ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਵੱਡਾ ਪਲਾਨ, ਬਣਾਉਣ ਜਾ ਰਹੀ ਹੈ ਖ਼ਾਸ ਕਿਸਮ ਦਾ ਸਾਬਣ
Wednesday, Jun 23, 2021 - 05:03 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕੀ ਪੁਲਾੜ ਕੰਪਨੀ 'ਨਾਸਾ' ਇਕ ਵੱਡਾ ਪ੍ਰਯੋਗ ਕਰਨ ਜਾ ਰਹੀ ਹੈ। ਇਸ ਪ੍ਰਯੋਗ ਨਾਲ ਚੰਨ ਤੋਂ ਲੈ ਕੇ ਮੰਗਲ ਗ੍ਰਹਿ ਤੱਕ ਉਡਾਣ ਭਰਨ ਦੀ ਤਿਆਰੀ ਵਿਚ ਲੱਗੇ ਪੁਲਾੜ ਯਾਤਰੀਆਂ ਦੀ ਇਕ ਵੱਡੀ ਮੁਸ਼ਕਲ ਹੱਲ ਹੋਣ ਜਾ ਰਹੀ ਹੈ। ਪੁਲਾੜ ਯਾਤਰੀਆਂ ਨੂੰ ਹੁਣ ਕੱਪੜੇ ਗੰਦੇ ਹੋਣ ਦੀ ਚਿੰਤਾ ਨਹੀਂ ਰਹੇਗੀ। ਅਸਲ ਵਿਚ ਅਮਰੀਕੀ ਪੁਲਾੜ ਏਜੰਸੀ ਨਾਸਾ ਪੁਲਾੜ ਵਿਚ ਕੱਪੜੇ ਸਾਫ ਕਰਨ ਲਈ ਦੁਨੀਆ ਦਾ ਪਹਿਲਾ ਸਾਬਣ ਬਣਾਉਣ ਜਾ ਰਹੀ ਹੈ। ਇਸ ਲਈ ਨਾਸਾ ਨੇ ਕੱਪੜੇ ਧੋਣ ਵਾਲਾ ਸਾਬਣ ਬਣਾਉਣ ਵਾਲੀ ਦਿੱਗਜ਼ ਕੰਪਨੀ ਟਾਈਡ (Tide) ਨਾਲ ਹੱਥ ਮਿਲਾਇਆ ਹੈ। ਨਾਸਾ ਅਤੇ ਟਾਈਡ ਵਿਚਕਾਰ ਹੋਏ ਸਮਝੌਤੇ ਵਿਚ ਕਿਹਾ ਗਿਆ ਹੈ ਕਿ ਪੁਲਾੜ ਏਜੰਸੀ ਅਗਲੇ ਸਾਲ ਟਾਈਡ ਵੱਲੋਂ ਬਣਾਏ ਸਾਬਣ ਨੂੰ ਪਰੀਖਣ ਲਈ ਪੁਲਾੜ ਵਿਚ ਲਿਜਾਏਗੀ। ਇਸ ਪੂਰੇ ਮਿਸ਼ਨ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਹੋਇਆ ਇਹ ਸਮਝੌਤਾ
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਕਾਰਜਕਾਰੀ ਮੁੱਖ ਵਿਗਿਆਨੀ ਡਾਕਟਰ ਮਾਈਕਲ ਰੌਬਰਟ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਪੁਲਾੜ ਸਟੇਸ਼ਨ ਦੀ ਸਹੀ ਵਰਤੋਂ ਕਰਦੇ ਹੋਏ ਅਜਿਹੇ ਉਤਪਾਦ ਢੰਗਾਂ ਦਾ ਪਰੀਖਣ ਪੁਲਾੜ ਵਿਚ ਕਰ ਸਕਦਾ ਹੈ ਜਿਹੜੇ ਧਰਤੀ 'ਤੇ ਸੰਭਵ ਨਹੀਂ ਹਨ। ਇਸ ਨਾਲ ਉਹਨਾਂ ਦੇ ਵਰਤਮਾਨ ਉਤਪਾਦ ਦੀ ਗੁਣਵੱਤਾ ਵਧੇਗੀ ਅਤੇ ਨਾਲ ਹੀ ਜ਼ਮੀਨ ਦੇ ਹੇਠਲੇ ਗ੍ਰੇਡ ਵਿਚ ਕੰਮ ਕਰਨ ਦੇ ਬਿਜ਼ਨੈੱਸ ਮਾਡਲ ਨੂੰ ਸਮਝਿਆ ਜਾ ਸਕੇਗਾ।
ਵਰਤਮਾਨ ਸਮੇਂ ਵਿਚ ਪੁਲਾੜ ਯਾਤਰੀਆਂ ਦੇ ਕੱਪੜਿਆਂ ਨੂੰ ਧਰਤੀ 'ਤੇ ਵਾਪਸ ਭੇਜਣਾ ਪੈਂਦਾ ਹੈ ਜਿੱਥੇ ਉਹਨਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ।ਪੁਲਾੜ ਵਿਚ ਸਾਮਾਨ ਭੇਜਣ ਦੀ ਸੀਮਾ ਕਾਰਨ ਪੁਲਾੜ ਯਾਤਰੀਆਂ ਨੂੰ ਸਾਫ ਕੱਪੜੇ ਮੁਹੱਈਆ ਕਰਾਉਣੇ ਹਮੇਸ਼ਾਂ ਤੋਂ ਹੀ ਚੁਣੌਤੀ ਭਰਪੂਰ ਰਿਹਾ ਹੈ। ਉੱਥੇ ਜੇਕਰ ਚੰਨ ਜਾਂ ਮੰਗਲ ਤੱਕ ਦੀ ਯਾਤਰਾ ਕਰਨੀ ਹੋਵੇ ਤਾਂ ਪੁਲਾੜ ਯਾਤਰੀਆਂ ਨੂੰ ਧਰਤੀ ਤੋਂ ਸਾਫ ਕੱਪੜੇ ਭੇਜਣਾ ਸੰਭਵ ਨਹੀਂ ਹੋਵੇਗਾ। ਉਦਾਹਰਨ ਲਈ ਮੰਗਲ ਗ੍ਰਹਿ ਦੀ ਯਾਤਰਾ ਵਿਚ ਤਾਂ ਕਰੀਬ ਦੋ ਤੋਂ ਤਿੰਨ ਸਾਲ ਲੱਗ ਸਕਦੇ ਹਨ। ਜੇਕਰ ਇਹ ਪ੍ਰਯੋਗ ਸਫਲ ਹੁੰਦਾ ਹੈ ਤਾਂ ਭਵਿੱਖ ਦੇ ਪੁਲਾੜ ਮਿਸ਼ਨ ਦੀ ਦਿਸ਼ਾ ਵਿਚ ਇਕ ਵੱਡੀ ਸਫਲਤਾ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਈ.ਯੂ. ਸੈਟਲਮੈਂਟ ਲਈ ਗ੍ਰਹਿ ਦਫਤਰ ਰੋਜ਼ਾਨਾ ਪ੍ਰਾਪਤ ਕਰ ਰਿਹੈ ਹਜ਼ਾਰਾਂ ਅਰਜ਼ੀਆਂ
ਹਰੇਕ ਯਾਤਰੀ ਲਈ 73 ਕਿਲੋ ਕੱਪੜਾ
ਮੰਗਲ ਦੀ ਯਾਤਰਾ ਦੌਰਾਨ ਪਾਣੀ ਦੀ ਕਮੀ ਇਕ ਹੋਰ ਵੱਡੀ ਚੁਣੌਤੀ ਹੋਵੇਗੀ। ਇਹੀ ਨਹੀਂ ਜਿਹੜੀਆਂ ਚੀਜ਼ਾਂ ਨਾਲ ਪੁਲਾੜ ਯਾਤਰੀਆਂ ਦੇ ਕੱਪੜਿਆਂ ਦੀ ਸਫਾਈ ਹੋਵੇਗੀ ਉਹਨਾਂ ਦਾ ਸੁਰੱਖਿਅਤ ਹੋਣਾ ਜ਼ਰੂਰੀ ਹੈ ਤਾਂ ਜੋ ਉਸ ਨੂੰ ਸਾਫ ਕਰਕੇ ਪੁਲਾੜ ਯਾਤਰੀ ਆਪਣੀ ਯਾਤਰਾ ਦੌਰਾਨ ਪੀ ਸਕਣ। ਅਜਿਹੇ ਵਿਚ ਨਾਸਾ ਹੁਣ ਪੁਲਾੜ ਵਿਚ ਹੀ ਕੱਪੜਿਆਂ ਦੇ ਸਫਾਈ ਦੇ ਮਿਸ਼ਨ 'ਤੇ ਲੱਗਣਾ ਚਾਹੁੰਦੀ ਹੈ। ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈ ਪੁਲਾੜ ਯਾਤਰੀ ਪੁਲਾੜ ਸਟੇਸ਼ਨ ਵਿਚ ਇਕ ਹੀ ਕੱਪੜਾ ਕਈ ਵਾਰ ਪਾਉਂਦੇ ਹਨ। ਇਸ ਮਗਰੋਂ ਉਹਨਾਂ ਨੂੰ ਬਦਲਿਆ ਜਾਂਦਾ ਹੈ।
ਇਸ ਕਾਰਨ ਇਹਨਾਂ ਕੱਪੜਿਆਂ ਵਿਚ ਬਦਬੂ ਆਉਣ ਲੱਗਦੀ ਹੈ ਜਾਂ ਇਹ ਗੰਦੇ ਹੋ ਚੁੱਕੇ ਹੁੰਦੇ ਹਨ। ਹਰੇਕ ਸਾਲ ਨਾਸਾ ਹਰੇਕ ਪੁਲਾੜ ਯਾਤਰੀ ਲਈ ਕਰੀਬ 73 ਕਿਲੋ ਕੱਪੜਾ ਪੁਲਾੜ ਸਟੇਸ਼ਨ ਭੇਜਦੀ ਹੈ।ਇਸ ਨੂੰ ਭੇਜਣ ਵਿਚ ਕਾਫੀ ਖਰਚਾ ਆਉਂਦਾ ਹੈ। ਨਾਸਾ ਦਾ ਅਨੁਮਾਨ ਹੈ ਕਿ ਜੇਕਰ ਟਾਈਡ ਜਾਂ ਕੋਈ ਹੋਰ ਕੰਪਨੀ ਸਾਬਣ ਬਣਾਉਣ ਵਿਚ ਸਫਲ ਹੁੰਦੀ ਹਾ ਤਾਂ ਪੁਲਾੜ ਯਾਤਰੀਆਂ ਦੇ ਵਰਤੇ ਗਏ ਕੱਪੜਿਆਂ ਨੂੰ ਨਸ਼ਟ ਕਰਨ ਦੀ ਬਜਾਏ ਉਹਨਾਂ ਨੂੰ ਧੋਇਆ ਜਾ ਸਕੇਗਾ ਅਤੇ ਨਾਸਾ ਨੂੰ ਵੱਡੀ ਰਾਹਤ ਮਿਲੇਗੀ।
ਪੜ੍ਹੋ ਇਹ ਅਹਿਮ ਖਬਰ- ਈਰਾਨ ਨੂੰ ਕਰਾਰਾ ਝਟਕਾ, ਅਮਰੀਕਾ ਨੇ ਤਿੰਨ ਦਰਜਨ ਵੈੱਬਸਾਈਟਾਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ
ਬਚੇ ਹੋਏ ਪਾਣੀ ਦੀ ਵਰਤੋਂ
ਉੱਧਰ ਟਾਈਡ ਨੇ ਕਿਹਾ ਹੈ ਕਿ ਉਸ ਦਾ ਪੁਲਾੜ ਵਿਚ ਵਰਤਣ ਲਈ ਬਣਿਆ ਸਾਬਣ ਪੂਰੀ ਤਰ੍ਹਾਂ ਨਾਲ ਨਸ਼ਟ ਹੋਣ ਯੋਗ ਹੈ। ਇਹ ਬਦਬੂ ਅਤੇ ਦਾਗ-ਧੱਬੇ ਖ਼ਤਮ ਕਰ ਸਕਦਾ ਹੈ। ਇਹੀ ਨਹੀਂ ਇਸ ਨਾਲ ਸਫਾਈ ਮਗਰੋਂ ਬਚੇ ਪਾਣੀ ਨੂੰ ਮੁੜ ਸਾਫ ਕਰ ਕੇ ਪੀਤਾ ਜਾ ਸਕਦਾ ਹੈ। ਅਗਲੇ ਸਾਲ ਪੁਲਾੜ ਸਟੇਸ਼ਨ ਭੇਜੇ ਜਾਣ ਵਾਲੇ ਸਾਮਾਨ ਨਾਲ ਟਾਈਡ ਦੀ ਟੀਮ ਇਹ ਜਾਂਚ ਕਰੇਗੀ ਕਿ ਸਾਫ ਕਰਨ ਵਾਲੇ ਤੱਤ ਪੁਲਾੜ ਵਿਚ ਜ਼ੀਰੋ ਗ੍ਰੈਵਿਟੀ ਅਤੇ ਸੂਰਜ ਦੀਆਂ ਕਿਰਨਾਂ ਵਿਚਕਾਰ ਚੰਗੇ ਢੰਗ ਨਾਲ ਕੰਮ ਕਰਦੇ ਹਨ। ਟਾਈਡ ਦੇ ਦਾਗ ਸਾਫ ਕਰਨ ਵਾਲੇ ਸਾਬਣ ਨੂੰ ਸਪੇਸ ਸਟੇਸ਼ਨ ਭੇਜਿਆ ਜਾਵੇਗਾ।ਨਾਸਾ ਅਤੇ ਟਾਈਡ ਨੇ ਇਹ ਵੀ ਕਿਹਾ ਕਿ ਉਹ ਪਤਾ ਲਗਾਉਣਗੇ ਕੀ ਚੰਨ ਅਤੇ ਮੰਗਲ ਮਿਸ਼ਨ ਲਈ ਇਹ ਤਕਨੀਕ ਕਾਰਗਰ ਰਹੇਗੀ ਜਾਂ ਨਹੀਂ। ਟਾਈਡ ਨੇ ਕਿਹਾ ਕਿ ਇਸ ਨਾਲ ਅੱਗੇ ਚੱਲ ਕੇ ਧਰਤੀ 'ਤੇ ਵੀ ਸੁਰੱਖਿਅਤ ਸਾਬਣ ਬਣਾਉਣ ਵਿਚ ਮਦਦ ਮਿਲੇਗੀ ਜਿਸ ਨਾਲ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇਗਾ।