ਮਿਨੀਏਪੋਲਿਸ ਹੋਰ ਪੁਲਸ ਅਧਿਕਾਰੀਆਂ ਦੀ ਭਰਤੀ ਲਈ ਖਰਚੇਗਾ 6.4 ਮਿਲੀਅਨ ਡਾਲਰ

Monday, Feb 15, 2021 - 11:07 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਮਿਨੀਏਪੋਲਿਸ ਸ਼ਹਿਰ ਜੋ ਕਿ ਪੁਲਸ ਅਧਿਕਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ,  ਦਰਜਨਾਂ ਹੋਰ ਪੁਲਸ ਅਧਿਕਾਰੀਆਂ ਦੀ ਭਰਤੀ ਕਰਨ ਲਈ 6.4 ਮਿਲੀਅਨ ਡਾਲਰ ਖਰਚਣ ਦੀ ਯੋਜਨਾ ਬਣਾ ਰਿਹਾ ਹੈ, ਜਦਕਿ ਸਿਟੀ ਕੌਂਸਲ ਦੇ ਕੁੱਝ ਮੈਂਬਰ ਅਤੇ ਹੋਰ ਸਮੂਹ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੁਲਸ ਵਿਭਾਗ ਨੂੰ ਤਬਦੀਲ ਕਰਨ ਦੀ ਵੀ ਵਕਾਲਤ ਕਰ ਰਹੇ ਹਨ।

ਮਿਨੀਏਪੋਲਿਸ ਸਿਟੀ ਕੌਂਸਲ ਨੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਇਸ ਵਾਧੂ ਫੰਡਿੰਗ ਨੂੰ ਪ੍ਰਵਾਨ ਕਰਨ ਲਈ ਵੋਟ ਦਿੱਤੀ, ਜਿਸ ਦੀ ਪੁਲਸ ਦੁਆਰਾ ਬੇਨਤੀ ਕੀਤੀ ਗਈ ਸੀ।  ਵਿਭਾਗ ਅਨੁਸਾਰ ਮੌਜੂਦਾ ਸਮੇਂ ਸਿਰਫ 638 ਪੁਲਿਸ ਅਧਿਕਾਰੀ ਕੰਮ ਲਈ  ਉਪਲੱਬਧ ਹਨ ਜੋ ਕਿ ਆਮ ਨਾਲੋਂ ਤਕਰੀਬਨ 200 ਘੱਟ ਹਨ। ਸ਼ਹਿਰ ਦੇ ਜ਼ਿਆਦਾਤਰ ਅਧਿਕਾਰੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਨੌਕਰੀ ਛੱਡ ਗਏ ਹਨ ਜਾਂ ਮੈਡੀਕਲ ਛੁੱਟੀ 'ਤੇ ਚਲੇ ਗਏ ਹਨ।

ਇੱਕ ਰਿਪੋਰਟ ਅਨੁਸਾਰ ਨਵੀਆਂ ਭਰਤੀ ਕਲਾਸਾਂ ਦੇ ਨਾਲ, ਸ਼ਹਿਰ ਨੂੰ ਇਸ ਸਾਲ ਦੇ ਅੰਤ ਤੱਕ 674 ਅਧਿਕਾਰੀ ਉਪਲੱਬਧ ਹੋਣ ਦੀ ਉਮੀਦ ਹੈ। ਹਾਲਾਂਕਿ ਫਲਾਇਡ ਦੀ ਮੌਤ ਤੋਂ ਬਾਅਦ ਵਿਭਾਗ ਨੂੰ ਖਤਮ ਕਰਨ ਦੀਆਂ ਆਵਾਜ਼ਾਂ ਵੀ ਉੱਠ ਰਹੀਆਂ ਹਨ ਅਤੇ ਕੁੱਝ ਵਸਨੀਕਾਂ ਦੁਆਰਾ ਹਿੰਸਕ ਅਪਰਾਧਾਂ ਦੇ ਵਾਧੇ ਦਾ ਹਵਾਲਾ ਦਿੰਦੇ ਹੋਏ ਸ਼ਹਿਰ ਨੂੰ ਵਧੇਰੇ ਅਧਿਕਾਰੀ ਨਿਯੁਕਤ ਕਰਨ ਦੀ ਬੇਨਤੀ ਵੀ ਕੀਤੀ ਹੈ। ਸਿਟੀ ਕੌਂਸਲ ਦੀ ਵੋਟਿੰਗ ਤੋਂ ਕੁੱਝ ਦਿਨ ਪਹਿਲਾਂ, ਮੇਅਰ ਜੈਕਬ ਫਰੇਈ ਅਤੇ ਪੁਲਿਸ ਮੁਖੀ ਮੇਡਰਿਆ ਅਰਾਡੋਡੋ ਨੇ ਪੁਲਿਸ ਭਰਤੀ ਕਰਨ ਲਈ ਅਰਜ਼ੀ ਪ੍ਰਕਿਰਿਆ ਨੂੰ ਅਪਡੇਟ ਕਰਨ ਦਾ ਵਾਅਦਾ ਵੀ ਕੀਤਾ ਸੀ । ਇਸ ਦੌਰਾਨ, ਸਿਟੀ ਕੌਂਸਲ ਦੇ ਤਿੰਨ ਮੈਂਬਰਾਂ ਨੇ ਪੁਲਿਸ ਵਿਭਾਗ ਦੀ ਥਾਂ ਇੱਕ ਜਨਤਕ ਸੁਰੱਖਿਆ ਵਿਭਾਗ ਬਨਾਉਣ ਦਾ ਪ੍ਰਸਤਾਵ ਵੀ ਦਿੱਤਾ ਹੈ, ਜਿਸ ਵਿਚ ਕਾਨੂੰਨ ਲਾਗੂ ਕਰਨ ਦੇ ਨਾਲ ਹੋਰ ਸੇਵਾਵਾਂ ਵੀ ਸ਼ਾਮਲ ਹੋਣਗੀਆਂ।


Lalita Mam

Content Editor

Related News