ਮਿਆਂਮਾਰ ਤਖ਼ਤਾਪਲਟ : ਲੋਕਾਂ ਦੀ ਮੰਗ- ''ਸਾਨੂੰ ਤਾਨਾਸ਼ਾਹੀ ਨਹੀਂ, ਲੋਕਤੰਤਰ ਚਾਹੀਦਾ''
Monday, Feb 08, 2021 - 10:10 AM (IST)

ਨਾਯ ਪਾਈ ਤਾਵ- ਮਿਆਂਮਾਰ ਵਿਚ ਹਾਲ ਹੀ ਵਿਚ ਹੋਏ ਫ਼ੌਜੀ ਤਖ਼ਤਾਪਲਟ ਦੇ ਵਿਰੋਧ ਵਿਚ ਦੇਸ਼ ਦੀ ਮੁੱਖ ਨੇਤਾ ਆਂਗ ਸਾਨ ਸੂ ਕੀ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੇ ਸਮਰਥਨ ਵਿਚ ਹਜ਼ਾਰਾਂ ਲੋਕਾਂ ਨੇ ਐਤਵਾਰ ਨੂੰ ਦੇਸ਼ ਭਰ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਇੱਥੇ ਪ੍ਰਦਰਸ਼ਨ ਦੌਰਾਨ ਨਾਅਰੇ ਲਗਾਉਂਦੇ ਹੋਏ ਕਿਹਾ, "ਅਸੀਂ ਫ਼ੌਜੀ ਤਾਨਾਸ਼ਾਹੀ ਨਹੀਂ ਚਾਹੁੰਦੇ । ਅਸੀਂ ਲੋਕਤੰਤਰ ਚਾਹੁੰਦੇ ਹਾਂ।" ਤਖ਼ਤਾਪਲਟ ਕਰਨ ਵਾਲੇ ਫ਼ੌਜੀ ਅਧਿਕਾਰੀਆਂ ਨੇ ਇਸ ਸਬੰਧ ਵਿਚ ਹਾਲਾਂਕਿ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਸ ਤੋਂ ਪਹਿਲਾਂ ਮਿਆਂਮਾਰ ਦੇ ਫ਼ੌਜੀ ਸ਼ਾਸਕਾਂ ਨੇ ਦੇਸ਼ ਵਿਚ ਤਖ਼ਤਾਪਲਟ ਦੇ ਵਿਰੋਧ ਵਿਚ ਹੋ ਰਹੀਆਂ ਰੈਲੀਆਂ ਵਿਚ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਸੀ, ਜਿਸ ਨੂੰ ਐਤਵਾਰ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਤਖ਼ਤਾਪਲਟ ਦੇ ਵਿਰੋਧ ਵਿਚ ਲੋਕਾਂ ਦੀ ਭੀੜ ਨੂੰ ਪ੍ਰਦਰਸ਼ਨ ਲਈ ਇਕੱਠੇ ਹੋਣ ਤੋਂ ਰੋਕਣ ਲਈ ਫ਼ੌਜ ਨੇ ਟਵਿੱਟਰ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਬੈਨ ਕਰਨ ਦੇ ਤੁਰੰਤ ਬਾਅਦ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ।
ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ 'ਤੇ ਸ਼ੁੱਕਰਵਾਰ ਨੂੰ ਹੀ ਪਾਬੰਦੀਆਂ ਲਗਾ ਦਿੱਤੀਆਂ ਸਨ। ਕਈ ਉਪਯੋਗਕਰਤਾਵਾਂ ਨੇ ਵਰਚੁਅਲ ਪ੍ਰਾਈਵੇਟ ਨੈੱਟਵਰਕ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ 'ਤੇ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕੀਤਾ ਪਰ ਸਾਧਾਰਣ ਤੌਰ 'ਤੇ ਪਾਬੰਦੀਆਂ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ- ਇੰਗਲੈਂਡ, ਸਕਾਟਲੈਂਡ ਤੇ ਵੇਲਜ਼ 'ਚ ਭਾਰੀ ਬਰਫਬਾਰੀ ਦੀ ਚਿਤਾਵਨੀ
ਰਿਪੋਰਟ ਮੁਤਾਬਕ ਯਾਂਗੂਨ ਸ਼ਹਿਰ ਵਿਚ ਲੋਕਾਂ ਦੀ ਭੀੜ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਈ ਅਤੇ 'ਫ਼ੌਜੀ ਤਾਨਾਸ਼ਾਹੀ ਅਸਫ਼ਲ' ਅਤੇ 'ਲੋਕਤੰਤਰ ਦੀ ਜਿੱਤ' ਦੇ ਨਾਅਰੇ ਲਗਾਏ ਗਏ। ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਹਾਲਾਂਕਿ ਭਾਰੀ ਗਿਣਤੀ ਵਿਚ ਪੁਲਸ ਤੇ ਫ਼ੌਜ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਸ਼ਹਿਰ ਦੇ ਸਾਰੇ ਮੁੱਖ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
►ਮਿਆਮਾਰ ਵਿਚ ਹੋਏ ਫ਼ੌਜੀ ਤਖ਼ਤਾਪਲਟ ਸਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਇ