ਨੇਪਾਲ ''ਚ ਤਬਾਹੀ ਦਾ ਮੰਜ਼ਰ ! ਹਾਈਡ੍ਰੋਪਾਵਰ ਪਲਾਂਟਾਂ ਦੀਆਂ ਸੁਰੰਗਾਂ ''ਚ ਫ਼ਸੇ ਦਰਜਨਾਂ ਲੋਕ, ਰੈਸਕਿਊ ਆਪਰੇਸ਼ਨ ਜਾਰੀ
Monday, Aug 31, 2026 - 12:54 PM (IST)
ਇੰਟਰਨੈਸ਼ਨਲ ਡੈਸਕ- ਹਿਮਾਲੀਅਨ ਖੇਤਰ 'ਚ ਗਲੇਸ਼ੀਅਰ ਅਤੇ ਪਹਾੜੀ ਚੱਟਾਨਾਂ ਡਿੱਗਣ ਕਾਰਨ ਆਏ ਵਿਨਾਸ਼ਕਾਰੀ ਫਲੈਸ਼ ਫਲੱਡ ਤੋਂ ਬਾਅਦ ਨੇਪਾਲ ਅਤੇ ਤਿੱਬਤ 'ਚ ਭਾਰੀ ਤਬਾਹੀ ਮਚੀ ਹੋਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਤਬਾਹੀ ਕਾਰਨ ਹੁਣ ਤੱਕ 900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 4,700 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਹੜ੍ਹ ਦਾ ਸਭ ਤੋਂ ਜ਼ਿਆਦਾ ਪ੍ਰਕੋਪ ਝੱਲ ਰਹੇ ਖੇਤਰਾਂ 'ਚ ਫੌਜ ਅਤੇ ਅੰਤਰਰਾਸ਼ਟਰੀ ਰੈਸਕਿਊ ਟੀਮਾਂ ਵੱਲੋਂ ਵੱਡੇ ਪੱਧਰ 'ਤੇ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ। ਚੱਟਾਨਾਂ ਦੇ ਡਿੱਗਣ ਦਾ ਝਟਕਾ ਇੰਨਾ ਭਿਆਨਕ ਸੀ ਕਿ ਇਸ ਨੂੰ 5.2 ਤੀਬਰਤਾ ਦੇ ਭੂਚਾਲ ਵਜੋਂ ਦਰਜ ਕੀਤਾ ਗਿਆ ਹੈ। ਇਸ ਤੋਂ ਨਿਕਲੇ ਮਲਬੇ ਅਤੇ ਗਲੇਸ਼ੀਅਰਾਂ ਦੇ ਪਿਘਲੇ ਪਾਣੀ ਨੇ ਹੇਠਲੇ ਇਲਾਕਿਆਂ 'ਚ ਵਗਦੀਆਂ ਨਦੀਆਂ ਦੇ ਪੱਧਰ ਨੂੰ ਅਚਾਨਕ ਵਧਾ ਦਿੱਤਾ, ਜਿਸ ਨਾਲ ਤਿੱਬਤ ਅਤੇ ਨੇਪਾਲ 'ਚ ਪੁਲ, ਇਮਾਰਤਾਂ ਅਤੇ ਬੁਨਿਆਦੀ ਢਾਂਚਾ ਰੁੜ੍ਹ ਗਿਆ।
ਨੇਪਾਲੀ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਰਾਜਾ ਰਾਮ ਬਸਨੇਤ ਅਨੁਸਾਰ, ਨੇਪਾਲੀ ਫੌਜ ਹੜ੍ਹ ਨਾਲ ਪ੍ਰਭਾਵਿਤ ਪਹਾੜੀ ਇਲਾਕਿਆਂ, ਬਸਤੀਆਂ ਅਤੇ ਨਦੀ ਦੇ ਕੰਢਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਕੱਢਣ 'ਚ ਜੁਟੀ ਹੋਈ ਹੈ। ਸਭ ਤੋਂ ਵੱਡੀ ਚੁਣੌਤੀ ਹਾਈਡ੍ਰੋਪਾਵਰ ਪ੍ਰੋਜੈਕਟਾਂ 'ਚ ਰੈਸਕਿਊ ਆਪਰੇਸ਼ਨ ਚਲਾਉਣਾ ਹੈ, ਜਿੱਥੇ ਸੁਰੰਗਾਂ ਘੱਟੋ-ਘੱਟ 90 ਲੋਕ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ ਸਥਾਨਕ ਟੀਮਾਂ ਦੇ ਨਾਲ-ਨਾਲ ਵਿਦੇਸ਼ੀ ਰੈਸਕਿਊ ਟੀਮਾਂ ਦੀ ਮਦਦ ਵੀ ਲਈ ਜਾ ਰਹੀ ਹੈ।
