ਹੋਰਮੁਜ਼ ਮੁੜ ਬਣਿਆ ''ਜੰਗ ਦਾ ਮੈਦਾਨ'' ! ਇਰਾਨ ਨੇ 1980 ਦੀ ਰਣਨੀਤੀ ਨੂੰ ਦਿੱਤਾ ਨਵਾਂ ਰੂਪ

Thursday, May 07, 2026 - 09:48 AM (IST)

ਹੋਰਮੁਜ਼ ਮੁੜ ਬਣਿਆ ''ਜੰਗ ਦਾ ਮੈਦਾਨ'' ! ਇਰਾਨ ਨੇ 1980 ਦੀ ਰਣਨੀਤੀ ਨੂੰ ਦਿੱਤਾ ਨਵਾਂ ਰੂਪ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ  ਵਿਚ ਇਕ ਵਾਰ ਫਿਰ ਤਣਾਅ ਖ਼ਤਰਨਾਕ ਮੋੜ ’ਤੇ ਪਹੁੰਚ ਗਿਆ ਹੈ। ਦੁਨੀਆ ਦੀ ਸਭ ਤੋਂ ਅਹਿਮ ਸਮੁੰਦਰੀ ਜੀਵਨ-ਰੇਖਾ ਮੰਨੇ ਜਾਣ ਵਾਲੇ ਹੋਰਮੁਜ਼ ਸਟ੍ਰੇਟ ਵਿਚ ਹਾਲਾਤ ਤੇਜ਼ੀ ਨਾਲ ਵਿਗੜਦੇ ਨਜ਼ਰ ਆ ਰਹੇ ਹਨ। ਇਰਾਨ ਨੇ 1980 ਦੇ ਦਹਾਕੇ ਦੀ ‘ਟੈਂਕਰ ਵਾਰ’ ਦੀ ਆਪਣੀ ਪੁਰਾਣੀ ਰਣਨੀਤੀ ਤਹਿਤ ਮਿਜ਼ਾਈਲਾਂ, ਮਾਈਨਜ਼ ਤੇ ਸਪੀਡ ਬੋਟਸ ਨੂੰ ਇਸ ਵਾਰ ਆਧੁਨਿਕ ਤਕਨੀਕ ਨਾਲ ਹੋਰ ਵੀ ਘਾਤਕ ਬਣਾ ਦਿੱਤਾ ਹੈ। ਹੁਣ ਉਸ ਕੋਲ ਉੱਨਤ ਡਰੋਨਾਂ ਦਾ ਵੱਡਾ ਭੰਡਾਰ ਹੈ, ਜੋ ਘੱਟ ਲਾਗਤ ਵਿਚ ਦੂਰੋਂ ਸਹੀ ਨਿਸ਼ਾਨਾ ਲਾਉਣ ’ਚ ਸਮਰੱਥ ਹਨ। ਮਾਹਿਰਾਂ ਅਨੁਸਾਰ ਇਹੀ ਡਰੋਨ ਇਸ ਪੂਰੇ ਟਕਰਾਅ ਵਿਚ ਫੋਰਸ ਮਲਟੀਪਲਾਇਰ ਦੀ ਭੂਮਿਕਾ ਨਿਭਾਅ ਰਹੇ ਹਨ।

ਟਰੰਪ ਦੇ ਬਿਆਨ ਤੋਂ ਬਾਅਦ ਵਧੇ ਹਮਲੇ
ਲੱਗਭਗ ਇਕ ਮਹੀਨੇ ਦੀ ਸ਼ਾਂਤੀ ਤੋਂ ਬਾਅਦ ਹਾਲਾਤ ਉਸ ਸਮੇਂ ਵਿਗੜਨੇ ਸ਼ੁਰੂ ਹੋਏ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਹਾਜ਼ਾਂ ਦੀ ਸੁਰੱਖਿਆ ਲਈ ਪਹਿਲਕਦਮੀ ਦਾ ਸੰਕੇਤ ਦਿੱਤਾ। ਇਸ ਤੋਂ ਤੁਰੰਤ ਬਾਅਦ ਇਰਾਨ ਵੱਲੋਂ ਵਪਾਰਕ ਜਹਾਜ਼ਾਂ ’ਤੇ ਨਵੇਂ ਹਮਲਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ।

ਸੂਤਰਾਂ ਅਨੁਸਾਰ ਪਿਛਲੇ 2 ਮਹੀਨਿਆਂ ਵਿਚ ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ 25 ਤੋਂ ਵੱਧ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ 2 ਜਹਾਜ਼ਾਂ ਨੂੰ ਜ਼ਬਤ ਕੀਤਾ ਹੈ। ਇਸ ਨਾਲ ਸਟ੍ਰੇਟ ਵਿਚ ਆਵਾਜਾਈ ਲੱਗਭਗ ਠੱਪ ਹੋਣ ਦੀ ਸਥਿਤੀ ਵਿਚ ਪਹੁੰਚ ਗਈ ਹੈ।

ਇਹ ਵੀ ਪੜ੍ਹੋ- ਸ਼ਾਪਿੰਗ ਮਾਲ 'ਚ ਲੱਗੀ ਭਿਆਨਕ ਅੱਗ ! 8 ਲੋਕਾਂ ਦੀ ਦਰਦਨਾਕ ਮੌਤ, ਤਹਿਰਾਨ 'ਚ ਮਚੀ ਹਾਹਾਕਾਰ

ਅਮਰੀਕਾ ਦੀ ਬਦਲੀ ਰਣਨੀਤੀ
1980 ਦੇ ਦਹਾਕੇ ਵਿਚ ਜਦੋਂ ਹਾਲਾਤ ਵਿਗੜੇ ਸਨ, ਉਸ ਵੇਲੇ ਅਮਰੀਕਾ ਨੇ ਸਿੱਧਾ ਦਖਲ ਦਿੰਦੇ ਹੋਏ ਟੈਂਕਰਾਂ ਨੂੰ ਫੌਜੀ ਸੁਰੱਖਿਆ ਦਿੱਤੀ ਸੀ। ਉਸ ਸਮੇਂ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਕੁਵੈਤ ਦੇ ਜਹਾਜ਼ਾਂ ਨੂੰ ਅਮਰੀਕੀ ਝੰਡੇ ਹੇਠ ਲਿਆ ਕੇ ਉਨ੍ਹਾਂ ਦੀ ਰਾਖੀ ਕੀਤੀ ਸੀ ਪਰ ਇਸ ਵਾਰ ਅਮਰੀਕਾ ਨੇ ਦੂਰੀ ਬਣਾ ਕੇ ਰਣਨੀਤੀ ਅਪਣਾਈ ਹੈ। ਅਮਰੀਕੀ ਸਮੁੰਦਰੀ ਫੌਜ ਫਿਲਹਾਲ ਜਹਾਜ਼ਾਂ ਨੂੰ ਸੁਰੱਖਿਅਤ ਰਸਤਿਆਂ ਦੀ ਜਾਣਕਾਰੀ ਦੇ ਰਹੀ ਹੈ ਅਤੇ ਨਿਗਰਾਨੀ ਕਰ ਰਹੀ ਹੈ ਪਰ ਸਿੱਧੇ ਐਸਕਾਰਟ ਮਿਸ਼ਨ ਤੋਂ ਬਚ ਰਹੀ ਹੈ। ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਰਾਨ ਦੇ ਡਰੋਨ ਤੇ ਮਿਜ਼ਾਈਲ ਖ਼ਤਰੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਸ਼ਿਪਿੰਗ ਕੰਪਨੀਆਂ ਦੀ ਵਧੀ ਚਿੰਤਾ
ਅਮਰੀਕਾ ਦੀ ‘ਮਿਲਟਰੀ ਓਵਰਵਾਚ’ ਰਣਨੀਤੀ ’ਤੇ ਸ਼ਿਪਿੰਗ ਕੰਪਨੀਆਂ ਨੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੀ ਫੌਜੀ ਸੁਰੱਖਿਆ ਤੋਂ ਬਿਨਾਂ ਸੈਂਕੜੇ ਫਸੇ ਹੋਏ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਬੇਹੱਦ ਮੁਸ਼ਕਲ ਹੋਵੇਗਾ। ਦੂਜੇ ਪਾਸੇ ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਉਸ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਜਹਾਜ਼ ਇਸ ਰਸਤੇ ਤੋਂ ਲੰਘਣ ਦੀ ਕੋਸ਼ਿਸ਼ ਨਾ ਕਰੇ।

ਇਹ ਵੀ ਪੜ੍ਹੋੋ- ਕੈਨੇਡਾ 'ਚ ਪੰਜਾਬੀ ਕਾਰੋਬਾਰੀ ਦਾ ਗੋਲ਼ੀਆਂ ਮਾਰ ਕੇ ਕਤਲ ! ਇਸ ਗੈਂਗ ਨੇ ਲਈ ਜ਼ਿੰਮੇਵਾਰੀ

ਗਲੋਬਲ ਆਰਥਿਕਤਾ ’ਤੇ ਖ਼ਤਰਾ
ਮਾਹਿਰਾਂ ਅਨੁਸਾਰ ਇਰਾਨ ਇਸ ਵਾਰ ਸਿਰਫ਼ ਤੇਲ ਦੀਆਂ ਕੀਮਤਾਂ ਵਧਾਉਣ ਤੱਕ ਸੀਮਤ ਨਹੀਂ ਹੈ, ਸਗੋਂ ਉਹ ਗਲੋਬਲ ਆਰਥਿਕਤਾ ’ਤੇ ਦਬਾਅ ਬਣਾਉਣਾ ਚਾਹੁੰਦਾ ਹੈ। ਹੋਰਮੁਜ਼ ਸਟ੍ਰੇਟ ’ਚੋਂ ਲੰਘਣ ਵਾਲਾ ਤੇਲ ਏਸ਼ੀਆਈ ਦੇਸ਼ਾਂ ਖਾਸ ਤੌਰ ’ਤੇ ਭਾਰਤ ਤੇ ਚੀਨ ਲਈ ਬੇਹੱਦ ਅਹਿਮ ਹੈ। ਅਜਿਹੀ ਹਾਲਤ ਵਿਚ ਇੱਥੇ ਕੋਈ ਵੀ ਰੁਕਾਵਟ ਗਲੋਬਲ ਮਾਰਕੀਟ ਵਿਚ ਭਾਰੀ ਉਤਰਾਅ-ਚੜ੍ਹਾਅ ਲਿਆ ਸਕਦੀ ਹੈ।

ਕੀ ਇਤਿਹਾਸ ਖ਼ੁਦ ਨੂੰ ਦੁਹਰਾਏਗਾ ?
1987-88 ਦੀ ਟੈਂਕਰ ਵਾਰ ਵਿਚ ਹਾਲਾਤ ਉਸ ਵੇਲੇ ਬਦਲੇ ਸਨ ਜਦੋਂ ਅਮਰੀਕਾ ਨੇ ਵੱਡੇ ਫੌਜੀ ਹਮਲੇ ਕਰ ਕੇ ਇਰਾਨ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਸੀ ਪਰ ਇਸ ਵਾਰ ਸਮੀਕਰਨ ਵੱਖਰੇ ਹਨ। ਇਰਾਨ ਕੋਲ ਆਧੁਨਿਕ ਹਥਿਆਰ ਹਨ ਅਤੇ ਉਸ ਨੂੰ ਰੂਸ ਤੇ ਚੀਨ ਵਰਗੇ ਦੇਸ਼ਾਂ ਦਾ ਸਮਰਥਨ ਵੀ ਹਾਸਲ ਹੈ। ਹੁਣ ਸਵਾਲ ਇਹ ਹੈ ਕਿ ਕੀ ਇਹ ਟਕਰਾਅ ਸੀਮਤ ਰਹੇਗਾ ਜਾਂ ਫਿਰ ਵੱਡੀ ਜੰਗ ਦਾ ਰੂਪ ਲੈ ਲਵੇਗਾ। ਫਿਲਹਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਹੋਰਮੁਜ਼ ’ਤੇ ਟਿਕੀਆਂ ਹੋਈਆਂ ਹਨ ਜਿੱਥੇ ਹਰ ਲੰਘਦਾ ਦਿਨ ਨਵੇਂ ਖਤਰੇ ਦਾ ਸੰਕੇਤ ਦੇ ਰਿਹਾ ਹੈ।

ਇਹ ਵੀ ਪੜ੍ਹੋ- ਲੱਗ ਗਿਆ 'ਕਰਫਿਊ' ! ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਬਾਰਡਰ ਏਰੀਏ 'ਚ ਲਾ'ਤੀਆਂ ਪਾਬੰਦੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News