Pak: ਮਹਿੰਗਾਈ ਨੇ ਤੋੜਿਆ 50 ਸਾਲਾਂ ਦਾ ਰਿਕਾਰਡ! ਦੇਸ਼ ''ਚ ਅਕਾਲ ਵਰਗੇ ਹਾਲਾਤ, ਵਿੱਤ ਮੰਤਰਾਲੇ ਨੇ ਜਾਰੀ ਕੀਤੀ ਚਿਤਾਵਨੀ

04/02/2023 5:23:11 PM

ਇਸਲਾਮਾਬਾਦ : ਪਾਕਿਸਤਾਨ ਵਿੱਚ ਮਹਿੰਗਾਈ ਨੇ ਪੰਜ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਹਾਲਾਤ ਇਸ ਹੱਦ ਤੱਕ ਵਿਗੜ ਚੁੱਕੇ ਹਨ ਕਿ ਦੇਸ਼ ਵਿੱਚ ਅਕਾਲ ਦੀ ਸਥਿਤੀ ਬਣੀ ਹੋਈ ਹੈ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ 'ਚ ਮਾਰਚ 'ਚ ਮਹਿੰਗਾਈ ਦਰ ਸਾਲ ਦਰ ਸਾਲ ਆਧਾਰ 'ਤੇ 35.37 ਫੀਸਦੀ 'ਤੇ ਪਹੁੰਚ ਗਈ ਹੈ। ਰਮਜ਼ਾਨ ਦੇ ਮਹੀਨੇ ਦੌਰਾਨ ਭੋਜਨ ਵੰਡ ਕੇਂਦਰ 'ਤੇ ਭੀੜ ਹੋਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰਾਚੀ ਵਿੱਚ ਇੱਕ ਵਿਸ਼ਲੇਸ਼ਕ ਸ਼ਾਹਿਦਾ ਵਿਜ਼ਾਰਤ ਨੇ ਕਿਹਾ ਜਿਸ ਹਿਸਾਬ ਨਾਲ ਮਹਿੰਗਾਈ ਵਧ ਰਹੀ ਹੈਇਸ ਕਾਰਨ ਅਕਾਲ ਵਰਗੀ ਸਥਿਤੀ ਪੈਦਾ ਹੋ ਗਈ ਹੈ। ਵਿੱਤ ਮੰਤਰਾਲਾ ਵੀ ਦੇਸ਼ ਦੇ ਹਾਲਾਤ ਨੂੰ ਲੈ ਕੇ ਚਿਤਾਵਨੀ ਜਾਰੀ ਕਰ ਚੁੱਕਾ ਹੈ। 

ਇਹ ਵੀ ਪੜ੍ਹੋ : ਪਾਕਿਸਤਾਨ 'ਚ ਰਮਜ਼ਾਨ ਦੇ ਨਾਂ 'ਤੇ ਹਿੰਦੂਆਂ 'ਤੇ ਤਸ਼ੱਦਦ ਕਰਨ ਵਾਲਾ SHO ਮੁਅੱਤਲ

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਬੇਲਆਊਟ ਪੈਕੇਜ ਲਈ ਨੀਤੀ 'ਚ ਬਦਲਾਅ ਕੀਤਾ ਸੀ ਅਤੇ ਇਸ ਕਾਰਨ ਵਿਆਜ ਦਰਾਂ ਵਧੀਆਂ ਅਤੇ ਇਸ ਦਾ ਅਸਰ ਮਹਿੰਗਾਈ 'ਤੇ ਪਿਆ। ਵਿਦੇਸ਼ੀ ਮੁਦਰਾ ਭੰਡਾਰ ਘਟਣ ਕਾਰਨ ਪਾਕਿਸਤਾਨ ਰੋਜ਼ਾਨਾ ਲੋੜਾਂ ਦੀਆਂ ਵਸਤੂਆਂ ਦੀ ਦਰਾਮਦ ਕਰਨ ਦੇ ਸਮਰੱਥ ਨਹੀਂ ਹੈ। ਇਸ ਕਾਰਨ ਲੋਕਾਂ ਨੂੰ ਆਟਾ ਅਤੇ ਦਾਲ ਵਰਗੀਆਂ ਵਸਤਾਂ ਲਈ ਕਈ ਗੁਣਾ ਵੱਧ ਭਾਅ ਦੇਣੇ ਪੈ ਰਹੇ ਹਨ। ਪਾਕਿਸਤਾਨ ਵਿੱਚ ਜ਼ਰੂਰੀ ਵਸਤਾਂ ਦੀਆਂ ਹਫ਼ਤਾਵਾਰੀ ਅਤੇ ਮਹੀਨਾਵਾਰ ਕੀਮਤਾਂ ਪਹਿਲਾਂ ਹੀ ਅਸਮਾਨ ਛੂਹ ਰਹੀਆਂ ਹਨ।

ਵਿੱਤ ਮੰਤਰਾਲੇ ਨੇ ਪਾਕਿਸਤਾਨ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਮਹਿੰਗਾਈ ਹੋਰ ਵਧੇਗੀ। ਪਾਕਿਸਤਾਨ ਦੇ ਇਕ ਅਖਬਾਰ ਮੁਤਾਬਕ ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਰੀ ਆਪਣੀ ਮਾਸਿਕ ਆਊਟਲੁੱਕ ਰਿਪੋਰਟ 'ਚ ਇਹ ਵੀ ਕਿਹਾ ਕਿ ਸਿਆਸੀ ਅਸਥਿਰਤਾ ਦੇਸ਼ ਨੂੰ ਹੋਰ ਮਹਿੰਗਾਈ ਵੱਲ ਲੈ ਜਾ ਰਹੀ ਹੈ। ਇਸ ਆਰਥਿਕ ਸੰਕਟ 'ਚੋਂ ਨਿਕਲਣ ਲਈ ਪਾਕਿਸਤਾਨ ਨੂੰ ਆਈ.ਐੱਮ.ਐੱਫ. ਦੇ ਬੇਲਆਊਟ ਪੈਕੇਜ ਦੀ ਸਖ਼ਤ ਲੋੜ ਹੈ ਪਰ ਪਾਕਿਸਤਾਨ ਨੇ ਅਜੇ ਤੱਕ ਇਹ ਪੈਕੇਜ ਪ੍ਰਾਪਤ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ : ਮੁਫ਼ਤ ਆਟਾ ਲੈਣ ਲਈ ਉਮੜੀ ਭੀੜ, 4 ਬਜ਼ੁਰਗਾਂ ਨੇ ਤੋੜਿਆ ਦਮ

ਸ਼ਨੀਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਮੁਤਾਬਕ ਪਾਕਿਸਤਾਨ 'ਚ ਮਹਿੰਗਾਈ ਦਰ ਮਹੀਨਾ ਦਰ ਮਹੀਨੇ ਦੇ ਆਧਾਰ 'ਤੇ 3.72 ਫੀਸਦੀ ਰਹੀ। ਮਾੜੇ ਵਿੱਤੀ ਪ੍ਰਬੰਧਨ ਅਤੇ ਸਿਆਸੀ ਅਸਥਿਰਤਾ ਨੇ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਤਬਾਹੀ ਦੇ ਕੰਢੇ 'ਤੇ ਧੱਕ ਦਿੱਤਾ ਹੈ। ਬਾਕੀ ਕਸਰ ਪਿਛਲੀ ਵਾਰ ਆਏ ਹੜ੍ਹਾਂ ਨੇ ਪੂਰੀ ਕਰ ਦਿੱਤੀ ਸੀ, ਜਿਸ ਵਿੱਚ ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਡੁੱਬ ਗਿਆ ਸੀ।

ਪਾਕਿਸਤਾਨ ਆਰਥਿਕ ਸੰਕਟ 'ਤੇ ਕਾਬੂ ਪਾਉਣ ਲਈ ਲਗਾਤਾਰ ਅੰਤਰਰਾਸ਼ਟਰੀ ਮੁਦਰਾ ਫੰਡ ਕੋਲ ਬੇਨਤੀ ਕਰ ਰਿਹਾ ਹੈ, ਪਰ IMF ਨੇ ਅਜੇ ਤੱਕ ਉਸਦੀ ਸਹਾਇਤਾ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਦੱਸ ਦੇਈਏ ਕਿ ਪਾਕਿਸਤਾਨ ਦਾ ਕੁੱਲ ਕਰਜ਼ਾ ਅਤੇ ਦੇਣਦਾਰੀ 60 ਖਰਬ ਪਾਕਿਸਤਾਨੀ ਰੁਪਏ ਤੋਂ ਵੱਧ ਹੈ। ਇਹ ਦੇਸ਼ ਦੀ ਜੀਡੀਪੀ ਦਾ 89 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ, ਇਸ ਕਰਜ਼ੇ ਦਾ ਲਗਭਗ 35 ਪ੍ਰਤੀਸ਼ਤ ਸਿਰਫ ਚੀਨ ਦਾ ਹੈ, ਇਸ ਵਿੱਚ ਚੀਨ ਦੇ ਸਰਕਾਰੀ ਵਪਾਰਕ ਬੈਂਕਾਂ ਦਾ ਕਰਜ਼ਾ ਵੀ ਸ਼ਾਮਲ ਹੈ। ਪਾਕਿਸਤਾਨ 'ਤੇ ਚੀਨ ਦਾ 30 ਬਿਲੀਅਨ ਡਾਲਰ ਦਾ ਕਰਜ਼ਾ ਹੈ, ਜੋ ਫਰਵਰੀ 2022 ਵਿੱਚ 25.1 ਅਰਬ ਡਾਲਰ ਸੀ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਪੁਲਸ ਨੇ ਹਿੰਦੂ ਢਾਬਾ ਮਾਲਕ ਨੂੰ ਦਿੱਤੀ ਧਮਕੀ, ਮੂਰਤੀ ਬਾਰੇ ਕੀਤੀ ਗਲਤ ਟਿੱਪਣੀ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News