ਨਸ਼ਾ ਅਤੇ ਫੋਨ ਵਰਤਦੇ ਹੋਏ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸਖ਼ਤ ਹੁਕਮ ਜਾਰੀ

Sunday, Dec 15, 2024 - 09:22 AM (IST)

ਨਸ਼ਾ ਅਤੇ ਫੋਨ ਵਰਤਦੇ ਹੋਏ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸਖ਼ਤ ਹੁਕਮ ਜਾਰੀ

ਰੋਮ (ਦਲਵੀਰ ਕੈਂਥ)- ਇਟਲੀ ਵਿੱਚ ਸੜਕ ਹਾਦਸਿਆਂ ਦੌਰਾਨ ਜਾ ਰਹੀ ਬੇਕਸੂਰ ਲੋਕਾਂ ਦੀ ਜਾਨ ਨੂੰ ਰੋਕਣ ਲਈ ਮੈਤਿਓ ਸਲਵੀਨੀ ਇਟਲੀ ਦੇ ਉਪ-ਪ੍ਰਧਾਨ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਨੇ ਨਵਾਂ ਹਾਈਵੇ ਕੋਡ 14 ਦਸੰਬਰ 2024 ਤੋਂ ਸਖ਼ਤੀ ਨਾਲ ਲਾਗੂ ਕਰ ਦਿੱਤਾ ਹੈ। ਜਿਸ ਤਹਿਤ ਹੁਣ ਉਨ੍ਹਾਂ ਲੋਕਾਂ ਦੀ ਖੈਰ ਨਹੀਂ ਜਿਹੜੇ ਕਿ ਪਹਿਲਾਂ ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਹੋਏ ਗੱਡੀ ਚਲਾਉਂਦੇ ਸਮੇਂ ਫੋਨ ਤੇ ਨਸ਼ੇ ਦੀ ਵਰਤੋਂ ਕਰਦੇ ਸਨ। ਇਟਲੀ ਦੇ ਉਪ ਪ੍ਰਧਾਨ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਮੈਤਿਓ ਸਲਵੀਨੀ ਜਿਹੜੇ ਕਿ ਪਹਿਲਾਂ ਹੀ ਕਈ ਤਰ੍ਹਾਂ ਸਖ਼ਤ ਫੈਸਲਿਆਂ ਲਈ ਜਾਣੇ ਜਾਂਦੇ ਹਨ, ਕਾਫ਼ੀ ਸਮੇਂ ਤੋਂ ਨਵੇਂ ਹਾਈਵੇ ਕੋਡ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਤੱਤਪਰ ਸਨ ਕਿਉਂਕਿ ਦੇਸ਼ ਅੰਦਰ ਸੜਕ ਹਾਦਸਿਆਂ ਦੀ ਗਿਣਤੀ ਵਾਧੇ ਵੱਲ ਨਿਰੰਤਰ ਜਾਰੀ ਹੈ ਜਿਨ੍ਹਾਂ ਦਾ ਮੁੱਖ ਕਾਰਨ ਨਸ਼ੇ ਦੀ ਵਰਤੋਂ ਜਾਂ ਸੈੱਲ ਫੋਨ ਦੀ ਵਰਤੋਂ ਕਰਦਿਆਂ ਵਾਹਨ ਚਲਾਉਣਾ ਮੰਨਿਆ ਜਾ ਰਿਹਾ ਸੀ।

ਇਸ ਨਵੇਂ ਹਾਈਵੇ ਕੋਡ ਤਹਿਤ ਹੁਣ ਨਸ਼ੇਈ ਹੋ ਕੇ ਗੱਡੀ ਚਲਾਉਣ 'ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 250 ਯੂਰੋ ਤੋਂ 1000 ਯੂਰੋ ਤੱਕ ਜੁਰਮਾਨਾ ਤੇ ਇੱਕ ਹਫ਼ਤੇ ਤੱਕ ਵਾਹਨ ਚਲਾਉਣ 'ਤੇ ਪਾਬੰਦੀ ਲਗਾਈ ਜਾਵੇਗੀ। ਜੇਕਰ ਵਾਹਨ ਚਲਾਉਂਦੇ ਸਮੇਂ ਕੋਈ ਫੋਨ ਦੀ ਵਰਤੋਂ ਕਰਦਾ ਹੈ ਤਾਂ ਇਹ ਜੁਰਮਾਨਾ ਵੱਧ ਹੋਵੇਗਾ ਨਾਲ ਹੀ ਲਾਇਸੰਸ ਦੀ 10 ਪੁਨਤੀਆਂ ਵੀ ਕੱਟ ਹੋ ਸਕਦੀਆਂ ਹਨ। ਜੇਕਰ ਦੋਸ਼ੀ ਪਾਏ ਜਾਣ ਤੋਂ ਬਾਅਦ ਵੀ ਮਨਾਹੀ ਕਾਲ ਦੌਰਾਨ ਵਿਅਕਤੀ ਗੱਡੀ ਚਲਾਉਂਦਾ ਫੜ੍ਹ ਹੋ ਜਾਂਦਾ ਹੈ ਤਾਂ ਉਸ ਦਾ ਲਾਇਸੰਸ 3 ਮਹੀਨੇ ਲਈ ਮੁਅਤੱਲ ਹੋਵੇਗਾ, ਨਾਲ ਹੀ 1400 ਯੂਰੋ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇੱਕ ਸਾਲ ਵਿੱਚ 2 ਜਾਂ 3 ਵਾਰ ਜਾਂ ਇਸ ਤੋਂ ਵੱਧ ਓਵਰ ਸਪੀਡ ਵਾਹਨ ਨਾਲ ਨਿਰਧਾਰਤ ਰਫ਼ਤਾਰ ਦਾ ਨਿਯਮ ਤੋੜਨ 'ਤੇ ਜੁਰਮਾਨਾ 880 ਯੂਰੋ ਹੋ ਸਕਦਾ ਹੈ ਤੇ ਨਾਲ ਹੀ 15 ਤੋਂ 30 ਦਿਨ ਤੱਕ ਲਾਇਸੰਸ ਮੁਅਤੱਲ ਵੀ ਹੋ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕਿਸਾਨ ਅੰਦੋਲਨ ਦੇ ਪੱਖ 'ਚ ਪ੍ਰਵਾਸੀ ਭਾਰਤੀ, ਕੈਨੇਡਾ ਤੋਂ ਲੈ ਕੇ ਅਮਰੀਕਾ ਤੱਕ ਰੈਲੀਆਂ

ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਵਾਲੇ ਨੂੰ ਜੁਰਮਾਨਾ 573 ਯੂਰੋ ਤੋਂ 2170 ਯੂਰੋ ਤੱਕ ਹੋ ਸਕਦਾ ਹੈ। ਜੇਕਰ ਡਰਾਈਵਰ ਦੇ ਖੂਨ ਵਿੱਚ ਅਲਕੋਹਲ ਦਾ ਪੱਧਰ 0.5 ਤੋਂ 0.8 ਗ੍ਰਾਮ ਪ੍ਰਤੀ ਲੀਟਰ ਦੇ ਵਿਚਕਾਰ ਹੈ ਤਾਂ ਲਾਇਸੰਸ 3 ਤੋਂ 6 ਮਹੀਨਿਆਂ ਤੱਕ ਮੁਅਤੱਲ ਕੀਤਾ ਜਾ ਸਕਦਾ ਹੈ। 0.8 ਤੋਂ 1.5 ਗ੍ਰਾਮ ਪ੍ਰਤੀ ਲੀਟਰ ਦੇ ਵਿਚਕਾਰ ਖੂਨ ਵਿੱਚ ਅਲਕੋਹਲ ਦੇ ਪੱਧਰ ਵਾਲੇ ਦੋਸ਼ੀਆਂ ਨੂੰ 3200 ਯੂਰੋ ਤੱਕ ਦਾ ਜੁਰਮਾਨਾ ਤੇ 6 ਤੋਂ 1 ਸਾਲ ਲਾਇਸੰਸ ਮੁਅਤੱਲ ਹੋਣ ਦੇ ਨਾਲ ਹੀ 6 ਮਹੀਨੇ ਜ਼ੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਜੇਕਰ ਅਲਕੋਹਲ ਦਾ ਪੱਧਰ 1.5 ਗ੍ਰਾਮ ਤੋਂ ਵੱਧ ਹੈ ਤਾਂ ਜੁਰਮਾਨਾ 6000 ਯੂਰੋ ਤੇ 2 ਸਾਲ ਲਈ ਲਾਇਸੰਸ ਮੁਅਤੱਲ  ਹੋਣ ਦੇ ਨਾਲ 1 ਸਾਲ ਤੱਕ ਜ਼ੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਨਸ਼ਿਆਂ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਵਾਲੇ ਫੜ੍ਹੇ ਗਏ ਲੋਕਾਂ ਨੂੰ 3 ਸਾਲ ਤੱਕ ਦੀ ਪਾਬੰਦੀ ਦਾ ਸਾਹਮ੍ਹਣਾ ਕਰਨਾ ਪੈ ਸਕਦਾ ਹੈ। ਈ-ਸਕੂਟਰਾਂ ਦੇ ਉਪਭੋਗਤਾ ਲਈ ਹੈਲਮਟ ਪਹਿਨਾ, ਨੰਬਰ ਪਲੇਟ ਲਗਾਉਣਾ ਅਤੇ ਬੀਮਾ ਕਰਵਾਉਣਾ ਵੀ ਲਾਜ਼ਮੀ ਹੈ। ਹੋਰ ਵੀ ਕਈ ਤਰ੍ਹਾਂ ਦੀਆਂ ਸਖ਼ਤੀਆਂ ਇਸ ਨਵੇਂ ਹਾਈਵੇ ਕੋਡ ਨਾਲ ਉਨ੍ਹਾਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਸਕਦੀਆਂ ਹਨ ਜਿਨ੍ਹਾਂ ਕਦੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਸਮਝਿਆ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News