ਬ੍ਰਿਟੇਨ 'ਚ ਹਿੰਦੂ ਵਿਰੋਧੀ ਨਫ਼ਰਤ ਅਪਰਾਧਾਂ ਦੀ ਨਿਗਰਾਨੀ ਲਈ ਨਵਾਂ ਆਨਲਾਈਨ ਪਲੇਟਫਾਰਮ ਲਾਂਚ
Saturday, May 23, 2026 - 06:00 AM (IST)
ਲੰਡਨ : ਬ੍ਰਿਟੇਨ 'ਚ ਹਿੰਦੂ ਭਾਈਚਾਰੇ ਵਿਰੁੱਧ ਵਧ ਰਹੇ ਨਫ਼ਰਤ ਭਰੇ ਅਪਰਾਧਾਂ (Hate crimes) ਦੀ ਨਿਗਰਾਨੀ ਅਤੇ ਦਸਤਾਵੇਜ਼ੀਕਰਨ ਕਰਨ ਲਈ ਇੱਕ ਨਵਾਂ ਵਿਸ਼ੇਸ਼ ਪਲੇਟਫਾਰਮ ਸ਼ੁਰੂ ਕੀਤਾ ਗਿਆ ਹੈ। 'ਐਂਟੀ-ਹਿੰਦੂ ਹੇਟ ਮਾਨੀਟਰ' (AHHM) ਨਾਮਕ ਇਸ ਪ੍ਰੋਜੈਕਟ ਨੂੰ ਲੰਡਨ ਸਥਿਤ ਵਿਚਾਰ ਮੰਚ 'ਇੰਟਰਨੈਸ਼ਨਲ ਸੈਂਟਰ ਫਾਰ ਸਸਟੇਨੇਬਿਲਟੀ' (ICFS) ਦੇ 'ਫਿਊਚਰ ਆਫ ਫੇਥ ਡੈਸਕ' ਅਧੀਨ ਲਾਂਚ ਕੀਤਾ ਗਿਆ ਹੈ।
ਇਸ ਪਹਿਲ ਦਾ ਮੁੱਖ ਉਦੇਸ਼ ਹਿੰਦੂ ਭਾਈਚਾਰੇ ਦੇ ਵਿਰੁੱਧ ਹੋਣ ਵਾਲੀ ਹਿੰਸਾ ਅਤੇ ਵਿਤਕਰੇ ਦੇ ਅੰਕੜੇ ਇਕੱਠੇ ਕਰਨਾ ਹੈ। ਇਹ ਅੰਕੜੇ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ (ਪੁਲਸ) ਅਤੇ ਸਥਾਨਕ ਪ੍ਰਸ਼ਾਸਨ ਨਾਲ ਸਾਂਝੇ ਕੀਤੇ ਜਾਣਗੇ ਤਾਂ ਜੋ ਇਨ੍ਹਾਂ ਮੁੱਦਿਆਂ 'ਤੇ ਸਾਰਥਕ ਸੰਵਾਦ ਸਥਾਪਿਤ ਕੀਤਾ ਜਾ ਸਕੇ। ICFS ਅਨੁਸਾਰ, ਇਸ ਮੰਚ ਦਾ ਮਕਸਦ ਹਿੰਦੂ ਭਾਈਚਾਰੇ ਦੀ ਸਮੂਹਿਕ ਆਵਾਜ਼ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਇਨ੍ਹਾਂ ਮੁੱਦਿਆਂ ਦਾ ਸਾਹਮਣਾ ਇਕੱਲੇ ਤੌਰ 'ਤੇ ਕਰਨ ਦੀ ਬਜਾਏ ਸੰਗਠਿਤ ਰੂਪ ਵਿੱਚ ਕੀਤਾ ਜਾ ਸਕੇ।
ਇਹ ਕਦਮ ਪਿਛਲੇ ਸਾਲ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ 'ਤੇ ਅਧਾਰਤ ਹੈ, ਜਿਸ 'ਚ ਬ੍ਰਿਟੇਨ ਦੇ ਹਿੰਦੂ ਭਾਈਚਾਰੇ ਵਿਰੁੱਧ ਨਫ਼ਰਤ ਤੇ ਵਿਤਕਰੇ ਨਾਲ ਨਜਿੱਠਣ ਲਈ ਇੱਕ ਵਿਵਸਥਿਤ ਪ੍ਰਣਾਲੀ ਦੀ ਘਾਟ ਨੂੰ ਉਜਾਗਰ ਕੀਤਾ ਗਿਆ ਸੀ। ਧਾਰਮਿਕ ਆਧਾਰ 'ਤੇ ਵਧ ਰਹੀਆਂ ਅਪਰਾਧਿਕ ਘਟਨਾਵਾਂ ਦੇ ਮੱਦੇਨਜ਼ਰ ਇਸ ਪਲੇਟਫਾਰਮ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਲੰਡਨ ਵਿਧਾਨ ਸਭਾ ਦੇ ਮੈਂਬਰ ਕ੍ਰਿਪੇਸ਼ ਹਿਰਾਨੀ, ਜੋ ਕਿ ਵੱਡੀ ਹਿੰਦੂ ਆਬਾਦੀ ਵਾਲੇ ਖੇਤਰ 'ਬ੍ਰੈਂਟ ਅਤੇ ਹੈਰੋ' ਦੀ ਨੁਮਾਇੰਦਗੀ ਕਰਦੇ ਹਨ, ਨੇ ਇਸ ਪਲੇਟਫਾਰਮ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਜਿਹੇ ਅਪਰਾਧਾਂ ਦੀ ਰਿਪੋਰਟ ਕਰਨ ਦਾ ਕੋਈ ਉਚਿਤ ਤਰੀਕਾ ਮੌਜੂਦ ਨਹੀਂ ਸੀ। ਹਿਰਾਨੀ ਨੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਵੇਂ ਆਨਲਾਈਨ ਪਲੇਟਫਾਰਮ ਦੀ ਵੱਧ ਤੋਂ ਵੱਧ ਵਰਤੋਂ ਕਰਨ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਉਹ ਮੈਟਰੋਪੋਲੀਟਨ ਪੁਲਿਸ ਦੁਆਰਾ ਇਨ੍ਹਾਂ ਅੰਕੜਿਆਂ ਨੂੰ ਅਧਿਕਾਰਤ ਮਾਨਤਾ ਦਿਵਾਉਣ ਲਈ ਕੰਮ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
