ਨੀਦਰਲੈਂਡ ਨੇ ਭਾਰਤ ਨੂੰ ਸੌਂਪੀ 1000 ਸਾਲ ਪੁਰਾਣੀ ਵਿਰਾਸਤ ! PM ਮੋਦੀ ਨੇ ਪ੍ਰਾਪਤ ਕੀਤੇ ਇਤਿਹਾਸਕ ਸ਼ਿਲਾਲੇਖ

Sunday, May 17, 2026 - 02:16 PM (IST)

ਨੀਦਰਲੈਂਡ ਨੇ ਭਾਰਤ ਨੂੰ ਸੌਂਪੀ 1000 ਸਾਲ ਪੁਰਾਣੀ ਵਿਰਾਸਤ ! PM ਮੋਦੀ ਨੇ ਪ੍ਰਾਪਤ ਕੀਤੇ ਇਤਿਹਾਸਕ ਸ਼ਿਲਾਲੇਖ

ਨੀਦਰਲੈਂਡ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਦਰਲੈਂਡ ਯਾਤਰਾ ਦੌਰਾਨ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਲਈ ਇਕ ਯਾਦਗਾਰ ਪਲ ਸਾਹਮਣੇ ਆਇਆ ਹੈ। ਨੀਦਰਲੈਂਡ ਸਰਕਾਰ ਨੇ ਚੋਲ ਕਾਲ ਦੇ 11ਵੀਂ ਸਦੀ ਦੇ ਤਾਂਬੇ ਦੇ ਸ਼ਿਲਾਲੇਖਾਂ ਨੂੰ ਅਧਿਕਾਰਤ ਤੌਰ 'ਤੇ ਭਾਰਤ ਨੂੰ ਵਾਪਸ ਕਰ ਦਿੱਤਾ ਹੈ। ਇਨ੍ਹਾਂ ਇਤਿਹਾਸਕ ਨਿਸ਼ਾਨੀਆਂ ਨੂੰ ਡਚ ਈਸਟ ਇੰਡੀਆ ਕੰਪਨੀ ਵੱਲੋਂ ਲੁੱਟ ਕੇ ਨੀਦਰਲੈਂਡ ਲਿਜਾਇਆ ਗਿਆ ਸੀ, ਜਿਨ੍ਹਾਂ ਦੀ ਵਾਪਸੀ ਲਈ ਭਾਰਤ ਲੰਬੇ ਸਮੇਂ ਤੋਂ ਕੂਟਨੀਤਕ ਯਤਨ ਕਰ ਰਿਹਾ ਸੀ।

ਇਹ ਸ਼ਿਲਾਲੇਖ ਲਗਭਗ 1000 ਸਾਲ ਪੁਰਾਣੇ ਹਨ ਅਤੇ ਇਨ੍ਹਾਂ 'ਚ 21 ਵੱਡੇ ਅਤੇ 3 ਛੋਟੇ ਤਾਂਬੇ ਦੇ ਸ਼ਿਲਾਲੇਖ ਸ਼ਾਮਲ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਦੁਨੀਆ ਦੀਆਂ ਸਭ ਤੋਂ ਸੁੰਦਰ ਭਾਸ਼ਾਵਾਂ 'ਚੋਂ ਇਕ, ਤਮਿਲ ਭਾਸ਼ਾ 'ਚ ਉੱਕਰੇ ਹੋਏ ਹਨ। ਇਹ ਦਸਤਾਵੇਜ਼ ਸਮਰਾਟ ਰਾਜੇਂਦਰ ਚੋਲ ਪਹਿਲੇ ਵੱਲੋਂ ਆਪਣੇ ਪਿਤਾ ਰਾਜਾਰਾਜਾ ਚੋਲ ਪਹਿਲੇ ਦੀ ਜ਼ੁਬਾਨੀ ਪ੍ਰਤਿਗਿਆ ਨੂੰ ਰਸਮੀ ਰੂਪ ਦੇਣ ਅਤੇ ਚੋਲ ਸਾਮਰਾਜ ਦੀ ਮਹਿਮਾ ਦਾ ਵਰਣਨ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਨੀਦਰਲੈਂਡ ਦੀ ਲੀਡੇਨ ਯੂਨੀਵਰਸਿਟੀ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਸ ਨੇ 19ਵੀਂ ਸਦੀ ਦੇ ਮੱਧ ਤੋਂ ਇਨ੍ਹਾਂ ਬੇਸ਼ਕੀਮਤੀ ਨਿਸ਼ਾਨੀਆਂ ਨੂੰ ਸੁਰੱਖਿਅਤ ਰੱਖਿਆ ਹੋਇਆ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਜੇਟਨ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਨੂੰ ਹਰ ਭਾਰਤੀ ਲਈ ਮਾਣ ਵਾਲਾ ਪਲ ਦੱਸਿਆ। ਇਸ ਯਾਤਰਾ ਦੌਰਾਨ ਭਾਰਤ ਅਤੇ ਨੀਦਰਲੈਂਡ ਵਿਚਕਾਰ ਕਈ ਅਹਿਮ ਸਮਝੌਤੇ ਵੀ ਹੋਏ :-

ਸੈਮੀਕੰਡਕਟਰ ਖੇਤਰ
- ਨੀਦਰਲੈਂਡ ਦੀ ਕੰਪਨੀ ASML ਅਤੇ ਭਾਰਤ ਦੀ ਟਾਟਾ ਇਲੈਕਟ੍ਰਾਨਿਕਸ ਵਿਚਕਾਰ ਇਕ ਅਹਿਮ ਸਮਝੌਤੇ (MoU) 'ਤੇ ਹਸਤਾਖਰ ਕੀਤੇ ਗਏ, ਜੋ ਭਾਰਤ 'ਚ ਸੈਮੀਕੰਡਕਟਰ ਨਿਰਮਾਣ ਨੂੰ ਤੇਜ਼ ਕਰੇਗਾ।

ਨਿਵੇਸ਼ ਅਤੇ ਤਕਨੀਕ
- ਦੋਵਾਂ ਦੇਸ਼ਾਂ ਵਿਚਾਲੇ ਨਿਵੇਸ਼ ਅਤੇ ਤਕਨਾਲੋਜੀ ਨਾਲ ਸਬੰਧਤ ਕਈ ਹੋਰ ਮਹੱਤਵਪੂਰਨ ਸਮਝੌਤੇ ਵੀ ਕੀਤੇ ਗਏ ਹਨ।

ਖੇਡਾਂ
- ਪੀ.ਐੱਮ. ਮੋਦੀ ਨੇ ਭਾਰਤ ਵੱਲੋਂ ਓਲੰਪਿਕ ਦੀ ਮੇਜ਼ਬਾਨੀ ਕਰਨ ਦੀ ਇੱਛਾ ਬਾਰੇ ਵੀ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਰਾਸਤੀ ਵਸਤੂਆਂ ਭਾਰਤ ਦੀ ਨੌਸੈਨਿਕ ਸ਼ਕਤੀ ਅਤੇ ਅਮੀਰ ਸੱਭਿਆਚਾਰਕ ਇਤਿਹਾਸ ਦਾ ਪ੍ਰਤੀਕ ਹਨ। ਇਸ ਵਾਪਸੀ ਨੂੰ ਭਾਰਤ ਦੀ ਇੱਕ ਵੱਡੀ ਸੱਭਿਆਚਾਰਕ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ।


author

Sunaina

Content Editor

Related News