ਉਪ ਰਾਸ਼ਟਰਪਤੀ ਮਾਈਕ ਪੇਂਸ ਦੀ ਪ੍ਰੈੱਸ ਸਕੱਤਰ ਵੀ ਹੋਈ ਕੋਰੋਨਾ ਦੀ ਸ਼ਿਕਾਰ
Saturday, May 09, 2020 - 09:19 AM (IST)
ਵਾਸ਼ਿੰਗਟਨ - ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਦੀ ਪ੍ਰੈੱਸ ਸਕੱਤਰ ਕੈਟੀ ਮਿਲਰ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਹੈ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੈਟੀ ਇਸ ਹਫਤੇ ਵ੍ਹਾਈਟ ਹਾਊਸ ਕੋਰੋਨਾ ਇਨਫੈਕਟਡ ਹੋਣ ਵਾਲੀ ਦੂਜੀ ਵਿਅਕਤੀ ਹੈ। ਹਾਲਾਂਕਿ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਵ੍ਹਾਈਟ ਹਾਊਸ ਵਿਚ ਫੈਲ ਰਹੇ ਕੋਰੋਨਾ ਵਾਇਰਸ ਨੂੰ ਲੈ ਕੇ "ਚਿੰਤਤ ਨਹੀਂ" ਹਨ।
ਅਧਿਕਾਰੀਆਂ ਨੇ ਕਿਹਾ ਕਿ ਉਹ ਕੈਂਪਸ ਲਈ ਸੁਰੱਖਿਆ ਪ੍ਰੋਟੋਕੋਲ ਸਖਤ ਕਰ ਰਹੇ ਹਨ। ਕੈਟੀ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ। ਉਹ ਹਾਲ ਹੀ ਵਿਚ ਪੇਂਸ ਦੇ ਸੰਪਰਕ ਵਿਚ ਆਈ ਸੀ ਪਰ ਰਾਸ਼ਟਰਪਤੀ ਨਾਲ ਉਸ ਦੀ ਕੋਈ ਮੁਲਾਕਾਤ ਨਹੀਂ ਹੋਈ। ਉਹ ਟਰੰਪ ਦੇ ਉੱਚ ਸਲਾਹਕਾਰ ਸਟੀਫਨ ਮਿਲਰ ਦੀ ਪਤਨੀ ਹੈ। ਵ੍ਹਾਈਟ ਹਾਊਸ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਸਟੀਫਨ ਮਿਲਰ ਦੀ ਵੀ ਜਾਂਚ ਕੀਤੀ ਗਈ ਹੈ ਜਾਂ ਕੀ ਉਹ ਅਜੇ ਵੀ ਵ੍ਹਾਈਟ ਹਾਊਸ ਵਿਚ ਕੰਮ ਕਰ ਰਹੇ ਹਨ।
ਇਸ ਤੋਂ ਪਹਿਲਾਂ ਕੈਟੀ ਨੂੰ ਵੀਰਵਾਰ ਨੂੰ ਟੈਸਟ ਰਿਪੋਰਟ ਵਿਚ ਪਾਜ਼ੀਟਿਵ ਨਹੀਂ ਪਾਇਆ ਗਿਆ। ਟਰੰਪ ਨੇ ਕਿਹਾ ਇਹ ਦਰਸਾਉਂਦਾ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਜਾਂਚ ਹਮੇਸ਼ਾ ਸਹੀ ਹੋਵੇ। ਇਸ ਤੋਂ ਪਹਿਲਾਂ ਟਰੰਪ ਦਾ ਇਕ ਫੌਜੀ ਸਹਾਇਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ। ਰਾਸ਼ਟਰਪਤੀ ਨੇ ਕਿਹਾ ਸੀ ਕਿ ਉਸ ਨਾਲ ਉਸ ਦਾ ਬਹੁਤ ਘੱਟ ਸੰਪਰਕ ਸੀ। ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਫੌਜੀ ਸਹਾਇਕ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਉਹ ਕੋਵਿਡ -19 ਦਾ ਹਰ ਰੋਜ਼ ਟੈਸਟ ਕਰਵਾਉਣਗੇ।