ਭਾਰਤੀਆਂ ਦੇ ਸਨਮਾਨ ''ਚ ਬਦਲਿਆ ਜਾਵੇਗਾ Nelson Island ਦਾ ਨਾਮ
Sunday, May 10, 2026 - 01:02 PM (IST)
ਮੈਡ੍ਰਿਡ : ਤ੍ਰਿਨੀਦਾਦ ਅਤੇ ਟੋਬਾਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਮੌਜੂਦਗੀ ਵਿੱਚ ਐਲਾਨ ਕੀਤਾ ਹੈ ਕਿ ਨੇਲਸਨ ਆਇਲੈਂਡ ਦਾ ਨਾਮ ਭਾਰਤੀਆਂ ਦੀ ਯਾਦ ਅਤੇ ਸਨਮਾਨ ਵਿੱਚ ਬਦਲਿਆ ਜਾਵੇਗਾ। 9 ਮਈ ਨੂੰ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਟਾਪੂ ਦਾ ਦੌਰਾ ਕਰਦਿਆਂ ਉਨ੍ਹਾਂ ਨੇ ਇਸ ਕਾਰਜ ਲਈ ਇੱਕ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ।

ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨੇ ਦੱਸਿਆ ਕਿ ਇਹ ਕਮੇਟੀ ਪ੍ਰਧਾਨ ਮੰਤਰੀ ਦਫ਼ਤਰ ਦੀ ਸਥਾਈ ਸਕੱਤਰ ਨਤਾਸ਼ਾ ਬੈਰੋ ਦੀ ਅਗਵਾਈ ਹੇਠ ਕੰਮ ਕਰੇਗੀ ਅਤੇ ਨੈਸ਼ਨਲ ਟਰੱਸਟ ਆਫ ਤ੍ਰਿਨੀਡਾਡ ਐਂਡ ਟੋਬਾਗੋ ਦੇ ਸਹਿਯੋਗ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਏਗੀ। ਉਨ੍ਹਾਂ ਕਿਹਾ ਕਿ ਨਵੇਂ ਨਾਮ ਦੀ ਚੋਣ ਵਿੱਚ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਨਾਗਰਿਕਾਂ ਤੋਂ ਸੁਝਾਅ ਵੀ ਮੰਗੇ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ: ਦੁਨੀਆ ਭਰ ਦੇ 9,000 ਵਿਦਿਅਕ ਅਦਾਰਿਆਂ 'ਤੇ ਸਾਈਬਰ ਹਮਲਾ! ਮੰਗੀ ਬਿਟਕੁਆਇਨ ਫਿਰੌਤੀ

ਕਮਲਾ ਪ੍ਰਸਾਦ-ਬਿਸੇਸਰ ਨੇ ਸਪੱਸ਼ਟ ਕੀਤਾ ਕਿ ਇਸ ਪਹਿਲ ਦਾ ਮਕਸਦ ਅਜਿਹਾ ਨਾਮ ਚੁਣਨਾ ਹੈ, ਜੋ ਦੇਸ਼ ਦੇ ਸਮ੍ਰਿੱਧ ਇਤਿਹਾਸ ਅਤੇ ਸੱਭਿਆਚਾਰਕ ਪਛਾਣ ਨੂੰ ਸਹੀ ਢੰਗ ਨਾਲ ਦਰਸਾ ਸਕੇ। ਭਾਰਤੀ ਮਜ਼ਦੂਰਾਂ ਦੇ ਸੰਘਰਸ਼ ਨੂੰ ਕੀਤਾ ਯਾਦ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀਆਂ ਨਾਲ ਵਾਟਰ ਟੈਕਸੀ ਰਾਹੀਂ ਨੇਲਸਨ ਆਇਲੈਂਡ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਸਮਾਰਕ ਪਟਿਕਾ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ। ਇਹ ਟਾਪੂ ਦੇਸ਼ ਦੀ ਸੱਭਿਆਚਾਰਕ ਵਿਰਾਸਤ ਅਤੇ ਬਲਿਦਾਨਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਭਾਰਤ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ।
ਨੈਲਸਨ ਟਾਪੂ ਦਾ ਨਾਮ ਬਦਲਣਾ ਮਹੱਤਵਪੂਰਨ ਕਿਉਂ
ਇੱਥੇ ਦੱਸ ਦਈਏ ਕਿ ਇਸ ਟਾਪੂ ਨੂੰ ਤ੍ਰਿਨੀਦਾਦ ਵਿੱਚ ਭਾਰਤੀ ਵਿਰਾਸਤ ਅਤੇ ਪੁਰਖਿਆਂ ਦੇ ਸੰਘਰਸ਼ਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਕਦਮ "ਕਾਲੇ ਪਾਣੀ" ਪਾਰ ਕਰਨ ਵਾਲੇ ਮਜ਼ਦੂਰਾਂ ਦੀਆਂ ਕੁਰਬਾਨੀਆਂ ਅਤੇ ਤ੍ਰਿਨੀਦਾਦ ਅਤੇ ਟੋਬੈਗੋ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਇੱਕ ਡੂੰਘੀ ਸ਼ਰਧਾਂਜਲੀ ਹੈ। ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। 14 ਲੱਖ ਦੀ ਕੁੱਲ ਆਬਾਦੀ ਵਿੱਚੋਂ ਲਗਭਗ 42% ਭਾਰਤੀ ਮੂਲ ਦੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਇੱਥੇ ਭਾਰਤੀ ਮੂਲ ਦੇ ਲਗਭਗ 556,800 ਲੋਕ ਰਹਿੰਦੇ ਹਨ। ਹਿੰਦੂ ਭਾਰਤੀ ਭਾਈਚਾਰੇ ਦਾ ਲਗਭਗ 18.2% ਹਨ, ਉਸ ਤੋਂ ਬਾਅਦ ਮੁਸਲਮਾਨ ਲਗਭਗ 5% ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
