ਦਵਾਈਆਂ ਦੇ ਮੁੱਲ ''ਚ 99 ਫੀਸਦੀ ਤੱਕ ਦਾ ਭਾਰੀ ਵਾਧਾ ! ਗੁਆਂਢੀ ਮੁਲਕ ''ਚ ਮਚੀ ਹਾਹਾਕਾਰ

Tuesday, Nov 24, 2026 - 03:00 PM (IST)

ਦਵਾਈਆਂ ਦੇ ਮੁੱਲ ''ਚ 99 ਫੀਸਦੀ ਤੱਕ ਦਾ ਭਾਰੀ ਵਾਧਾ ! ਗੁਆਂਢੀ ਮੁਲਕ ''ਚ ਮਚੀ ਹਾਹਾਕਾਰ

ਇਸਲਾਮਾਬਾਦ (ਏਐੱਨਆਈ): ਪਾਕਿਸਤਾਨ ਵਿੱਚ ਸਰਕਾਰ ਦੁਆਰਾ ਡੀ-ਰੈਗੂਲੇਸ਼ਨ ਨੀਤੀ ਹਟਾਉਣ ਤੋਂ ਬਾਅਦ ਦਵਾਈਆਂ ਦੀਆਂ ਕੀਮਤਾਂ ਵਿੱਚ 99 ਫੀਸਦੀ ਤੋਂ ਵੀ ਜ਼ਿਆਦਾ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ। 'ਕੰਪਟੀਸ਼ਨ ਕਮਿਸ਼ਨ ਆਫ਼ ਪਾਕਿਸਤਾਨ' (CCP) ਦੁਆਰਾ ਕੀਤੇ ਗਏ ਇੱਕ ਅਧਿਐਨ ਅਨੁਸਾਰ ਗੈਰ-ਜ਼ਰੂਰੀ ਦਵਾਈਆਂ ਤੋਂ ਸਰਕਾਰੀ ਕੰਟਰੋਲ ਹਟਾਉਣ ਤੋਂ ਬਾਅਦ ਫਾਰਮਾਸਿਊਟੀਕਲ ਕੰਪਨੀਆਂ ਨੇ ਕਈ ਜ਼ਰੂਰੀ ਦਵਾਈਆਂ ਦੇ ਮੁੱਲ ਵਿੱਚ ਅਪ੍ਰਤੱਖ ਵਾਧਾ ਕਰ ਦਿੱਤਾ ਹੈ, ਜਿਸ ਨਾਲ ਆਮ ਜਨਤਾ 'ਤੇ ਮਹਿੰਗਾਈ ਦੀ ਭਾਰੀ ਮਾਰ ਪੈ ਰਹੀ ਹੈ।

ਸੀ.ਸੀ.ਪੀ. ਦੀ ਰਿਪੋਰਟ 'ਦਿ ਐਕਸਪ੍ਰੈਸ ਟ੍ਰਿਬਿਊਨ' ਦੇ ਹਵਾਲੇ ਨਾਲ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸਭ ਤੋਂ ਵੱਧ ਵਾਧਾ ਅੱਖਾਂ ਦੇ ਇਲਾਜ ਦੀਆਂ ਦਵਾਈਆਂ ਵਿੱਚ 99.3 ਫੀਸਦੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਮੜੀ ਸਬੰਧੀ ਦਵਾਈਆਂ ਦੀਆਂ ਕੀਮਤਾਂ ਵਿਚ 77.9 ਫੀਸਦੀ ਵਾਧਾ, ਮਿਨਰਲਸ ਅਤੇ ਮਲਟੀਵਿਟਾਮਿਨ ਵਿਚ 64.8 ਫੀਸਦੀ ਵਾਧਾ, ਨਿਊਰੋਲੋਜੀ ਅਤੇ ਸਾਈਕਾਇਟਰੀ ਦੀਆਂ ਦਵਾਈਆਂ ਵਿਚ 24.7 ਫੀਸਦੀ ਵਾਧਾ, ਸ਼ੂਗਰ (ਡਾਇਬਟੀਜ਼) ਤੇ ਐਂਡੋਕ੍ਰਿਨੋਲੋਜੀ ਦਵਾਈਆਂ ਦੀਆਂ ਕੀਮਤਾਂ ਵਿਚ 23.6 ਫੀਸਦੀ ਵਾਧਾ, ਫਰਟੀਲਿਟੀ ਦਵਾਈਆਂ ਵਿਚ 7.5 ਫੀਸਦੀ ਵਾਧਾ ਦੇਖਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  ਪਾਕਿਸਤਾਨੀ ਨਾਗਰਿਕ ਬਣਿਆ ਚੀਨ ਦੇ ਪੁਲਾੜ ਸਟੇਸ਼ਨ 'ਤੇ ਪਹੁੰਚਣ ਵਾਲਾ ਪਹਿਲਾ ਵਿਦੇਸ਼ੀ ਪੁਲਾੜ ਯਾਤਰੀ

'ਡੀ-ਰੈਗੂਲੇਸ਼ਨ ਐਂਡ ਇਟਸ ਇਮਪੈਕਟ ਆਨ ਫਾਰਮਾਸਿਊਟੀਕਲ ਪ੍ਰਾਈਸਿਜ਼ ਇਨ ਪਾਕਿਸਤਾਨ: ਐਨ ਐਮਪੀਰੀਕਲ ਇਨਵੈਸਟੀਗੇਸ਼ਨ ਫ੍ਰੌਮ 2023-26' ' (Deregulation and its Impact on Pharmaceutical Prices in Pakistan: An Empirical Investigation from 2023-26) ਸਿਰਲੇਖ ਵਾਲੀ ਇਸ ਰਿਪੋਰਟ ਵਿੱਚ 822 ਗੈਰ-ਜ਼ਰੂਰੀ ਦਵਾਈਆਂ ਦੀ ਜਾਂਚ ਕੀਤੀ ਗਈ। ਜਾਂਚ ਕੀਤੀਆਂ 85.6 ਫੀਸਦੀ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਸਿਰਫ਼ 14 ਫੀਸਦੀ ਦਵਾਈਆਂ ਦੀਆਂ ਕੀਮਤਾਂ ਸਥਿਰ ਰਹੀਆਂ ਅਤੇ ਮਾਤਰ 0.2 ਫੀਸਦੀ ਵਿੱਚ ਹੀ ਕਮੀ ਆਈ। 257 ਉਤਪਾਦਾਂ ਦੀਆਂ ਕੀਮਤਾਂ 50 ਫੀਸਦੀ ਤੋਂ ਵੱਧ ਵਧੀਆਂ, ਜਦਕਿ 63 ਦਵਾਈਆਂ ਦੇ ਭਾਅ 100 ਫੀਸਦੀ ਤੋਂ ਵੀ ਜ਼ਿਆਦਾ ਵਧ ਗਏ।

ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ ਲਗਭਗ 690 ਦੇਸੀ ਅਤੇ ਬਹੁ-ਰਾਸ਼ਟਰੀ ਫਾਰਮਾਸਿਊਟੀਕਲ ਕੰਪਨੀਆਂ ਸਰਗਰਮ ਹਨ। ਭਾਵੇਂ ਦੇਸ਼ ਵਿੱਚ 85 ਫੀਸਦੀ ਤਿਆਰ ਦਵਾਈਆਂ ਦਾ ਨਿਰਮਾਣ ਸਥਾਨਕ ਪੱਧਰ 'ਤੇ ਹੁੰਦਾ ਹੈ, ਪਰ ਇਨ੍ਹਾਂ ਲਈ 95 ਫੀਸਦੀ ਕੱਚਾ ਮਾਲ ਦੂਜੇ ਦੇਸ਼ਾਂ ਤੋਂ ਆਯਾਤ ਕੀਤਾ ਜਾਂਦਾ ਹੈ। ਸਰਕਾਰ ਨੇ ਫਰਵਰੀ 2024 ਵਿੱਚ ਗੈਰ-ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਤੋਂ ਕੰਟਰੋਲ ਹਟਾ ਕੇ ਕੰਪਨੀਆਂ ਨੂੰ ਬਾਜ਼ਾਰ ਅਨੁਸਾਰ ਕੀਮਤਾਂ ਤੈਅ ਕਰਨ ਦੀ ਛੋਟ ਦਿੱਤੀ ਸੀ। ਕਮਿਸ਼ਨ ਨੇ ਨੀਤੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਬਾਜ਼ਾਰ ਦੀ ਨਿਗਰਾਨੀ ਸਖ਼ਤ ਕਰਨ, ਬਿਨਾਂ ਵਜ੍ਹਾ ਰੇਟ ਵਧਾਉਣ ਵਾਲੀਆਂ ਕੰਪਨੀਆਂ ਦੀ ਜਾਂਚ ਕਰਨ ਅਤੇ ਪਾਰਦਰਸ਼ਤਾ ਲਈ ਇੱਕ ਜਨਤਕ ਡਾਟਾਬੇਸ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ ਤਾਂ ਜੋ ਉਪਭੋਗਤਾ ਕੀਮਤਾਂ 'ਤੇ ਨਜ਼ਰ ਰੱਖ ਸਕਣ। ਇਹ ਨਤੀਜੇ ਪਾਕਿਸਤਾਨ ਵਿੱਚ ਦਵਾਈਆਂ ਦੇ ਖਰਚੇ ਨੂੰ ਲੈ ਕੇ ਵਧ ਰਹੀ ਚਿੰਤਾ ਨੂੰ ਉਜਾਗਰ ਕਰਦੇ ਹਨ, ਜਿੱਥੇ ਆਬਾਦੀ ਦਾ ਇੱਕ ਵੱਡਾ ਹਿੱਸਾ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਅਤੇ ਵਧਦੀ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News