ਜ਼ਖ਼ਮੀ ਹੋ ਕੇ ਵੀ ਭਾਰਤੀ ਪਾਇਲਟ ਨੇ ਬਚਾਈਆਂ 174 ਜਾਨਾਂ, ਨੇਤਨਯਾਹੂ ਨੇ ਦੱਸਿਆ ''ਸੱਚਾ ਹੀਰੋ''
Thursday, Oct 01, 2026 - 02:41 AM (IST)
ਨਵੀਂ ਦਿੱਲੀ : ਫਲਾਈਦੁਬਈ ਦੀ ਉਡਾਣ FZ1073 ਦੇ ਕੋਕਪਿਟ ਵਿੱਚ ਹੋਏ ਹਮਲੇ ਦੌਰਾਨ ਅਟੁੱਟ ਸਾਹਸ ਅਤੇ ਬਹਾਦਰੀ ਦਿਖਾਉਣ ਵਾਲੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਦੀ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਾਫੀ ਪ੍ਰਸ਼ੰਸਾ ਕੀਤੀ ਹੈ। ਨੇਤਨਯਾਹੂ ਨੇ ਉਨ੍ਹਾਂ ਨੂੰ "ਸੱਚਾ ਹੀਰੋ" ਕਰਾਰ ਦਿੰਦਿਆਂ ਕਿਹਾ ਕਿ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਮੱਛਾਰ ਨੇ ਹਮਲਾਵਰ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਕੋਕਪਿਟ ਦਾ ਦਰਵਾਜ਼ਾ ਖੋਲ੍ਹ ਕੇ ਯਾਤਰੀਆਂ ਤੇ ਕਰੂ ਮੈਂਬਰਾਂ ਦੀ ਮਦਦ ਨਾਲ ਇੱਕ ਵੱਡੇ ਹਾਦਸੇ ਨੂੰ ਟਾਲ ਦਿੱਤਾ।
ਇਹ ਘਟਨਾ ਬੋਇੰਗ 737 ਮੈਕਸ 8 ਜਹਾਜ਼ ਵਿੱਚ ਵਾਪਰੀ। ਇਜ਼ਰਾਇਲੀ ਅਧਿਕਾਰੀਆਂ ਅਨੁਸਾਰ ਓਮਾਨ ਦੇ ਨਾਗਰਿਕ ਕੋ-ਪਾਇਲਟ ਨੇ ਕੈਪਟਨ ਸਮਿਤ ਮੱਛਾਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਹਮਲੇ ਦੌਰਾਨ ਜਹਾਜ਼ 30 ਸੈਕਿੰਡਾਂ ਤੋਂ ਵੀ ਘੱਟ ਸਮੇਂ ਵਿੱਚ ਲਗਭਗ 14,000 ਫੁੱਟ ਹੇਠਾਂ ਆ ਗਿਆ।
ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਸਮਿਤ ਮੱਛਾਰ ਨੇ ਕੋਕਪਿਟ ਦਾ ਦਰਵਾਜ਼ਾ ਖੋਲ੍ਹਣ ਵਿੱਚ ਸਫ਼ਲਤਾ ਹਾਸਲ ਕੀਤੀ, ਜਿਸ ਨਾਲ ਬਾਹਰ ਮੌਜੂਦ ਯਾਤਰੀ ਅਤੇ ਕਰੂ ਮੈਂਬਰ ਅੰਦਰ ਦਾਖ਼ਲ ਹੋਏ ਅਤੇ ਹਮਲਾਵਰ 'ਤੇ ਕਾਬੂ ਪਾਇਆ। ਇਸ ਤੋਂ ਬਾਅਦ ਜਹਾਜ਼ ਵਿੱਚ ਸਫ਼ਰ ਕਰ ਰਹੇ ਹੋਰ ਪਾਇਲਟਾਂ ਨੇ ਕੰਟਰੋਲ ਸੰਭਾਲਿਆ ਅਤੇ ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ (Tabuk) ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ।
ਨੇਤਨਯਾਹੂ ਨੇ ਸੋਸ਼ਲ ਮੀਡੀਆ ਮੰਚ 'ਐਕਸ' (X) 'ਤੇ ਲਿਖਿਆ ਕਿ ਉਹ ਕੈਪਟਨ ਮੱਛਾਰ ਦੀ ਅਸਾਧਾਰਨ ਬਹਾਦਰੀ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ ਜ਼ਖ਼ਮੀ ਹੁੰਦਿਆਂ ਵੀ 174 ਲੋਕਾਂ ਦੀ ਜਾਨ ਬਚਾਈ। ਇਜ਼ਰਾਇਲੀ ਰਾਜਨੇਤਾ ਅਲਮੋਗ ਕੋਹੇਨ ਨੇ ਐਲਾਨ ਕੀਤਾ ਕਿ ਉਹ ਇਜ਼ਰਾਇਲ ਦੀ ਸੰਸਦ (ਨੇਸੇਟ) ਵਿੱਚ ਬੇਨ ਗੁਰੀਅਨ ਏਅਰਪੋਰਟ ਦੇ ਇੱਕ ਲਾਊਂਜ ਦਾ ਨਾਂ ਕੈਪਟਨ ਸਮਿਤ ਮੱਛਾਰ ਦੇ ਨਾਂ 'ਤੇ ਰੱਖਣ ਲਈ ਬਿੱਲ ਪੇਸ਼ ਕਰਨਗੇ। ਭਾਰਤ ਸਰਕਾਰ ਅਤੇ ਇਜ਼ਰਾਇਲ ਦੇ ਵਿਦੇਸ਼ ਮੰਤਰਾਲੇ ਨੇ ਵੀ ਉਨ੍ਹਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ।
