ਫਰਿਜਨੋ ''ਚ ਰਚਿਆ ਜਾਵੇਗਾ ਨਵਾਂ ਇਤਿਹਾਸ, ਵਿਸਾਖੀ ਮੌਕੇ ਮਨਾਇਆ ਜਾਵੇਗਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

Tuesday, Apr 07, 2026 - 08:10 AM (IST)

ਫਰਿਜਨੋ ''ਚ ਰਚਿਆ ਜਾਵੇਗਾ ਨਵਾਂ ਇਤਿਹਾਸ, ਵਿਸਾਖੀ ਮੌਕੇ ਮਨਾਇਆ ਜਾਵੇਗਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

ਫਰਿਜਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਗੁਰਦੁਆਰਾ ਸਿੰਘ ਸਭਾ ਫਰਿਜਨੋ ਵਿਖੇ ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਇੱਕੋ ਮੰਚ ‘ਤੇ ਜੋੜਦਿਆਂ ਕਰਵਾਏ ਗਏ ਤਿੰਨ ਰੋਜ਼ਾ ਧਾਰਮਿਕ ਸਮਾਗਮ ਨੇ ਇਤਿਹਾਸਕ ਰੂਪ ਧਾਰਨ ਕਰ ਲਿਆ। ਪੰਜਾਬੀ ਕਲਚਰਲ ਐਸੋਸੀਏਸ਼ਨ (PCA) ਦੇ ਵਿਸ਼ੇਸ਼ ਉਪਰਾਲੇ ਸਦਕਾ ਇਹ ਸੰਭਾਵਿਤ ਅਮਰੀਕਾ ਦਾ ਪਹਿਲਾ ਗੁਰੂ ਘਰ ਬਣ ਗਿਆ, ਜਿੱਥੇ ਵਿਸਾਖੀ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਅਸਲੀ ਜਨਮ ਦਿਹਾੜਾ 15 ਅਪ੍ਰੈਲ ਨੂੰ ਮੁੱਖ ਰੱਖ ਕੇ ਮਨਾਇਆ ਗਿਆ।

PunjabKesari
 
ਮੁੱਖ ਦੀਵਾਨ ਵਿੱਚ ਪ੍ਰਸਿੱਧ ਵਿਦਵਾਨ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਸਬੰਧੀ ਚੱਲ ਰਹੀ ਲੰਬੀ ਚਰਚਾ ‘ਤੇ ਗੁਰਮਤਿ, ਇਤਿਹਾਸ ਅਤੇ ਤਰਕ ਦੇ ਆਧਾਰ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਪ੍ਰਚੱਲਿਤ ਮਨਘੜਤ “ਭਾਈ ਬਾਲੇ ਵਾਲੀ ਸਾਖੀ” ਨੂੰ ਅਧਾਰ ਬਣਾ ਕੇ ਦਿੱਤੀਆਂ ਜਾਂਦੀਆਂ ਦਲੀਲਾਂ ਦੀ ਵੀ ਖੁੱਲ੍ਹ ਕੇ ਵਿਆਖਿਆ ਕੀਤੀ ਅਤੇ ਸਮਝਾਇਆ ਕਿ ਇਤਿਹਾਸਕ ਅਤੇ ਤਰਕਸੰਗਤ ਪੱਖੋਂ ਗੁਰੂ ਨਾਨਕ ਦੇਵ ਜੀ ਦਾ ਅਸਲੀ ਪ੍ਰਕਾਸ਼ ਦਿਹਾੜਾ 15 ਅਪ੍ਰੈਲ ਹੀ ਬਣਦਾ ਹੈ। ਉਨ੍ਹਾਂ ਕਿਹਾ ਕਿ ਨਵੰਬਰ ਵਿੱਚ ਮਨਾਇਆ ਜਾਣ ਵਾਲਾ ਦਿਹਾੜਾ ਬਾਅਦ ਦੀਆਂ ਵਿਪਰੀਤ ਪਰੰਪਰਾਵਾਂ ਰਾਹੀਂ ਸਿੱਖਾਂ ‘ਤੇ ਥੋਪਿਆ ਗਿਆ। ਕੁਝ ਨਾਨਕਸ਼ਾਹੀ ਕੈਲੰਡਰ ਪਰੰਪਰਾਵਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 14–15 ਅਪ੍ਰੈਲ ਦੇ ਆਸਪਾਸ ਦਰਸਾਇਆ ਜਾਂਦਾ ਹੈ। ਪ੍ਰੋ. ਧੂੰਦਾ ਨੇ ਇਹ ਵੀ ਜ਼ੋਰ ਨਾਲ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨਾਨਕਸ਼ਾਹੀ ਕੈਲੰਡਰ ਦੀ ਮੂਲ ਸੋਚ ਅਨੁਸਾਰ ਵੀ ਇਹ ਦਿਹਾੜਾ ਅਪ੍ਰੈਲ ਨਾਲ ਸੰਬੰਧਿਤ ਹੈ, ਅਤੇ ਜੇਕਰ ਆਮ ਤੌਰ ‘ਤੇ ਆਨਲਾਈਨ ਜਾਂ ਕੈਲੰਡਰ ਸਰੋਤ ਵੇਖੇ ਜਾਣ ਤਾਂ ਵੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਇਤਿਹਾਸਕ ਤਾਰੀਖ 15 ਅਪ੍ਰੈਲ 1469 ਹੀ ਦਰਸਾਈ ਜਾਂਦੀ ਹੈ।

PunjabKesari
 
ਦੀਵਾਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਕਿ ਤਿੱਲ ਸੁੱਟਣ ਜਿੰਨੀ ਵੀ ਜਗ੍ਹਾ ਨਹੀਂ ਬਚੀ ਸੀ। ਤਰ੍ਹਾਂ-ਤਰ੍ਹਾਂ ਦੇ ਲੰਗਰ, ਗੰਨੇ ਦਾ ਰਸ, ਜਲੇਬੀਆਂ, ਖ਼ਰੀਦੋ-ਫ਼ਰੋਖ਼ਤ ਦੇ ਸਟਾਲ, ਦਸਤਾਰਾਂ ਅਤੇ ਦੁਪੱਟਿਆਂ ਦੀਆਂ ਦੁਕਾਨਾਂ ਨੇ ਮਾਹੌਲ ਨੂੰ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦਾ ਰੂਪ ਦੇ ਦਿੱਤਾ। ਇਸਦੇ ਨਾਲ ਅਵਤਾਰ ਸਿੰਘ ਮਸ਼ੀਨਰੀ ਵੱਲੋਂ ਲਾਇਆ ਗਿਆ ਕਿਤਾਬਾਂ ਦਾ ਸਟਾਲ ਵੀ ਖਾਸ ਆਕਰਸ਼ਣ ਰਿਹਾ। ਇਸ ਮੌਕੇ ਭਾਈ ਸਾਹਿਬ ਡਾ. ਮਲਕੀਤ ਸਿੰਘ ਦੇ ਹਜ਼ੂਰੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਹਾਜ਼ਰੀ ਭਰੀ। ਗੁਰੂ ਘਰ ਦੇ ਮੁੱਖ ਸੇਵਾਦਾਰ ਮਲਕੀਤ ਸਿੰਘ ਕਰਨਾਲ ਵਾਲਿਆਂ ਨੇ ਸੰਗਤ ਨੂੰ ਸੰਬੋਧਨ ਕੀਤਾ। ਪੀਸੀਏ ਮੈਂਬਰ ਸੁਖਬੀਰ ਸਿੰਘ ਭੰਡਾਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਇਸ ਇਤਿਹਾਸਕ ਉਪਰਾਲੇ ਨੂੰ ਸੰਗਤ ਵੱਲੋਂ ਮਿਲੇ ਭਰਪੂਰ ਸਹਿਯੋਗ ਦੀ ਪ੍ਰਸ਼ੰਸਾ ਕੀਤੀ।

PunjabKesari ਗੁਰਦੁਆਰਾ ਸਾਹਿਬ ਦੀ ਗਰਾਊਂਡ ਵਿੱਚ ਬੱਚਿਆਂ, ਔਰਤਾਂ ਅਤੇ ਮਰਦਾਂ ਦੀਆਂ ਰਵਾਇਤੀ ਖੇਡਾਂ ਵੀ ਕਰਵਾਈਆਂ ਗਈਆਂ। ਖੇਡ ਮੇਲੇ ਦੌਰਾਨ ਸਟੇਜ ਸੰਚਾਲਨ ਜੱਸੀ ਸਰਾਏ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ, ਜਦਕਿ ਜੰਗੀਰ ਸਿੰਘ ਗਿੱਲ ਅਤੇ ਹਾਕਮ ਸਿੰਘ ਢਿੱਲੋਂ ਸਮੇਤ ਹੋਰ ਸੱਜਣਾਂ ਨੇ ਵੀ ਵਧੀਆ ਭੂਮਿਕਾ ਨਿਭਾਈ।

PunjabKesari

ਇਸ ਮੌਕੇ ਕੈਲੀਫੋਰਨੀਆ ਸੈਨੇਟ ਲਈ ਚੋਣ ਲੜ ਰਹੀ ਮਨਪ੍ਰੀਤ ਕੌਰ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ। ਫਰਿਜਨੋ ਸਿਟੀ ਲਈ ਰਨ ਕਰ ਰਹੇ ਨਵਦੀਪ ਸਿੰਘ ਚੰਨ ਵੀ ਸੰਗਤ ਨਾਲ ਮਿਲਦੇ-ਜੁਲਦੇ ਨਜ਼ਰ ਪਏ। ਅੰਤ ਵਿੱਚ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਪੂਰੇ ਸਮਾਗਮ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦਾ ਕੰਮ ਓਮਨੀ ਵੀਡੀਓ ਵਾਲੇ ਸ਼ਿੰਗਾਰਾ ਸਿੰਘ ਢੀਂਡਸਾ ਅਤੇ ਸਿੰਘ ਵੀਡੀਓ ਫਰਿਜਨੋ ਵੱਲੋਂ ਬਾਖੂਬੀ ਨਿਭਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News