ਪਾਕਿ : ਖੱਟਕ ਅਤੇ ਇਮਰਾਨ ਖਾਨ ਵਿਚਕਾਰ ਤਿੱਖੀ ਬਹਿਸ, ਕਿਹਾ- 'ਨਹੀਂ ਦੇਵਾਂਗਾ ਵੋਟ'

Friday, Jan 14, 2022 - 12:59 PM (IST)

ਪਾਕਿ : ਖੱਟਕ ਅਤੇ ਇਮਰਾਨ ਖਾਨ ਵਿਚਕਾਰ ਤਿੱਖੀ ਬਹਿਸ, ਕਿਹਾ- 'ਨਹੀਂ ਦੇਵਾਂਗਾ ਵੋਟ'

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਰੱਖਿਆ ਮੰਤਰੀ ਪਰਵੇਜ਼ ਖੱਟਕ ਵਿਚਾਲੇ ਸੰਸਦੀ ਦਲ ਦੀ ਮੀਟਿੰਗ ਦੌਰਾਨ ਖੈਬਰ ਪਖਤੂਨਖਵਾ ਸੂਬੇ ਦੀ ਅਣਦੇਖੀ ਨੂੰ ਲੈ ਕੇ ਤਿੱਖੀ ਬਹਿਸ ਹੋਈ। ਖੱਟਕ ਨੇ ਕਥਿਤ ਤੌਰ 'ਤੇ ਸਰਕਾਰ ਵੱਲੋਂ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੀ ਅਣਦੇਖੀ 'ਤੇ ਸਵਾਲ ਉਠਾਏ ਸਨ ਅਤੇ ਕਿਹਾ ਸੀ ਕਿ ਉਹ ਇਮਰਾਨ ਨੂੰ ਵੋਟ ਨਹੀਂ ਦੇਣਗੇ, ਜਿਸ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਰਾਜ਼ ਹੋ ਗਏ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਦਿੱਤੀ ਗਈ।'ਡਾਨ' ਦੀ ਰਿਪੋਰਟ ਮੁਤਾਬਕ ਇਹ ਮਾਮਲਾ ਵੀਰਵਾਰ ਨੂੰ ਸੰਸਦ ਭਵਨ 'ਚ ਪ੍ਰਧਾਨ ਮੰਤਰੀ ਖਾਨ ਦੀ ਪ੍ਰਧਾਨਗੀ 'ਚ ਸੱਤਾਧਾਰੀ ਗਠਜੋੜ ਦੀ ਸੰਸਦੀ ਦਲ ਦੀ ਬੈਠਕ ਦੌਰਾਨ ਸਾਹਮਣੇ ਆਇਆ। 

ਇੱਕ ਵਿਵਾਦਿਤ ਸਪਲੀਮੈਂਟਰੀ ਫਾਇਨਾਂਸ ਬਿੱਲ-2022 (ਆਮ ਤੌਰ 'ਤੇ ਮਿੰਨੀ ਬਜਟ ਵਜੋਂ ਜਾਣਿਆ ਜਾਂਦਾ ਹੈ) ਨੂੰ ਮਨਜ਼ੂਰੀ ਦੇਣ ਲਈ ਸੰਸਦ ਵਿੱਚ ਬੁਲਾਈ ਗਈ ਮੀਟਿੰਗ ਵਿੱਚ ਸ਼ਾਮਲ ਹੁੰਦੇ ਹੋਏ ਰੱਖਿਆ ਮੰਤਰੀ ਨੇ ਕਥਿਤ ਤੌਰ 'ਤੇ ਕਿਹਾ ਕਿ ਜੇਕਰ ਘੱਟ ਵਿਕਸਿਤ ਸੂਬਿਆਂ ਵਿੱਚ ਲੋਕਾਂ ਨੂੰ ਨਵੇਂ ਗੈਸ ਕੁਨੈਕਸ਼ਨ ਨਹੀਂ ਦਿੱਤੇ ਜਾਂਦੇ ਤਾਂ ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੋਟ ਨਹੀਂ ਦੇਣਗੇ।ਖੱਟਕ ਸੰਸਦ ਵਿੱਚ ਖੈਬਰ ਪਖਤੂਨਖਵਾ (ਕੇਪੀ) ਸੂਬੇ ਦੇ ਨੌਸ਼ਹਿਰਾ-1 ਦੀ ਨੁਮਾਇੰਦਗੀ ਕਰਦੇ ਹਨ। ਸੂਤਰਾਂ ਨੇ ਦੱਸਿਆ ਕਿ ਖੱਟਕ ਦੀ ਸ਼ਿਕਾਇਤ 'ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਉਸ ਨੂੰ 'ਬਲੈਕਮੇਲਿੰਗ' ਬੰਦ ਕਰਨ ਲਈ ਕਿਹਾ। ਖਬਰਾਂ ਮੁਤਾਬਕ ਇਸ ਤੋਂ ਬਾਅਦ ਰੱਖਿਆ ਮੰਤਰੀ ਮੀਟਿੰਗ ਰੂਮ ਤੋਂ ਚਲੇ ਗਏ ਪਰ ਬਾਅਦ 'ਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ। 

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ’ਚ ਹੁਣ ਗਰਭਨਿਰੋਧਕ ’ਤੇ ਵੀ ਟੈਕਸ

ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਲਗਭਗ ਪੂਰਾ ਦਿਨ ਆਪਣੇ ਚੈਂਬਰ ਵਿੱਚ ਰਹੇ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਅਤੇ ਸੱਤਾਧਾਰੀ ਗੱਠਜੋੜ ਦੀਆਂ ਹੋਰ ਪਾਰਟੀਆਂ ਦੇ ਕਈ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਖੱਟਕ ਦਾ ਵਿਚਾਰ ਸੀ ਕਿ ਸੂਬੇ ਨੂੰ ਬਿਜਲੀ ਅਤੇ ਗੈਸ ਦੀ ਵਿਵਸਥਾ ਦੇ ਮਾਮਲੇ ਵਿੱਚ ਅਣਗੌਲਿਆ ਕੀਤਾ ਜਾ ਰਿਹਾ ਹੈ, ਜਦੋਂਕਿ ਇਨ੍ਹਾਂ ਸਹੂਲਤਾਂ ਦਾ ਦੂਜੇ ਸੂਬਿਆਂ ਦੇ ਲੋਕ ਆਨੰਦ ਲੈ ਰਹੇ ਹਨ। ਖ਼ਬਰ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਜੇਕਰ ਇਹ ਸਥਿਤੀ ਬਣੀ ਰਹੀ ਤਾਂ ਸੂਬੇ ਦੇ ਲੋਕ ‘ਪੀਟੀਆਈ’ ਨੂੰ ਵੋਟ ਨਹੀਂ ਦੇਣਗੇ। ਖੱਟਰ ਨੇ ਹਾਲਾਂਕਿ ਬੈਠਕ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਪ੍ਰਧਾਨ ਮੰਤਰੀ ਨਾਲ ਸਖ਼ਤੀ ਨਾਲ ਗੱਲ ਕੀਤੀ ਅਤੇ ਨਾ ਹੀ ਇਮਰਾਨ ਨੂੰ ਵੋਟ ਨਾ ਦੇਣ ਦੀ ਧਮਕੀ ਦਿੱਤੀ। ਉਨ੍ਹਾਂ ਨੇ ਸਿਰਫ ਸੂਬੇ ਵਿੱਚ ਗੈਸ ਦੀ ਕਮੀ ਅਤੇ ਨਵੇਂ ਗੈਸ ਕੁਨੈਕਸ਼ਨਾਂ ’ਤੇ ਪਾਬੰਦੀ ਦਾ ਮੁੱਦਾ ਉਠਾਇਆ। 

ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਮੇਰੇ ਨੇਤਾ ਅਤੇ ਪ੍ਰਧਾਨ ਮੰਤਰੀ ਹਨ। ਮੈਂ ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਜੇ ਕੇਪੀ ਦੇ ਲੋਕਾਂ ਨੂੰ ਗੈਸ ਕੁਨੈਕਸ਼ਨ ਨਹੀਂ ਦਿੱਤੇ ਗਏ ਤਾਂ ਮੈਂ ਉਨ੍ਹਾਂ ਨੂੰ ਵੋਟ ਨਹੀਂ ਦੇਵਾਂਗਾ। ਖੱਟਕ ਨੇ ਕਿਹਾ ਕਿ ਮੈਨੂੰ ਸਿਗਰਟ ਪੀਣ ਦੀ ਆਦਤ ਹੈ ਅਤੇ ਮੈਂ ਸਿਰਫ ਸਿਗਗਟ ਪੀਣ ਲਈ ਮੀਟਿੰਗ ਰੂਮ ਵਿਚੋਂ ਬਾਹਰ ਗਿਆ ਸੀ। ਉੱਧਰ ਪ੍ਰਧਾਨ ਮੰਤਰੀ ਦੇ ਸਿਆਸੀ ਮਾਮਲਿਆਂ 'ਤੇ ਵਿਸ਼ੇਸ਼ ਸਹਾਇਕ ਸ਼ਾਹਬਾਜ਼ ਗਿੱਲ ਨੇ ਬਾਅਦ 'ਚ ਪੁਸ਼ਟੀ ਕੀਤੀ ਕਿ ਖੱਟਕ ਨੇ ਖੈਬਰ ਪਖਤੂਨਖਵਾ ਦੇ ਲੋਕਾਂ ਲਈ ਗੈਸ ਮੁਹੱਈਆ ਨਾ ਕਰਾਉਣ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਕਿ ਰੱਖਿਆ ਮੰਤਰੀ ਨੇ ਊਰਜਾ ਮੰਤਰੀ ਹਮਾਦ ਅਜ਼ਹਰ ਨੂੰ ਦੱਸਿਆ ਕਿ ਖੈਬਰ ਪਖਤੂਨਖਵਾ ਵਿੱਚ ਗੈਸ ਸਪਲਾਈ ਸਕੀਮਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਸੂਬੇ ਦੇ ਲੋਕਾਂ ਨੂੰ ਕੋਈ ਨਵਾਂ ਗੈਸ ਕੁਨੈਕਸ਼ਨ ਨਹੀਂ ਦਿੱਤਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਸੰਸਦੀ ਦਲ ਦੀ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰੱਖਿਆ ਮੰਤਰੀ ਨੂੰ ਆਪਣੇ ਚੈਂਬਰ 'ਚ ਬੁਲਾਇਆ ਅਤੇ ਉਨ੍ਹਾਂ ਨੇ ਖੱਟਕ ਦੇ 'ਰਵੱਈਏ' 'ਤੇ ਫਿਰ ਤੋਂ ਨਾਰਾਜ਼ਗੀ ਜ਼ਾਹਰ ਕੀਤੀ।


author

Vandana

Content Editor

Related News