''ਸਾਰਕ'' ਦਾ ਅੰਤ! ਪਾਕਿਸਤਾਨ-ਚੀਨ ਮਿਲ ਕੇ ਬਣਾਉਣਗੇ ਨਵਾਂ ਸੰਗਠਨ
Tuesday, Jul 01, 2025 - 12:57 PM (IST)

ਇਸਲਾਮਾਬਾਦ- ਪਾਕਿਸਤਾਨ ਅਤੇ ਚੀਨ ਇਕ ਨਵੇਂ ਖੇਤਰੀ ਸੰਗਠਨ ਦੀ ਸਥਾਪਨਾ ਦੇ ਪ੍ਰਸਤਾਵ ’ਤੇ ਕੰਮ ਕਰ ਰਹੇ ਹਨ, ਜੋ ਲਗਭਗ ਬੰਦ ਹੋ ਚੁੱਕੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੀ ਥਾਂ ਲੈ ਸਕਦਾ ਹੈ। ਇਸ ਘਟਨਾਕ੍ਰਮ ਤੋਂ ਜਾਣੂ ਡਿਪਲੋਮੈਟਿਕ ਸੂਤਰਾਂ ਨੇ ਦੱਸਿਆ ਕਿ ਇਸਲਾਮਾਬਾਦ ਅਤੇ ਬੀਜਿੰਗ ਵਿਚਕਾਰ ਗੱਲਬਾਤ ਹੁਣ ਅਹਿਮ ਪੜਾਅ ’ਚ ਹੈ ਕਿਉਂਕਿ ਦੋਵੇਂ ਧਿਰਾਂ ਇਸ ਗੱਲ ’ਤੇ ਸਹਿਮਤ ਹਨ ਕਿ ਖੇਤਰੀ ਏਕੀਕਰਨ ਅਤੇ ਸੰਪਰਕ ਲਈ ਇਕ ਨਵਾਂ ਸੰਗਠਨ ਜ਼ਰੂਰੀ ਹੈ। ਇਹ ਨਵਾਂ ਸੰਗਠਨ ਸੰਭਾਵਿਤ ਤੌਰ ’ਤੇ ਖੇਤਰੀ ਸੰਗਠਨ ‘ਸਾਰਕ’ ਦੀ ਥਾਂ ਲੈ ਸਕਦਾ ਹੈ। ਸਾਰਕ (ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ) ਵਿਚ ਭਾਰਤ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ
ਉਨ੍ਹਾਂ ਕਿਹਾ ਕਿ ਚੀਨ ਦੇ ਕੁਨਮਿੰਗ ’ਚ ਪਾਕਿਸਤਾਨ, ਚੀਨ ਅਤੇ ਬੰਗਲਾਦੇਸ਼ ਦੀ ਹਾਲ ਹੀ ਵਿਚ ਹੋਈ ਤਿੰਨ-ਪੱਖੀ ਮੀਟਿੰਗ ਇਨ੍ਹਾਂ ਕੂਟਨੀਤਕ ਯਤਨਾਂ ਦਾ ਹਿੱਸਾ ਸੀ। ਸੂਤਰਾਂ ਅਨੁਸਾਰ, ਇਸ ਦਾ ਮਕਸਦ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਨੂੰ, ਜੋ ਕਿ ਸਾਰਕ ਦਾ ਹਿੱਸਾ ਸਨ, ਨੂੰ ਨਵੇਂ ਸਮੂਹ ਵਿਚ ਸ਼ਾਮਲ ਹੋਣ ਲਈ ਸੱਦਾ ਦੇਣਾ ਹੈ। ਹਾਲਾਂਕਿ, ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਢਾਕਾ, ਬੀਜਿੰਗ ਅਤੇ ਇਸਲਾਮਾਬਾਦ ਵਿਚਕਾਰ ਕਿਸੇ ਵੀ ਉੱਭਰ ਰਹੇ ਗੱਠਜੋੜ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਹ ਮੁਲਾਕਾਤ ‘ਰਾਜਨੀਤਕ’ ਨਹੀਂ ਸੀ।
ਇਹ ਵੀ ਪੜ੍ਹੋ : ਟਰੰਪ ਨੂੰ ਟੱਕਰ ਦੇਣਗੇ ਮਸਕ ! ਬਣਾਉਣ ਜਾ ਰਹੇ ਨਵੀਂ ਪਾਰਟੀ
2014 ਤੋਂ ਬਾਅਦ ‘ਸਾਰਕ’ ਦਾ ਕੋਈ ਦੋ ਸਾਲਾ ਸਿਖਰ ਸੰਮੇਲਨ ਨਹੀਂ ਹੋਇਆ
ਸੂਤਰਾਂ ਅਨੁਸਾਰ ਭਾਰਤ ਨੂੰ ਨਵੇਂ ਪ੍ਰਸਤਾਵਿਤ ਮੰਚ ਵਿਚ ਸੱਦਾ ਦਿੱਤਾ ਜਾਵੇਗਾ, ਜਦਕਿ ਸ਼੍ਰੀਲੰਕਾ, ਮਾਲਦੀਵ ਅਤੇ ਅਫਗਾਨਿਸਤਾਨ ਵਰਗੇ ਦੇਸ਼ ਵੀ ਇਸ ਦਾ ਹਿੱਸਾ ਹੋ ਸਕਦੇ ਹਨ। ਨਵੇਂ ਸੰਗਠਨ ਦਾ ਮੁੱਖ ਮਕਸਦ ਵਪਾਰ ਅਤੇ ਸੰਪਰਕ ਵਧਾ ਕੇ ਖੇਤਰੀ ਸ਼ਮੂਲੀਅਤ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਇਹ ਪ੍ਰਸਤਾਵ ਸਾਕਾਰ ਹੋ ਜਾਂਦਾ ਹੈ, ਤਾਂ ਇਹ ‘ਸਾਰਕ’ ਦੀ ਥਾਂ ਲਵੇਗਾ, ਜੋ ਕਿ ਭਾਰਤ-ਪਾਕਿਸਤਾਨ ਟਕਰਾਅ ਕਾਰਨ ਲੰਬੇ ਸਮੇਂ ਤੋਂ ਮੁਅੱਤਲ ਹੈ। 2014 ਦੇ ਕਾਠਮੰਡੂ ਸਿਖਰ ਸੰਮੇਲਨ ਤੋਂ ਬਾਅਦ ਕੋਈ ਦੋ ਸਾਲਾ ਸਾਰਕ ਸਿਖਰ ਸੰਮੇਲਨ ਨਹੀਂ ਹੋਇਆ ਹੈ। ਸਾਰਕ ਸੰਮੇਲਨ ਸਾਲ 2016 ਵਿਚ ਇਸਲਾਮਾਬਾਦ ਵਿਚ ਹੋਣਾ ਸੀ ਪਰ ਉਸੇ ਸਾਲ 18 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਉੜੀ ਵਿਚ ਭਾਰਤੀ ਫੌਜ ਦੇ ਕੈਂਪ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਮੌਜੂਦਾ ਸਥਿਤੀਆਂ ਕਾਰਨ ਸੰਮੇਲਨ ਵਿਚ ਸ਼ਾਮਲ ਹੋਣ ਤੋਂ ਅਸਮਰੱਥਾ ਜ਼ਾਹਿਰ ਕਰ ਦਿੱਤੀ ਸੀ। ਬੰਗਲਾਦੇਸ਼, ਭੂਟਾਨ ਅਤੇ ਅਫਗਾਨਿਸਤਾਨ ਵਲੋਂ ਵੀ ਇਸਲਾਮਾਬਾਦ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਸਿਖਰ ਸੰਮੇਲਨ ਰੱਦ ਕਰ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8