ਲੰਡਨ ‘ਚ ਮੈਰਾਥਨ ਦੌੜਾਕ ਜਗਜੀਤ ਸਿੰਘ ਹਫਰਨਮੌਲਾ ਦਾ PM ਨਿਵਾਸ ''ਚ ਸਨਮਾਨ
Thursday, Apr 09, 2026 - 07:48 PM (IST)
ਲੰਡਨ (ਸਰਬਜੀਤ ਸਿੰਘ ਬਨੂੜ) : ਸਥਾਨਕ ਪੰਜਾਬੀ ਭਾਈਚਾਰੇ ਦੇ ਪ੍ਰਮੁੱਖ ਮੈਂਬਰ ਮੈਰਾਥਨ ਦੌੜਾਕ ਤੇ ਕੌਂਸਲਰ ਜਗਜੀਤ ਸਿੰਘ ਹਫਰਨਮੌਲਾ ਨੂੰ ਬ੍ਰਿਟਿਸ਼ ਸੰਸਦ ਮੈਂਬਰਾਂ ਵੱਲੋਂ ਵਿਸ਼ੇਸ਼ ਸੱਦੇ ‘ਤੇ ਪ੍ਰਧਾਨ ਮੰਤਰੀ ਨਿਵਾਸ 'ਤੇ ਸਨਮਾਨਿਤ ਤੇ ਇਤਿਹਾਸਕ ਸਥਾਨ ਦਾ ਦੌਰਾ ਕਰਨ ਦਾ ਮੌਕਾ ਮਿਲਿਆ, ਜਿੱਥੇ ਉਨ੍ਹਾਂ ਨੇ ਯੂਕੇ ਦੀ ਰਾਜਨੀਤਿਕ ਵਿਰਾਸਤ ਨੂੰ ਨੇੜੇ ਤੋਂ ਮਹਿਸੂਸ ਕੀਤਾ।
'ਜਗਬਾਣੀ' ਨਾਲ ਗੱਲਬਾਤ ਕਰਦਿਆਂ ਕੌਂਸਲਰ ਜਗਜੀਤ ਸਿੰਘ ਹਫਰਨਮੌਲਾ ਨੇ ਆਖਿਆ ਕਿ ਇਹ ਪਹਿਲਾ ਮੌਕਾ ਸੀ ਜਦੋਂ ਪ੍ਰਧਾਨ ਮੰਤਰੀ ਦੇ ਦਫ਼ਤਰ, ਕੈਬਿਨੇਟ ਰੂਮ ਅਤੇ ਪ੍ਰਸਿੱਧ ਕਾਲੇ ਦਰਵਾਜ਼ੇ ਵਾਲੇ ਇਲਾਕੇ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ। ਬਾਹਰੋਂ ਸਧਾਰਣ ਦਿੱਖ ਵਾਲੀ ਇਹ ਇਮਾਰਤ ਅੰਦਰੋਂ ਇਤਿਹਾਸ ਅਤੇ ਅਹਿਮ ਫੈਸਲਿਆਂ ਦੀ ਗਵਾਹ ਹੈ, ਜਿਸ ਨੇ ਜਗਜੀਤ ਸਿੰਘ ‘ਤੇ ਡੂੰਘਾ ਪ੍ਰਭਾਵ ਛੱਡਿਆ।
ਇਸਦੇ ਨਾਲ ਹੀ, ਖੇਡ ਮੈਦਾਨ ਵਿੱਚ ਵੀ ਜਗਜੀਤ ਸਿੰਘ ਇੱਕ ਵੱਡੀ ਉਪਲਬਧੀ ਵੱਲ ਵਧ ਰਹੇ ਹਨ। ਉਹ ਜਲਦ ਹੀ ਅਪ੍ਰੈਲ ਮਹੀਨੇ ਲੰਡਨ ਮੈਰਾਥਨ ਵਿੱਚ ਆਪਣੀ 600ਵੀਂ ਦੌੜ ਵਿੱਚ ਭਾਗ ਲੈਣ ਜਾ ਰਹੇ ਹਨ। ਮੈਰਾਥਨ ਦੌੜਾਕ ਤੇ ਕੌਂਸਲਰ ਜਗਜੀਤ ਸਿੰਘ ਹਫਰਨਮੌਲਾ ਪਿਛਲੇ ਕਈ ਸਾਲਾਂ ਤੋਂ ਲੰਬੀ ਦੂਰੀ ਦੀਆਂ ਦੌੜਾਂ ਵਿੱਚ ਸਰਗਰਮ ਹਨ ਅਤੇ ਉਨ੍ਹਾਂ ਦੀ ਇਹ 600ਵੀਂ ਦੌੜ ਉਨ੍ਹਾਂ ਦੀ ਲਗਨ, ਅਨੁਸ਼ਾਸਨ ਅਤੇ ਸਿਹਤ ਪ੍ਰਤੀ ਵਚਨਬੱਧਤਾ ਦਾ ਵੱਡਾ ਪ੍ਰਤੀਕ ਮੰਨੀ ਜਾ ਰਹੀ ਹੈ।
ਜ਼ਿਲ੍ਹਾ ਜਲੰਧਰ ਦੇ ਪਿੰਡ ਹਫਰਨਮੌਲਾ ਦੇ ਕੌਂਸਲਰ ਜਗਜੀਤ ਸਿੰਘ ਨੂੰ ਪੰਜਾਬੀ ਭਾਈਚਾਰੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਕੌਮ ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਇੱਕ ਪਾਸੇ ਰਾਜਨੀਤਿਕ ਇਤਿਹਾਸ ਨਾਲ ਜੁੜਨ ਦਾ ਮੌਕਾ ਅਤੇ ਦੂਜੇ ਪਾਸੇ ਖੇਡ ਮੈਦਾਨ ਵਿੱਚ ਨਵਾਂ ਮੀਲ ਪੱਥਰ ਜਗਜੀਤ ਸਿੰਘ ਲਈ ਇਹ ਸਮਾਂ ਦੋਹਰੀ ਕਾਮਯਾਬੀ ਅਤੇ ਮਾਣ ਦਾ ਪ੍ਰਤੀਕ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
