿੱਤੀ ਗਿੱਦੜ ਭਬਕੀ, ਕਿਹਾ- 'ਭਾਰਤ ਨੇ ਹਮਲਾ ਕੀਤਾ ਤਾਂ ਦੇਵਾਂਗੇ ਜਵਾਬ'
ਬਿਆਨ ਵਿੱਚ ਕਿਹਾ ਗਿਆ ਹੈ ਕਿ ਡਿਪਲੋਮੈਟਾਂ ਅਤੇ ਸਟਾਫ ਦੀ ਗਿਣਤੀ 30 ਅਪ੍ਰੈਲ ਤੱਕ ਸੀਮਤ ਰਹੇਗੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਸ਼ਰੀਫ ਤੋਂ ਇਲਾਵਾ ਫੌਜ ਅਤੇ ਰੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਪਾਕਿਸਤਾਨ ਦੀ ਐਨ.ਐਸ.ਸੀ ਨੇ ਭਾਰਤ ਵਿੱਚ ਕੈਬਨਿਟ ਕਮੇਟੀ ਦੀ ਸੁਰੱਖਿਆ ਮੀਟਿੰਗ ਤੋਂ ਬਾਅਦ ਕੱਲ੍ਹ ਕੀਤੇ ਗਏ ਐਲਾਨਾਂ ਦੀ ਨਿੰਦਾ ਕੀਤੀ ਹੈ, ਉਨ੍ਹਾਂ ਨੂੰ ਧਮਕੀ ਭਰਿਆ ਦੱਸਿਆ ਹੈ। ਪਾਕਿਸਤਾਨ ਨੇ ਕਿਹਾ, "ਸਿੰਧੂ ਜਲ ਸੰਧੀ ਦੇ ਤਹਿਤ ਪਾਕਿਸਤਾਨ ਦੇ ਪਾਣੀਆਂ ਦੇ ਵਹਾਅ ਨੂੰ ਰੋਕਣ ਜਾਂ ਮੋੜਨ ਜਾਂ ਹੇਠਲੇ ਦਰਿਆ ਵਾਲੇ ਦੇਸ਼ ਦੇ ਅਧਿਕਾਰਾਂ ਨੂੰ ਹੜੱਪਣ ਦੀ ਕਿਸੇ ਵੀ ਕੋਸ਼ਿਸ਼ ਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ ਅਤੇ ਇਸਦਾ ਜਵਾਬ ਪੂਰੀ ਤਾਕਤ ਅਤੇ ਦੇਸ਼ ਲਈ ਉਪਲਬਧ ਸਾਰੀਆਂ ਤਾਕਤਾਂ ਨਾਲ ਦਿੱਤਾ ਜਾਵੇਗਾ।" ਗੌਰਤਲਬ ਹੈ ਕਿ ਕੱਲ੍ਹ ਭਾਰਤ ਨੇ ਪਾਕਿਸਤਾਨ ਵਿਰੁੱਧ ਕਾਰਵਾਈ ਕਰਨ ਦੇ ਵੱਖ-ਵੱਖ ਫੈਸਲਿਆਂ ਦੇ ਹਿੱਸੇ ਵਜੋਂ, ਵਾਹਗਾ ਸਰਹੱਦੀ ਚੌਕੀ ਨੂੰ ਬੰਦ ਕਰਨ, ਸਾਰਕ ਵੀਜ਼ਾ ਮੁਅੱਤਲ ਕਰਨ, ਕੂਟਨੀਤਕ ਮਿਸ਼ਨਾਂ ਦੀ ਗਿਣਤੀ ਘਟਾਉਣ ਦੇ ਨਾਲ-ਨਾਲ ਸਿੰਧੂ ਜਲ ਸੰਧੀ ਨੂੰ ਉਦੋਂ ਤੱਕ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ ਜਦੋਂ ਤੱਕ ਪਾਕਿਸਤਾਨ ਆਪਣਾ ਰਵੱਈਆ ਨਹੀਂ ਬਦਲਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।