ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ''ਤੇ ਸਰਹੱਦ ਪਾਰ ਡਰੋਨ ਉਡਾਉਣ ਦਾ ਲਗਾਇਆ ਦੋਸ਼

Saturday, Jan 10, 2026 - 04:42 PM (IST)

ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ''ਤੇ ਸਰਹੱਦ ਪਾਰ ਡਰੋਨ ਉਡਾਉਣ ਦਾ ਲਗਾਇਆ ਦੋਸ਼

ਸਿਓਲ - ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਇਕ ਵਾਰ ਫਿਰ ਤਣਾਅ ਗੰਭੀਰ ਰੂਪ ਧਾਰਨ ਕਰ ਗਿਆ ਹੈ। ਉੱਤਰੀ ਕੋਰੀਆ ਦੀ ਫੌਜ ਨੇ ਦੱਖਣੀ ਕੋਰੀਆ 'ਤੇ ਆਪਣੀ ਸਰਹੱਦ ਦੇ ਪਾਰ ਡਰੋਨ ਉਡਾਉਣ ਦਾ ਗੰਭੀਰ ਦੋਸ਼ ਲਾਇਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਸਿਓਲ ਨੂੰ ਇਸ "ਨਾ ਮਾਫ ਕਰਨ ਯੋਗ ਕਾਰਵਾਈ" ਲਈ ਭਾਰੀ ਕੀਮਤ ਚੁਕਾਉਣੀ ਪਵੇਗੀ।

ਇਲੈਕਟ੍ਰਾਨਿਕ ਜੰਗੀ ਉਪਕਰਨਾਂ ਰਾਹੀਂ ਡਰੋਨ ਸੁੱਟਣ ਦਾ ਦਾਅਵਾ 

'ਕੋਰੀਅਨ ਪੀਪਲਜ਼ ਆਰਮੀ' ਦੇ ਜਨਰਲ ਸਟਾਫ ਨੇ ਇੱਕ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਬਲਾਂ ਨੇ ਸਰਹੱਦੀ ਕਸਬੇ ਦੇ ਉੱਪਰ ਉੱਡ ਰਹੇ ਦੱਖਣੀ ਕੋਰੀਆਈ ਡਰੋਨ ਨੂੰ ਵਿਸ਼ੇਸ਼ ਇਲੈਕਟ੍ਰਾਨਿਕ ਜੰਗੀ ਉਪਕਰਨਾਂ ਦੀ ਵਰਤੋਂ ਕਰਕੇ ਡੇਗ ਦਿੱਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਡਰੋਨ 'ਚ 2 ਕੈਮਰੇ ਲੱਗੇ ਹੋਏ ਸਨ, ਜਿਨ੍ਹਾਂ ਰਾਹੀਂ ਉੱਤਰੀ ਕੋਰੀਆ ਦੇ ਅਣਪਛਾਤੇ ਖੇਤਰਾਂ ਦੀ ਵੀਡੀਓ ਰਿਕਾਰਡਿੰਗ ਕੀਤੀ ਜਾ ਰਹੀ ਸੀ। ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਪਿਛਲੇ ਸਾਲ 27 ਸਤੰਬਰ ਨੂੰ ਵੀ ਅਜਿਹੀ ਹੀ ਘੁਸਪੈਠ ਕੀਤੀ ਗਈ ਸੀ।

ਦੱਖਣੀ ਕੋਰੀਆ ਨੇ ਦੋਸ਼ਾਂ ਨੂੰ ਨਕਾਰਿਆ 

ਦੂਜੇ ਪਾਸੇ, ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਪਰ ਇਸ ਨਾਲ ਉੱਤਰੀ ਕੋਰੀਆ ਨਾਲ ਦੁਵੱਲੇ ਸਬੰਧਾਂ ਨੂੰ ਬਹਾਲ ਕਰਨ ਦੇ ਦੱਖਣੀ ਕੋਰੀਆ ਦੀ ਸਰਕਾਰ ਦੇ ਯਤਨਾਂ ਨੂੰ ਝਟਕਾ ਲੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੰਤਰਾਲੇ ਦੇ ਸੀਨੀਅਰ ਅਧਿਕਾਰੀ ਕਿਮ ਹੋਂਗ-ਸ਼ੀਓਲ ਨੇ ਦਾਅਵਾ ਕੀਤਾ ਕਿ ਦੱਖਣੀ ਕੋਰੀਆ ਕੋਲ ਅਜਿਹੇ ਡਰੋਨ ਵੀ ਨਹੀਂ ਹਨ, ਜਿਨ੍ਹਾਂ ਦੀ ਵਰਤੋਂ ਦਾ ਉੱਤਰੀ ਕੋਰੀਆ ਦੋਸ਼ ਲਗਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਅਧਿਕਾਰੀ ਇਸ ਗੱਲ ਦੀ ਜਾਂਚ ਕਰਨਗੇ ਕਿ ਕੀ ਇਹ ਡਰੋਨ ਕਿਸੇ ਨਾਗਰਿਕ ਵੱਲੋਂ ਉਡਾਏ ਗਏ ਸਨ। 


author

cherry

Content Editor

Related News