ਪਾਕਿ ''ਚ ਹਿੰਦੂ ਨਾਬਾਲਗਾ ਨੂੰ ਸਮੂਹਿਕ ਜਬਰ ਜ਼ਿਨਾਹ ਤੋਂ ਬਾਅਦ ਸੜਕ ''ਤੇ ਸੁੱਟਿਆ, ਹਾਲਤ ਗੰਭੀਰ

10/05/2020 6:31:22 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਕ ਹਿੰਦੂ ਨਾਬਲਗਾ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਨਾਬਾਲਗਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਿੰਧ ਸੂਬੇ ਦੀ 15 ਸਾਲਾ ਹਿੰਦੂ ਕੁੜੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਥਿਆਰਾਂ ਨਾਲ ਲੈਸ ਹੈਵਾਨਾਂ ਨੇ ਹਿੰਦੂ ਕੁੜੀ ਨੂੰ ਅਗਵਾ ਕੀਤਾ ਅਤੇ ਸਮੂਹਿਕ ਬਲਾਤਕਾਰ ਕਰਨ ਦੇ ਬਾਅਦ ਉਸ ਨੂੰ ਸੜਕ 'ਤੇ ਸੁੱਟ ਦਿੱਤਾ।

ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁੰਨ ਰਾਹਤ ਆਸਟਿਨ ਦੇ ਮੁਤਾਬਕ, ਕੁੜੀ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਸਿੰਧ ਸੂਬੇ ਦੇ ਥਾਰਪਰਕਰ ਜ਼ਿਲ੍ਹੇ ਵਿਚ ਇਕ 17 ਸਾਲਾ ਹਿੰਦੂ ਕੁੜੀ ਨੇ ਖੁਦਕੁਸ਼ੀ ਕਰ ਲਈ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹਿੰਦੂ ਕੁੜੀ ਦੇ ਨਾਲ ਇਕ ਸਾਲ ਪਹਿਲਾਂ ਬਲਾਤਕਾਰ ਹੋਇਆ ਸੀ ਅਤੇ ਅਪਰਾਧੀ ਉਸ ਨੂੰ ਬਲੈਕਮੇਲ ਕਰ ਰਹੇ ਸਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁੜੀ ਨੂੰ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਉਸ ਨੇ ਅਖੀਰ ਖੁਦਕੁਸ਼ੀ ਕਰ ਲਈ। 

ਖੁਦਕੁਸ਼ੀ ਦੀ ਇਹ ਘਟਨਾ ਦਲਾਨ-ਜੋ-ਤਾਰ ਦੀ ਹੈ। ਪਿੰਡ ਦੇ ਲੋਕਾਂ ਨੇ ਕੁੜੀ ਦੀ ਲਾਸ਼ ਖੂਹ ਵਿਚੋਂ ਕੱਢੀ ਅਤੇ ਉਸ ਦਾ ਪੋਸਟਮਾਰਟਮ ਕਰਵਾਇਆ। ਕੁੜੀ ਦੇ ਪਿਤਾ ਨੇ ਕਿਹਾ,''ਪਿਛਲੇ ਸਾਲ ਜੁਲਾਈ ਮਹੀਨੇ ਵਿਚ ਕੁੜੀ ਦੇ ਨਾਲ ਤਿੰਨ ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ ਅਤੇ ਇਸ ਮਾਮਲੇ ਵਿਚ ਦੋਸ਼ੀ ਜਮਾਨਤ 'ਤੇ ਹਨ।'' ਕੁੜੀ ਦੇ ਪਿਤਾ ਨੇ ਦੱਸਿਆ ਕਿ ਬਲਾਤਕਾਰੀ ਪ੍ਰਭਾਵਸ਼ਾਲੀ ਪਰਿਵਾਰ ਤੋਂ ਸਨ ਅਤੇ ਉਹ ਕੁੜੀ ਨੂੰ ਬਲੈਕਮੇਲ ਅਤੇ ਪਰੇਸ਼ਾਨ ਕਰ ਰਹੇ ਸਨ। ਡਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਦੋਸ਼ੀਆਂ ਨੇ ਕੁੜੀ ਦੇ ਨਾਲ ਹੈਵਾਨੀਅਤ ਦਾ ਵੀਡੀਓ ਬਣਾ ਲਿਆ ਸੀ ਅਤੇ ਉਹ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਰਹੇ ਸਨ। ਜ਼ਿਲ੍ਹੇ ਦੇ ਐੱਸ.ਐੱਸ.ਪੀ. ਨੇ ਦੱਸਿਆ ਕਿ ਸ਼ੁਰੂਆਤੀ ਮੈਡੀਕਲ ਰਿਪੋਰਟ ਵਿਚ ਕੁੜੀ ਦੇ ਨਾਲ ਸਮੂਹਿਕ ਬਲਾਤਕਾਰ ਦੀ ਪੁਸ਼ਟੀ ਹੋਈ ਹੈ। 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਆਸਤ-ਏ-ਮਦੀਨਾ ਵਿਚ ਘੱਟ ਗਿਣਤੀ ਹਿੰਦੂਆਂ 'ਤੇ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਥੇ ਬੱਚਿਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵੱਧ ਗਈਆਂ ਹਨ। ਅਪਰਾਧੀ ਬੇਖੌਫ ਹੋ ਕੇ ਪੀੜਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਉਣ ਵਿਚ ਜੁਟੇ ਹੋਏ ਹਨ।
 


Vandana

Content Editor

Related News