Meta ਨੇ ਨਾਬਾਲਗ ਯੂਜ਼ਰਸ ਨੂੰ ਭੇਜਿਆ ਅਲਟੀਮੇਟਮ! ਕਿਹਾ-4 ਦਸੰਬਰ ਤੱਕ...

Friday, Nov 21, 2025 - 03:16 PM (IST)

Meta ਨੇ ਨਾਬਾਲਗ ਯੂਜ਼ਰਸ ਨੂੰ ਭੇਜਿਆ ਅਲਟੀਮੇਟਮ! ਕਿਹਾ-4 ਦਸੰਬਰ ਤੱਕ...


ਇੰਟਰਨੈਸ਼ਨਲ ਡੈਸਕ : ਮੇਟਾ (Meta) ਨੇ ਆਸਟ੍ਰੇਲੀਆ (Australia) 'ਚ ਆਪਣੇ ਨਾਬਾਲਗ ਉਪਭੋਗਤਾਵਾਂ ਨੂੰ ਅਲਰਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਫੇਸਬੁੱਕ (Facebook), ਇੰਸਟਾਗ੍ਰਾਮ (Instagram) ਅਤੇ ਥ੍ਰੈਡਸ (Threads) 'ਤੇ 16 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਅਗਲੇ ਦੋ ਹਫਤਿਆਂ 'ਚ ਆਪਣਾ ਡਾਟਾ ਤੇ ਡਿਜ਼ੀਟਲ ਹਿਸਟਰੀ ਡਾਊਨਲੋਡ ਕਰ ਲੈਣ ਕਿਉਂਕਿ ਉਨ੍ਹਾਂ ਦੇ ਖਾਤੇ ਜਲਦ ਬੰਦ ਕੀਤੇ ਜਾਣਗੇ।

ਆਸਟ੍ਰੇਲੀਆ ਸਰਕਾਰ ਨੇ ਹਾਲ ਹੀ 'ਚ ਨਵਾਂ ਨਿਯਮ ਲਾਗੂ ਕੀਤਾ ਹੈ, ਜਿਸ ਤਹਿਤ 10 ਦਸੰਬਰ ਤੋਂ 16 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਵਾਲੇ ਸਾਰੇ ਸ਼ੋਸ਼ਲ ਮੀਡੀਆ ਅਕਾਊਂਟਸ ਹਟਾਏ ਜਾਣਗੇ। ਇਹ ਦੁਨੀਆ ਵਿਚ ਪਹਿਲੀ ਵਾਰ ਲਾਗੂ ਕੀਤਾ ਜਾ ਰਿਹਾ ਹੈ। ਮੇਟਾ ਨੇ SMS ਤੇ ਈਮੇਲ ਦੇ ਜ਼ਰੀਏ ਦੱਸਿਆ ਕਿ 4 ਦਸੰਬਰ ਤੋਂ ਸ਼ੱਕੀ ਨਾਬਾਲਿਗ ਯੂਜ਼ਰਸ ਦੀ ਪਲੇਟਫਾਰਮ ਤੱਕ ਪਹੁੰਚ ਰੋਕ ਦਿੱਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਇਹ ਸਮਾਂ ਇਸ ਲਈ ਦਿੱਤਾ ਜਾ ਰਿਹਾ ਹੈ ਤਾਂ ਕਿ ਨਾਬਾਲਗ ਆਪਣੀ ਕਾਂਟੈਕਟ ਲਿਸਟ, ਫੋਟੋ ਅਤੇ ਯਾਦਾਂ ਨੂੰ ਸੁਰੱਖਿਅਤ ਕਰ ਸਕਣ। ਕੰਪਨੀ ਦਾ ਅਨੁਮਾਨ ਹੈ ਕਿ ਇੰਸਟਾਗ੍ਰਾਮ 'ਤੇ 13 ਤੋਂ 15 ਸਾਲਾਂ ਦੇ ਲਗਭਗ 3.5 ਲੱਖ ਅਤੇ ਫੇਸਬੁੱਕ 'ਤੇ 1.5  ਲੱਖ ਆਸਟ੍ਰੇਲੀਆ ਉਪਯੋਗਕਰਤਾ ਮੌਜੂਦ ਹਨ।

ਮੇਟਾ ਨੇ ਇਹ ਵੀ ਸਪੱਸ਼ਟ ਕੀਤਾ ਕਿ 16 ਸਾਲ ਤੋਂ ਵੱਧ ਉਮਰ ਵਾਲੇ ਉਪਯੋਗਕਰਤਾ ਜੇਕਰ ਗਲਤੀ ਨਾਲ ਨੋਟਿਸ ਪਾਉਂਦੇ ਹਨ ਤਾਂ ਉਹ ਸਰਕਾਰੀ ਦਸਤਾਵੇਜ਼ ਜਾਂ ਵੀਡੀਓ ਸੈਲਫੀ ਦੇ ਜ਼ਰੀਏ ਆਪਣੀ ਉਮਰ ਪ੍ਰਮਾਣਿਤ ਕਰ ਸਕਦੇ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਬੱਚਿਆਂ ਦੀ ਆਨਲਾਈਨ ਸੁਰੱਖਿਆ ਦੇ ਲਈ ਜ਼ਰੂਰੀ ਹੈ ਤੇ ਸਾਰੇ ਵੱਡੇ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਇੰਸਟਾਗ੍ਰਾਮ, ਥ੍ਰੈਡਸ, ਸਨੈਪਚੈਟ, ਟਿਕਟਾਕ, ਐਕਸ ਅਤੇ ਯੂ-ਟਿਊਬ ਨੂੰ ਇਸਦਾ ਪਾਲਣ ਕਰਨਾ ਹੋਵੇਗਾ।


author

DILSHER

Content Editor

Related News