ਅਮਰੀਕਾ ਦੌਰੇ ਤੋਂ ਪਹਿਲਾਂ ਨੇਤਨਯਾਹੂ ਦਾ ਵੱਡਾ ਬਿਆਨ ! ਮਮਦਾਨੀ ''ਤੇ ਵਿੰਨ੍ਹਿਆ ਤਿੱਖਾ ਨਿਸ਼ਾਨਾ
Monday, Jul 27, 2026 - 01:22 PM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਮਮਦਾਨੀ ਦੇ ਉਸ ਬਿਆਨ 'ਤੇ ਤਿੱਖਾ ਪਲਟਵਾਰ ਕੀਤਾ ਹੈ, ਜਿਸ ਵਿੱਚ ਮਮਦਾਨੀ ਨੇ ਉਨ੍ਹਾਂ ਨੂੰ ਜੰਗ ਦਾ ਅਪਰਾਧੀ ਦੱਸਦਿਆਂ ਕਿਹਾ ਸੀ ਕਿ ਉਹ ਨਿਊਯਾਰਕ 'ਚ ਦਾਖਲ ਨਾ ਹੋਣ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਨੇਤਨਯਾਹੂ ਨੇ ਇੱਕ ਇੰਟਰਵਿਊ ਦੌਰਾਨ ਸਪੱਸ਼ਟ ਕੀਤਾ ਕਿ ਉਹ ਸਤੰਬਰ 'ਚ ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿੱਚ ਹਿੱਸਾ ਲੈਣ ਲਈ ਨਿਊਯਾਰਕ ਜ਼ਰੂਰ ਜਾਣਗੇ।
ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਮਮਦਾਨੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਯਹੂਦੀ ਲੋਕਾਂ ਅਤੇ ਇਜ਼ਰਾਈਲ ਦੀ ਸੱਚਾਈ ਦੀ ਲੜਾਈ ਲੜਨ ਨਿਊਯਾਰਕ ਆਵਾਂਗਾ।" ਉਨ੍ਹਾਂ ਨੇ ਮਮਦਾਨੀ 'ਤੇ ਨਫ਼ਰਤ ਫੈਲਾਉਣ ਅਤੇ ਨਿਊਯਾਰਕ ਦੇ ਲੋਕਾਂ 'ਚ ਫੁੱਟ ਪਾਉਣ ਦਾ ਦੋਸ਼ ਲਗਾਇਆ। ਨੇਤਨਯਾਹੂ ਸਤੰਬਰ ਵਿੱਚ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਸਾਲਾਨਾ ਬੈਠਕ ਵਿੱਚ ਹਿੱਸਾ ਲੈਣ ਲਈ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਹਨ, ਜਿਸ ਨੂੰ ਲੈ ਕੇ ਦੋਵਾਂ ਆਗੂਆਂ ਵਿਚਾਲੇ ਜ਼ੁਬਾਨੀ ਜੰਗ ਹੋਰ ਤੇਜ਼ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਨੇਤਨਯਾਹੂ ਅਮਰੀਕਾ ਆਏ ਤਾਂ ਨਿਊਯਾਰਕ 'ਚ ਉਨ੍ਹਾਂ ਦਾ ਸੁਆਗਤ ਨਹੀਂ ਕੀਤਾ ਜਾਵੇਗਾ। ਮਮਦਾਨੀ ਨੇ ਕਿਹਾ ਕਿ ਹਾਲਾਂਕਿ ਨਿਊਯਾਰਕ ਸਿਟੀ ਪ੍ਰਸ਼ਾਸਨ ਕੋਲ ਸਿੱਧੇ ਤੌਰ 'ਤੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਦੇ ਅਰੈਸਟ ਵਾਰੰਟ ਨੂੰ ਲਾਗੂ ਕਰਨ ਦਾ ਕਾਨੂੰਨੀ ਅਧਿਕਾਰ ਨਹੀਂ ਹੈ, ਪਰ ਅਮਰੀਕੀ ਫੈਡਰਲ ਸਰਕਾਰ ਨੂੰ ICC ਵਾਰੰਟ ਦੇ ਆਧਾਰ 'ਤੇ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।
