ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨੇ ਦੇਸ਼ ਦੇ ਸਭ ਤੋਂ ਵੱਡੇ ਰੱਖਿਆ ਉਦਯੋਗਿਕ ਕੰਪਲੈਕਸ ਦਾ ਕੀਤਾ ਦੌਰਾ
Sunday, Aug 30, 2026 - 09:56 AM (IST)
ਇਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਸ਼ਨੀਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਰੱਖਿਆ ਉਦਯੋਗਿਕ ਕੰਪਲੈਕਸ ਦਾ ਦੌਰਾ ਕੀਤਾ ਅਤੇ ਇਸ ਦੀ ਉਤਪਾਦਨ ਅਤੇ ਬਰਾਮਦ ਸਮਰੱਥਾਵਾਂ ਦਾ ਜਾਇਜ਼ਾ ਲਿਆ।
ਪਾਕਿਸਤਾਨ ਆਰਡੀਨੈਂਸ ਫੈਕਟਰੀ (ਪੀ.ਓ.ਐੱਫ.) ਰਾਜਧਾਨੀ ਇਸਲਾਮਾਬਾਦ ਤੋਂ ਪੱਛਮ ਵਿਚ ਲੱਗਭਗ 41 ਕਿਲੋਮੀਟਰ ਦੂਰ ਵਾਹ ਵਿਚ ਸਥਿਤ ਹੈ। ਫ਼ੌਜ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਮੁਨੀਰ ਦੇ ‘ਪਾਕਿਸਤਾਨ ਦੇ ਸਭ ਤੋਂ ਵੱਡੇ ਰੱਖਿਆ ਉਦਯੋਗਿਕ ਕੰਪਲੈਕਸ’ ਦੇ ਦੌਰੇ ਦਾ ਮੁੱਖ ਉਦੇਸ਼ ਉਤਪਾਦਨ ਸਮਰੱਥਾਵਾਂ, ਬਰਾਮਦ ਦੀਆਂ ਸੰਭਾਵਨਾਵਾਂ ਅਤੇ ਦੇਸ਼ ਦੇ ਰੱਖਿਆ ਉਦਯੋਗਿਕ ਆਧਾਰ ਵਿਚ ਇਸ ਦੇ ਯੋਗਦਾਨ ਦੀ ਸਮੀਖਿਆ ਕਰਨਾ ਸੀ।
ਮੁਨੀਰ ਨੂੰ ਪੀ.ਓ.ਐੱਫ. ਦੇ ਸੰਚਾਲਨ ਦੇ ਵੱਖ-ਵੱਖ ਪਹਿਲੂਆਂ ਅਤੇ ਵੱਖ-ਵੱਖ ਤਰ੍ਹਾਂ ਦੇ ਫ਼ੌਜੀ ਉਪਕਰਣਾਂ ਦੇ ਸਵਦੇਸ਼ੀ ਵਿਕਾਸ ਅਤੇ ਉਤਪਾਦਨ ਰਾਹੀਂ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਇਸ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ।
ਫ਼ੌਜ ਨੇ ਕਿਹਾ ਕਿ ਮੁਨੀਰ ਦੇ ਦੌਰੇ ਨਾਲ ਪਾਕਿਸਤਾਨ ਦੇ ਰੱਖਿਆ ਖੇਤਰ ਵਿਚ ਆਤਮਨਿਰਭਰਤਾ, ਸਵਦੇਸ਼ੀ ਉਤਪਾਦਨ ਅਤੇ ਤਕਨੀਕੀ ਨਵੀਨਤਾ ਨੂੰ ਅੱਗੇ ਵਧਾਉਣ ਦੀ ਫ਼ੌਜ ਦੀ ਵਚਨਬੱਧਤਾ ਨੂੰ ਪੇਸ਼ ਕੀਤਾ ਗਿਆ। ਮੁਨੀਰ ਨੂੰ 2 ਨਵੇਂ ਉਦਯੋਗਿਕ ਪਲਾਂਟਾਂ ਦੀ ਸਥਾਪਨਾ ਰਾਹੀਂ ਜਾਰੀ ਸਵਦੇਸ਼ੀਕਰਨ ਅਤੇ ਆਧੁਨਿਕੀਕਰਨ ਦੇ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਪਲਾਂਟਾਂ ਵਿਚ ਇਸ ਸਾਲ ਦੇ ਅੰਤ ਤੱਕ ਉਤਪਾਦਨ ਸ਼ੁਰੂ ਹੋਣ ਦੀ ਸੰਭਾਵਨਾ ਹੈ।
