ਗੁਰਮਤਿ ਵਿਦਿਆਲਾ ਬ੍ਰਿਸਬੇਨ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ

Monday, Feb 24, 2025 - 12:30 PM (IST)

ਗੁਰਮਤਿ ਵਿਦਿਆਲਾ ਬ੍ਰਿਸਬੇਨ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਗੁਰਮਤਿ ਵਿਦਿਆਲਾ ਬ੍ਰਿਸਬੇਨ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਲਾਨਾ ਬਾਲ ਸਭਾ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਵੱਲੋਂ ਕਵਿਤਾਵਾਂ, ਕਹਾਣੀਆਂ ਅਤੇ ਵਿਚਾਰ ਪੇਸ਼ ਕੀਤੇ ਗਏ। ਸਭਾ ਵਿੱਚ ਪੰਜਾਬੀ ਭਾਸ਼ਾ ਦੀ ਮਹੱਤਤਾ ਅਤੇ ਇਸ ਨਾਲ ਜੁੜੇ ਰਹਿਣ ਦੇ ਤਰੀਕੇ ਵੀ ਸਾਂਝੇ ਕੀਤੇ ਗਏ। ਬੱਚੀ ਗੁਰਦਇਆ ਕੌਰ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਕਵਿਤਾ ਸੁਣਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਨਾਲ ਹੀ ਸਤਿਕਾਰ ਕੌਰ ਨੇ ਪੰਜਾਬੀ ਭਾਸ਼ਾ ਦੇ ਕਈ ਸ਼ਬਦਾਂ ਨੂੰ ਅੰਗਰੇਜ਼ੀ ਦੇ ਸ਼ਬਦਾਂ ਨੇ ਕਿਸ ਤਰਾਂ ਖਤਮ ਕਰ ਦਿੱਤਾ ਹੈ, ਬਾਰੇ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਸੋਚੀਂ ਪਾ ਦਿੱਤਾ। ਹਰਗੀਤ ਕੌਰ ਨੇ ਮਾਂ ਬੋਲੀ ਨੂੰ ਵਿਸਾਰਨ ਦੇ ਘਾਤਕ ਨੁਕਸਾਨਾਂ ਬਾਰੇ ਹਾਜ਼ਰੀਨ ਨੂੰ ਦੱਸਿਆ ਅਤੇ ਉਨ੍ਹਾਂ ਤੋਂ ਬਚਣ ਲਈ ਕੀਮਤੀ ਸਲਾਹਾਂ ਦਿੱਤੀਆਂ। 

PunjabKesari

ਇਸ ਮੌਕੇ ਵਿਸ਼ੇਸ਼ ਤੌਰ 'ਤੇ ਕਮਲਜੀਤ ਕੌਰ ਜੀ ਡਾਇਰੈਕਟਰ ਨਿਸ਼ਕਾਮ ਸੋਸਾਇਟੀ ਆਫ ਆਸਟ੍ਰੇਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਸਟ੍ਰੇਲੀਆ ਵਿਚਲੇ ਵੋਟਿੰਗ ਸਿਸਟਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਵੋਟ ਦੀ ਕਿੰਨੀ ਅਹਿਮੀਅਤ ਹੈ ਅਤੇ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਬੈਲਟ ਪੇਪਰ ਭਰ ਕੇ ਆਪਣੀ ਵੋਟ ਨੂੰ ਖਾਰਜ ਹੋਣ ਤੋਂ ਬਚਾਅ ਸਕਦੇ ਹਾਂ। ਇਸ ਦੇ ਨਾਲ-ਨਾਲ ਸਲਾਨਾ ਹੀਰਾ ਸਿੰਘ ਰਾਗੀ ਗੁਰਮਤਿ ਸੰਗੀਤ ਮੁਕਾਬਲੇ ਵਿੱਚ ਉੱਚੇ ਦਰਜੇ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਜਸਨੂਰ ਕੌਰ, ਸਗਲ ਕੌਰ ਸਿੱਧੂ, ਮਨੀਕ ਸਹਿਜ ਕੌਰ, ਸੀਰਤ ਕੌਰ ਗਰੇਵਾਲ, ਸਮਲੀਨ ਕੌਰ, ਅਵਲੀਨ ਕੌਰ ਅਤੇ ਏਕਨੂਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਸਭਾ ਦੀ ਸਮਾਪਤੀ ਤੇ ਬੁਲਾਰਿਆਂ ਅਤੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

PunjabKesari


author

cherry

Content Editor

Related News